ਐੱਮਆਰ ਸਿਟੀ ਸਕੂਲ ਨੇ ਵਿਦਿਅਕ ਮੁਕਾਬਲਿਆਂ ਵਿੱਚ ਮਾਰੀਆਂ ਮੱਲਾਂ
ਗੁਰਦੇਵ ਸਿੰਘ ਗਹੂੰਣ
ਬਲਾਚੌਰ, 4 ਅਗਸਤ
ਭਾਸ਼ਾ ਵਿਭਾਗ ਪੰਜਾਬ ਵਲੋਂ ਜ਼ਿਲ੍ਹਾ ਪੱਧਰੀ ਸਾਹਿਤ ਸਿਰਜਣ ਤੇ ਕਵਿਤਾ ਗਾਇਨ ਮੁਕਾਬਲੇ ਕਰਵਾਏ ਗਏ, ਜਿਨ੍ਹਾਂ ਵਿੱਚ ਐੱਮ.ਆਰ.ਸਿਟੀ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਬਲਾਚੌਰ ਦੇ ਵਿਦਿਆਰਥੀਆਂ ਨੇ ਵਿਸ਼ੇਸ਼ ਉਪਲੱਬਧੀਆਂ ਹਾਸਲ ਕੀਤੀਆਂ। ਇਨ੍ਹਾਂ ਮੁਕਾਬਲਿਆਂ ਵਿੱਚ ਕਵਿਤਾ ਰਚਨਾ, ਲੇਖ ਰਚਨਾ ਅਤੇ ਕਹਾਣੀ ਰਚਨਾ ਆਦਿ ਮੁਕਾਬਲੇ ਕਰਵਾਏ ਗਏ, ਜਿਨ੍ਹਾਂ ਵਿੱਚ ਸਰਕਾਰੀ ਅਤੇ ਪ੍ਰਾਈਵੇਟ ਸਕੂਲਾਂ ਦੇ 150 ਤੋਂ ਵੱਧ ਵਿਦਿਆਰਥੀਆਂ ਨੇ ਭਾਗ ਲਿਆ। ਇਨ੍ਹਾਂ ਮੁਕਾਬਲਿਆਂ ਵਿੱਚ ਐੱਮ.ਆਰ.ਸਿਟੀ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਬਲਾਚੌਰ ਦੇ ਦਸਵੀਂ ਜਮਾਤ ਦੇ ਵਿਦਿਆਰਥੀ ਗੁਰਸ਼ਰਨ ਸਿੰਘ ਨੇ ਕਵਿਤਾ ਗਾਇਨ ਮੁਕਾਬਲੇ ਵਿੱਚ ਪਹਿਲਾ ਸਥਾਨ ਪ੍ਰਾਪਤ ਕੀਤਾ ਅਤੇ ਸੂਬਾ ਪੱਧਰ ’ਤੇ ਹੋਣ ਵਾਲੇ ਮੁਕਾਬਲਿਆਂ ਲਈ ਕੁਆਲੀਫਾਈ ਕੀਤਾ। ਕਹਾਣੀ ਲੇਖਣ ਵਿਚ ਦਸਵੀਂ ਜਮਾਤ ਦੀ ਵਿਦਿਆਰਥਣ ਨਵਜੋਤ ਨੇ ਦੂਸਰਾ ਸਥਾਨ ਪ੍ਰਾਪਤ ਕੀਤਾ, ਲੇਖ ਲੇਖਣ ਪ੍ਰਤੀਯੋਗਤਾ ਵਿਚ ਦਸਵੀਂ ਦੀ ਵਿਦਿਆਰਥਣ ਅਰਪਣ ਨੇ ਤੀਸਰਾ ਸਥਾਨ ਪ੍ਰਾਪਤ ਕੀਤਾ।
ਐੱਮ.ਆਰ.ਸਿਟੀ ਸਕੂਲ ਬਲਾਚੌਰ ਦੇ ਵਿਦਿਆਰਥੀਆਂ ਨੇ ਜ਼ਿਲ੍ਹਾ ਪੱਧਰੀ ਮੁਕਾਬਲਿਆਂ ਵਿੱਚ ਜਿੱਤ ਹਾਸਲ ਕਰਕੇ ਆਪਣੇ ਸਕੂਲ ਤੇ ਆਪਣੇ ਮਾਪਿਆਂ ਦਾ ਨਾਂ ਰੌਸ਼ਨ ਕੀਤਾ। ਸਕੂਲ ਦੇ ਚੇਅਰਮੈਨ ਰਾਮਜੀ ਦਾਸ ਭੂੰਬਲਾ ਅਤੇ ਪ੍ਰਿੰਸੀਪਲ ਰਿਤੂ ਬੱਤਰਾ ਨੇ ਵਿਦਿਆਰਥੀਆਂ ਦੀ ਇਸ ਵਿਸ਼ੇਸ਼ ਉਪਲਬਧੀ ਲਈ ਉਨ੍ਹਾਂ ਨੂੰ ਸ਼ਲਾਘਾ ਕੀਤੀ।