ਹਮੇਸ਼ਾ ਵਿਰੋਧੀ ਧਿਰ ਵਿੱਚ ਹੀ ਬੈਠਦੇ ਰਹੇ ਨੇ ਫਰੀਦਕੋਟ ਦੇ ਸੰਸਦ ਮੈਂਬਰ
ਜਸਵੰਤ ਜੱਸ
ਫਰੀਦਕੋਟ, 6 ਜੂਨ
ਪਿਛਲੇ ਦੋ ਦਹਾਕਿਆਂ ਤੋਂ ਫਰੀਦਕੋਟ ਲੋਕ ਸਭਾ ਤੋਂ ਚੋਣ ਜਿੱਤਣ ਵਾਲੇ ਸੰਸਦ ਮੈਂਬਰ ਵਿਰੋਧੀ ਧਿਰ ਵਿੱਚ ਹੀ ਬੈਠਦੇ ਰਹੇ ਹਨ ਜਿਸ ਕਰਕੇ ਉਹ ਹਲਕੇ ਵਿੱਚ ਆਪਣੇ ਚੋਣ ਵਾਅਦੇ ਪੂਰੇ ਨਹੀਂ ਕਰ ਸਕੇ। ਸੂਚਨਾ ਅਨੁਸਾਰ ਸਾਲ 2004 ਵਿੱਚ ਗੁਲਸ਼ਨ ਕੌਰ ਫਰੀਦਕੋਟ ਲੋਕ ਸਭਾ ਹਲਕੇ ਤੋਂ ਸੰਸਦ ਮੈਂਬਰ ਸਨ ਪ੍ਰੰਤੂ ਉਸ ਸਮੇਂ ਕੇਂਦਰ ਵਿੱਚ ਮਨਮੋਹਨ ਸਿੰਘ ਦੀ ਕਾਂਗਰਸ ਸਰਕਾਰ ਬਣ ਗਈ ਸੀ। ਸਾਲ 2009 ਵਿੱਚ ਬੀਬੀ ਗੁਲਸ਼ਨ ਫਰੀਦਕੋਟ ਤੋਂ ਦੁਬਾਰਾ ਸੰਸਦ ਮੈਂਬਰ ਬਣੇ ਅਤੇ ਕੇਂਦਰ ਵਿੱਚ ਵੀ ਮੁੜ ਕਾਂਗਰਸ ਦੀ ਸਰਕਾਰ ਆ ਗਈ ਜਿਸ ਕਰਕੇ ਬੀਬੀ ਗੁਲਸ਼ਨ ਨੂੰ ਵਿਰੋਧੀ ਧਿਰ ਵਿੱਚ ਹੀ ਬੈਠਣਾ ਪਿਆ। ਸਾਲ 2014 ਵਿੱਚ ਫਰੀਦਕੋਟ ਦੇ ਲੋਕਾਂ ਨੇ ਆਪ ਉਮੀਦਵਾਰ ਪ੍ਰੋਫੈਸਰ ਸਾਧੂ ਸਿੰਘ ਨੂੰ ਫਰੀਦਕੋਟ ਦਾ ਸੰਸਦ ਮੈਂਬਰ ਬਣਾਇਆ ਪ੍ਰੰਤੂ ਕੇਂਦਰ ਵਿੱਚ ਮੋਦੀ ਸਰਕਾਰ ਆ ਗਈ ਜਿਸ ਕਰਕੇ ਪ੍ਰੋ. ਸਾਧੂ ਸਿੰਘ ਨੂੰ ਵਿਰੋਧੀ ਧਿਰ ਵਿੱਚ ਹੀ ਬੈਠਣਾ ਪਿਆ। ਸਾਲ 2019 ਵਿੱਚ ਫਰੀਦਕੋਟ ਦੇ ਲੋਕਾਂ ਨੇ ਪ੍ਰਸਿੱਧ ਪੰਜਾਬੀ ਗਾਇਕ ਮੁਹੰਮਦ ਸਦੀਕ ਨੂੰ ਫਰੀਦਕੋਟ ਦਾ ਕਾਂਗਰਸ ਪਾਰਟੀ ਦੀ ਟਿਕਟ ਤੋਂ ਸੰਸਦ ਮੈਂਬਰ ਬਣਾਇਆ ਪ੍ਰੰਤੂ ਕੇਂਦਰ ਵਿੱਚ ਭਾਜਪਾ ਦੀ ਸਰਕਾਰ ਆ ਗਈ ਜਿਸ ਕਰਕੇ ਮੁਹੰਮਦ ਸਦੀਕ ਲੋਕਾਂ ਨਾਲ ਕੀਤੇ ਬਹੁਤੇ ਵਾਅਦੇ ਪੂਰੇ ਨਹੀਂ ਕਰ ਸਕੇ। ਇਸ ਵਾਰ ਫਰੀਦਕੋਟ ਦੇ ਵੋਟਰਾਂ ਨੇ ਆਜ਼ਾਦ ਉਮੀਦਵਾਰ ਭਾਈ ਸਰਬਜੀਤ ਸਿੰਘ ਨੂੰ ਆਪਣਾ ਸੰਸਦ ਚੁਣਿਆ ਹੈ ਪ੍ਰੰਤੂ ਕੇਂਦਰ ਵਿੱਚ ਅਜਿਹੀਆਂ ਪਾਰਟੀਆਂ ਦੀ ਸਰਕਾਰ ਬਣਨ ਜਾ ਰਹੀ ਹੈ ਜਿਨ੍ਹਾਂ ਨਾਲ ਆਜ਼ਾਦ ਸੰਸਦ ਮੈਂਬਰ ਭਾਈ ਸਰਬਜੀਤ ਸਿੰਘ ਦਾ ਕੋਈ ਸਬੰਧ ਨਹੀਂ ਹੈ ਅਤੇ ਭਾਈ ਸਰਬਜੀਤ ਸਿੰਘ ਨੂੰ ਵੀ ਵਿਰੋਧੀ ਧਿਰ ਵਿੱਚ ਹੀ ਬੈਠਣਾ ਪਵੇਗਾ। ਕਾਂਗਰਸੀ ਆਗੂ ਦਰਸ਼ਨ ਸਿੰਘ ਢਿਲਵਾਂ ਨੇ ਕਿਹਾ ਕਿ ਫਰੀਦਕੋਟ ਲੋਕ ਸਭਾ ਹਲਕੇ ਦੀ ਇਹ ਤਰਾਸਦੀ ਰਹੀ ਹੈ ਕਿ ਇਥੋਂ ਦੇ ਸੰਸਦ ਮੈਂਬਰ ਨੂੰ ਕਦੀ ਵੀ ਸਰਕਾਰ ਦਾ ਹਿੱਸਾ ਬਣਨ ਦਾ ਮੌਕਾ ਨਹੀਂ ਮਿਲਿਆ। ਇਸੇ ਕਰਕੇ ਕੇਂਦਰ ਸਰਕਾਰ ਦੇ ਪ੍ਰਾਜੈਕਟ ਫਰੀਦਕੋਟ ਲੋਕ ਸਭਾ ਹਲਕੇ ਵਿੱਚ ਨਹੀਂ ਪਹੁੰਚ ਸਕੇ ਜਿਸ ਕਰਕੇ ਇੱਥੇ ਨੌਜਵਾਨਾਂ ਨੂੰ ਸਭ ਤੋਂ ਵੱਧ ਬੇਰੁਜ਼ਗਾਰੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਭਾਈ ਸਰਬਜੀਤ ਸਿੰਘ ਨੇ ਕਿਹਾ ਕਿ ਸੰਸਦ ਮੈਂਬਰ ਸਰਕਾਰ ਵਿੱਚ ਹੋਵੇ, ਭਾਵੇਂ ਵਿਰੋਧੀ ਧਿਰ ਵਿੱਚ ਉਸਦੇ ਹਲਕੇ ਦਾ ਵਿਕਾਸ ਬਿਨਾਂ ਕਿਸੇ ਭੇਦਭਾਵ ਤੋਂ ਕਰਨਾ ਚਾਹੀਦਾ ਹੈ ਤਾਂ ਜੋ ਸੰਸਦ ਲੋਕਾਂ ਨਾਲ ਕੀਤੇ ਵਾਅਦੇ ਪੰਜ ਸਾਲਾਂ ਵਿੱਚ ਪੂਰੇ ਕੀਤੇ ਜਾ ਸਕਣ। ਤਿੰਨ ਦਹਾਕੇ ਪਹਿਲਾਂ ਸੁਖਬੀਰ ਸਿੰਘ ਬਾਦਲ ਫਰੀਦਕੋਟ ਦੇ ਸੰਸਦ ਮੈਂਬਰ ਸਨ ਉਦੋਂ ਕੇਂਦਰ ਵਿੱਚ ਵਾਜਪਾਈ ਦੀ ਸਰਕਾਰ ਬਣੀ ਸੀ। ਸੁਖਬੀਰ ਸਿੰਘ ਬਾਦਲ ਨੇ ਕੇਂਦਰ ਸਰਕਾਰ ਵਿੱਚ ਮੰਤਰੀ ਬਣ ਕੇ ਫਰੀਦਕੋਟ ਲੋਕ ਸਭਾ ਹਲਕੇ ਦੇ ਅੱਧੀ ਦਰਜਨ ਦੇ ਕਰੀਬ ਕੇਂਦਰੀ ਪ੍ਰੋਜੈਕਟ ਲਿਆਂਦੇ ਸਨ ਪ੍ਰੰਤੂ ਫਰੀਦਕੋਟ ਲੋਕ ਸਭਾ ਹਲਕਾ 2004 ਵਿੱਚ ਰਾਖਵਾਂ ਹੋ ਗਿਆ ਅਤੇ ਉਹ ਫਰੀਦਕੋਟ ਛੱਡ ਕੇ ਬਠਿੰਡਾ ਚਲੇ ਗਏ ਸਨ।
‘ਕਿਸੇ ਵੀ ਧਿਰ ਨੂੰ ਸਮਰਥਨ ਦੇਣ ਦਾ ਅਜੇ ਕੋਈ ਫ਼ੈਸਲਾ ਨਹੀਂ ਕੀਤਾ:’
ਫਰੀਦਕੋਟ: ਫਰੀਦਕੋਟ ਤੋਂ ਆਜ਼ਾਦ ਚੋਣ ਜਿੱਤੇ ਭਾਈ ਸਰਬਜੀਤ ਸਿੰਘ ਨੇ ਅੱਜ ਐਲਾਨ ਕੀਤਾ ਕਿ ਉਹ ਕੇਂਦਰ ਵਿੱਚ ਕਿਸੇ ਵੀ ਪਾਰਟੀ ਨੂੰ ਸਰਕਾਰ ਬਣਾਉਣ ਲਈ ਸਹਿਯੋਗ ਨਹੀਂ ਦੇ ਰਹੇ ਅਤੇ ਕਿਸੇ ਵੀ ਫੈਸਲੇ ਤੋਂ ਪਹਿਲਾਂ ਉਹ ਫਰੀਦਕੋਟ ਦੇ ਸਮੁੱਚੇ ਲੋਕ ਸਭਾ ਹਲਕੇ ਦੇ ਲੋਕਾਂ ਨਾਲ ਗੱਲਬਾਤ ਕਰਨਗੇ। ਫਰੀਦਕੋਟ ਤੋਂ ਆਜ਼ਾਦ ਜਿੱਤੇ ਭਾਈ ਸਰਬਜੀਤ ਸਿੰਘ ਨੇ ਕਿਹਾ ਕਿ ਉਸ ਨੂੰ ਸਰਕਾਰ ਵਿੱਚ ਸ਼ਾਮਲ ਕਰਨ ਲਈ ਕਥਿਤ ਇੰਡੀਆ ਅਤੇ ਐਨਡੀਏ ਗਠਜੋੜ ਵੱਲੋਂ ਆਫਰਾਂ ਆਈਆਂ ਹਨ ਪਰ ਉਨ੍ਹਾਂ ਇਸ ਨੂੰ ਸਿਰੇ ਤੋਂ ਰੱਦ ਕਰ ਦਿੱਤਾ ਹੈ। ਹਾਲਾਂਕਿ ਸਰਬਜੀਤ ਸਿੰਘ ਨੇ ਐੱਨਡੀਏ ਤੇ ਇੰਡੀਆ ਗੱਠਜੋੜ ਵੱਲੋਂ ਆਈਆਂ ਆਫਰਾਂ ਬਾਰੇ ਵੇਰਵੇ ਦੇਣ ਤੋਂ ਇਨਕਾਰ ਕਰ ਦਿੱਤਾ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਦਾ ਹਿੱਸਾ ਬਣਨ ਜਾਂ ਨਾ ਬਣਨ ਬਾਰੇ ਹਲਕੇ ਦੇ ਲੋਕ ਹੀ ਫੈਸਲਾ ਕਰਨਗੇ ਅਤੇ ਹਾਲ ਦੀ ਘੜੀ ਉਨ੍ਹਾਂ ਨੇ ਕਿਸੇ ਵੀ ਪਾਰਟੀ ਨੂੰ ਸਮਰਥਨ ਦੇਣ ਤੋਂ ਸਪਸ਼ਟ ਇਨਕਾਰ ਕਰ ਦਿੱਤਾ ਹੈ।