ਸੰਸਦ ਮੈਂਬਰ ਵੱਲੋਂ ਪ੍ਰਭਾਵਿਤ ਖੇਤਰਾਂ ਦਾ ਜਾਇਜ਼ਾ
ਜਗਤਾਰ ਸਿੰਘ ਲਾਂਬਾ
ਅੰਮ੍ਰਿਤਸਰ, 2 ਮਾਰਚ
ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ ਨੇ ਸ਼ੰਕਾ ਪ੍ਰਗਟਾਈ ਹੈ ਕਿ ਇਸ ਜ਼ਿਲ੍ਹੇ ਵਿੱਚ 25 ਤੋਂ 30 ਹਜ਼ਾਰ ਏਕੜ ਰਕਬੇ ਵਿੱਚ ਫਸਲਾਂ ਨੂੰ ਗੜੇਮਾਰੀ ਕਾਰਨ ਭਾਰੀ ਨੁਕਸਾਨ ਹੋਇਆ ਹੈ। ਦੱਸਣਯੋਗ ਹੈ ਕਿ ਇਸ ਜ਼ਿਲ੍ਹੇ ਵਿਚ ਦੋ ਦਿਨ ਪਹਿਲਾਂ ਗੜੇਮਾਰੀ ਹੋਈ ਸੀ। ਸੰਸਦ ਮੈਂਬਰ ਨੇ ਅੱਜ ਜ਼ਿਲ੍ਹੇ ਦੇ ਉਨ੍ਹਾਂ ਪਿੰਡਾਂ ਦਾ ਦੌਰਾ ਕੀਤਾ ਹੈ ਜਿੱਥੇ ਗੜੇ ਪੈਣ ਕਾਰਨ ਫਸਲਾਂ ਪ੍ਰਭਾਵਿਤ ਹੋਈਆਂ ਹਨ। ਇਨ੍ਹਾਂ ਪਿੰਡਾਂ ਵਿੱਚ ਕਣਕ ਦੀ ਫਸਲ, ਸਰੋਂ ਦੀ ਫਸਲ ਅਤੇ ਹਰੇ ਚਾਰੇ ਦੀ ਫਸਲ ਦਾ ਭਾਰੀ ਨੁਕਸਾਨ ਹੋਇਆ ਹੈ।
ਸੰਸਦ ਮੈਂਬਰ ਫਤਿਹਗੜ੍ਹ ਚੂੜੀਆਂ ਰੋਡ ਵਿਖੇ ਪਿੰਡ ਮੁਰਾਦਪੁਰਾ ਤੇ ਹੋਰਨਾ ਪਿੰਡਾਂ ਵਿੱਚ ਪੁੱਜੇ ਜਿੱਥੇ ਉਨ੍ਹਾਂ ਨੇ ਦਿਖਾਇਆ ਕਿ ਖੇਤਾਂ ਵਿੱਚ ਪਏ ਗੜਿਆਂ ਕਾਰਨ ਜਿੱਥੇ ਫਸਲਾਂ ਨੂੰ ਭਾਰੀ ਨੁਕਸਾਨ ਹੋਇਆ ਹੈ ,ਉੱਥੇ ਗੜਿਆਂ ਦੇ ਕਾਰਨ ਅਜੇ ਵੀ ਬਰਫ ਜੰਮੀ ਹੋਈ ਹੈ। ਉਨ੍ਹਾਂ ਨੇ ਬਰਫ ਦੇ ਟੋਟੇ ਦਿਖਾਏ ਜੋ ਖੇਤਾਂ ਵਿੱਚ ਫਸਲਾਂ ਵਿੱਚ ਮੌਜੂਦ ਸਨ। ਫਸਲਾਂ ਦੇ ਸਿੱਟੇ ਗੜਿਆਂ ਕਾਰਨ ਹੇਠਾਂ ਡਿੱਗੇ ਹੋਏ ਹਨ। ਉਨ੍ਹਾਂ ਨੇ ਪੰਜਾਬ ਸਰਕਾਰ ਨੂੰ ਆਖਿਆ ਕਿ ਉਹ ਵਿਧਾਇਕਾਂ ਅਤੇ ਹੋਰ ਪ੍ਰਤਿਨਿਧਾਂ ਸਮੇਤ ਮੁੱਖ ਮੰਤਰੀ ਵੀ ਇਸ ਪ੍ਰਭਾਵਿਤ ਇਲਾਕੇ ਦਾ ਦੌਰਾ ਕਰਨ ਅਤੇ ਨੁਕਸਾਨ ਦਾ ਮੁਆਵਜ਼ਾ ਦਿੱਤਾ ਜਾਵੇ। ਉਨ੍ਹਾਂ ਨੇ ਕਿਹਾ ਕਿ ਅਜਨਾਲਾ ਹਲਕੇ ਤੋਂ ਬਿਆਸ ਤੱਕ ਇਸ ਖਿੱਤੇ ਦੀ ਪੱਟੀ ਪ੍ਰਭਾਵਿਤ ਹੋਈ ਹੈ।