ਸੰਸਦ ਮੈਂਬਰ ਪ੍ਰਿਆ ਸਰੋਜ ਤੇ ਕ੍ਰਿਕਟਰ ਰਿੰਕੂ ਸਿੰਘ ਦੀ ਮੰਗਣੀ 8 ਨੂੰ
ਜੈਪੁਰ, 1 ਜੂਨ
ਭਾਰਤੀ ਕ੍ਰਿਕਟ ਖਿਡਾਰੀ ਰਿੰਕੂ ਸਿੰਘ ਅਤੇ ਸਮਾਜਵਾਦੀ ਪਾਰਟੀ ਦੀ ਸੰਸਦ ਮੈਂਬਰ ਪ੍ਰਿਆ ਸਰੋਜ ਆਗਾਮੀ 8 ਜੂਨ ਨੂੰ ਲਖਨਊ ਵਿੱਚ ਮੰਗਣੀ ਕਰਵਾਉਣਗੇ। ਇਹ ਜਾਣਕਾਰੀ ਸੰਸਦ ਮੈਂਬਰ ਦੇ ਪਿਤਾ ਤੁਫਾਨੀ ਸਰੋਜ ਨੇ ਦਿੱਤੀ ਹੈ। ਇਸ ਜੋੜੀ ਦਾ ਵਿਆਹ ਇਸੇ ਸਾਲ 18 ਨਵੰਬਰ ਨੂੰ ਹੋਣਾ ਤੈਅ ਹੋਇਆ ਹੈ। ਵਿਆਹ ਦੀਆਂ ਰਸਮਾਂ ਵਾਰਾਨਸੀ ਦੇ ਤਾਜ ਹੋਟਲ ਵਿੱਚ ਹੋਣਗੀਆਂ। ਵਿਆਹ ਦਾ ਸੱਦਾ ਪੱਤਰ ਨਾਮੀ ਹਸਤੀਆਂ ਨੂੰ ਦਿੱਤਾ ਜਾਵੇਗਾ ਜਿਨ੍ਹਾਂ ’ਚ ਕ੍ਰਿਕਟ ਖਿਡਾਰੀ, ਬੌਲੀਵੁੱਡ ਹਸਤੀਆਂ, ਕਾਰੋਬਾਰੀ ਤੇ ਸਿਆਸਤਦਾਨ ਸ਼ਾਮਲ ਹਨ।
ਰਿੰਕੂ (27) ਨੇ ਭਾਰਤ ਲਈ ਪਿਛਲੇ ਸਾਲਾਂ ਦੌਰਾਨ ਦੋ ਇੱਕ ਦਿਨਾਂ ਅਤੇ 33 ਟੀ-ਟਵੰਟੀ ਮੈਚ ਖੇਡੇ ਹਨ ਅਤੇ ਉਹ ਆਈਪੀਐੱਲ ’ਚ ਕੋਲਕਾਤਾ ਨਾਈਟ ਰਾਈਡਰਜ਼ ਦਾ ਅਹਿਮ ਹਿੱਸਾ ਹੈ। ਦੂਜੇ ਪਾਸੇ 26 ਸਾਲਾ ਪ੍ਰਿਆ ਪਹਿਲੀ ਵਾਰ ਜਾਨੂਪੁਰ ਦੀ ਮੱਛਲੀ ਸ਼ਹਿਰ ਲੋਕ ਸਭਾ ਸੀਟ ਤੋਂ ਮੈਂਬਰ ਚੁਣੀ ਗਈ ਹੈ। ਰਿੰਕੂ ਤੇ ਪ੍ਰਿਆ ਪਿਛਲੇ ਕੁਝ ਸਮੇਂ ਤੋਂ ਇੱਕ-ਦੂਜੇ ਨੂੰ ਜਾਣਦੇ ਹਨ। ਜਾਣਕਾਰੀ ਅਨੁਸਾਰ ਪ੍ਰਿਆ ਦੇ ਪਿਤਾ ਸਮਾਜਵਾਦੀ ਪਾਰਟੀ ਤੋਂ ਦੋ ਵਾਰ ਲੋਕ ਸਭਾ ਮੈਂਬਰ ਰਹਿ ਚੁੱਕੇ ਹਨ। -ਪੀਟੀਆਈ