ਸੰਸਦ ਮੈਂਬਰ ਅੰਮ੍ਰਿਤਪਾਲ ਸਿੰਘ ਦੇ ਪਿਤਾ ਵੱਲੋਂ ਮਾਘੀ ਮੌਕੇ ਨਵੀਂ ਪੰਥਕ ਪਾਰਟੀ ਬਣਾਉਣ ਦਾ ਐਲਾਨ
ਜਗਤਾਰ ਸਿੰਘ ਲਾਂਬਾ
ਅੰਮ੍ਰਿਤਸਰ, 6 ਦਸੰਬਰ
ਅਸਾਮ ਦੀ ਡਿਬਰੂਗੜ੍ਹ ਜੇਲ੍ਹ ਵਿੱਚ ਬੰਦ ਸੰਸਦ ਮੈਂਬਰ ਅੰਮ੍ਰਿਤਪਾਲ ਸਿੰਘ ਦੇ ਪਿਤਾ ਤਰਸੇਮ ਸਿੰਘ ਨੇ ਮਾਘੀ ਮੌਕੇ ਮੁਕਤਸਰ ਵਿਚ ਇੱਕ ਵੱਡੀ ਕਾਨਫਰੰਸ ਕਰਕੇ ਨਵੀਂ ਪੰਥਕ ਪਾਰਟੀ ਬਣਾਉਣ ਦਾ ਐਲਾਨ ਕੀਤਾ ਹੈ। ਤਰਸੇਮ ਸਿੰਘ ਨੇ ਅੱਜ ਇਥੇ ਪ੍ਰੈੱਸ ਕਾਨਫਰੰਸ ਦੌਰਾਨ ਇਹ ਖੁਲਾਸਾ ਕੀਤਾ ਹੈ। ਉਨ੍ਹਾਂ ਦੋਸ਼ ਲਾਇਆ ਕਿ ਸਰਕਾਰ ਅਤੇ ਪ੍ਰਸ਼ਾਸਨ ਵੱਲੋਂ ਅੜਿੱਕੇ ਖੜ੍ਹੇ ਕੀਤੇ ਜਾ ਰਹੇ ਹਨ ਤਾਂ ਜੋ ਮਾਘੀ ਮੌਕੇ ਕਾਨਫਰੰਸ ਕਰਨ ਤੋਂ ਰੋਕਿਆ ਜਾ ਸਕੇ। ਉਨ੍ਹਾਂ ਕਿਹਾ ਕਿ ਇਹ ਤਜਵੀਜ਼ਤ ਕਾਨਫਰੰਸ ਕਾਨੂੰਨ ਦੇ ਘੇਰੇ ਹੇਠ ਹੈ ਅਤੇ ਇਸ ਵਿੱਚ ਕੁਝ ਵੀ ਸਰਕਾਰ ਜਾਂ ਦੇਸ਼ ਵਿਰੋਧੀ ਨਹੀਂ ਹੈ। ਕਾਨਫਰੰਸ ਵਿੱਚ ਅੰਮ੍ਰਿਤਪਾਲ ਸਿੰਘ ਦੇ ਸ਼ਾਮਲ ਹੋਣ ਦੀਆਂ ਚਰਚਾਵਾਂ ’ਤੇ ਰੋਕ ਲਾਉਂਦਿਆਂ ਉਨ੍ਹਾਂ ਕਿਹਾ ਕਿ ਅਜਿਹੀ ਕੋਈ ਸੰਭਾਵਨਾ ਨਹੀਂ ਹੈ। ਉਨ੍ਹਾਂ ਪੰਜਾਬ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਇਸ ਪੰਥਕ ਇਕੱਠ ਵਿਚ ਸ਼ਾਮਲ ਹੋਣ।
ਤਰਸੇਮ ਸਿੰਘ ਨੇ ਕਿਹਾ ਕਿ ਕਾਨਫਰੰਸ ਵਿੱਚ ਇੱਕ ਨਵੀਂ ਪੰਥਕ ਪਾਰਟੀ ਦਾ ਐਲਾਨ ਕੀਤਾ ਜਾਵੇਗਾ। ਇੱਕ ਸਵਾਲ ਦੇ ਜਵਾਬ ਵਿੱਚ ਉਨ੍ਹਾਂ ਫਿਲਹਾਲ ਪਾਰਟੀ ਦੇ ਨਾਂ ਬਾਰੇ ਖੁਲਾਸਾ ਕਰਨ ਤੋਂ ਗੁਰੇਜ਼ ਕੀਤਾ। ਉਨ੍ਹਾਂ ਦੱਸਿਆ ਕਿ ਪਾਰਟੀ ਦੇ ਨਾਮ ਬਾਰੇ ਚਰਚਾ ਕੀਤੀ ਜਾ ਰਹੀ ਹੈ, ਜਿਸ ਬਾਰੇ ਐਲਾਨ ਕਾਨਫਰੰਸ ਮੌਕੇ ਹੀ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਮੁੱਢਲੇ ਤੌਰ ’ਤੇ ਪੰਜ ਮੈਂਬਰੀ ਕਮੇਟੀ ਬਣਾਈ ਜਾਵੇਗੀ ਜੋ ਇਸ ਪੰਥਕ ਪਾਰਟੀ ਦੀ ਰੂਪਰੇਖਾ ਅਤੇ ਅਗਲੀ ਰਣਨੀਤੀ ਤੈਅ ਕਰੇਗੀ। ਨਵੀਂ ਪੰਥਕ ਪਾਰਟੀ ਬਣਾਉਣ ਦੇ ਮੰਤਵ ਬਾਰੇ ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦੀ ਮੌਜੂਦਾ ਲੀਡਰਸ਼ਿਪ ਨੂੰ ਇਸ ਵੇਲੇ ਲੋਕਾਂ ਨੇ ਨਕਾਰ ਦਿੱਤਾ ਹੈ। ਕੌਮ ਵੱਲੋਂ ਇੱਕ ਅਜਿਹੀ ਪਾਰਟੀ ਦੀ ਲੋੜ ਮਹਿਸੂਸ ਕੀਤੀ ਜਾ ਰਹੀ ਹੈ, ਜੋ ਸਿੱਖ ਰਾਜਨੀਤੀ ਦੀ ਦਸ਼ਾ ਅਤੇ ਦਿਸ਼ਾ ਨੂੰ ਨਿਰਧਾਰਿਤ ਕਰੇ। ਉਨ੍ਹਾਂ ਕਿਹਾ ਕਿ ਇਸ ਪੰਥਕ ਪਾਰਟੀ ਵਿੱਚ ਸਾਰੀਆਂ ਪੰਜਾਬ ਹਿਤੈਸ਼ੀ ਧਿਰਾਂ ਨੂੰ ਸ਼ਾਮਲ ਹੋਣ ਦਾ ਖੁੱਲ੍ਹਾ ਸੱਦਾ ਹੈ। ਖਾਲਿਸਤਾਨ ਦੀ ਮੰਗ ਬਾਰੇ ਉਨ੍ਹਾਂ ਕਿਹਾ ਕਿ ਕਾਨੂੰਨ ਦੇ ਘੇਰੇ ਹੇਠ ਹੀ ਸਭ ਕੁੱਝ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਫਿਲਹਾਲ ਪੰਜਾਬ ਦੀਆਂ ਅਹਿਮ ਮੰਗਾਂ ’ਤੇ ਧਿਆਨ ਦਿੱਤਾ ਜਾਵੇਗਾ ਕਿਉਂਕਿ ਇਸ ਵੇਲੇ ਪੰਜਾਬ ਦੇ ਹੱਕ ਖੁਸਦੇ ਜਾ ਰਹੇ ਹਨ, ਜਿਨ੍ਹਾਂ ਨੂੰ ਬਚਾਉਣਾ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਨਵੀਂ ਪੰਥਕ ਪਾਰਟੀ ਵਿੱਚ ਨੌਜਵਾਨਾਂ ਅਤੇ ਨਵੇਂ ਚਿਹਰਿਆਂ ਨੂੰ ਤਰਜੀਹ ਦਿੱਤੀ ਜਾਵੇਗੀ, ਕਿਉਂਕਿ ਲੋਕ ਬੇਅਦਬੀ ਕਰਨ ਵਾਲਿਆਂ ਨੂੰ ਨਕਾਰ ਚੁੱਕੇ ਹਨ। ਇਸ ਪਾਰਟੀ ਵਿੱਚ ਸਾਰੇ ਪੰਜਾਬੀ ਚਾਹੇ ਉਹ ਕਿਸੇ ਵੀ ਧਰਮ ਜਾਂ ਵਰਗ ਨਾਲ ਸਬੰਧਤ ਹੋਣ ਸ਼ਾਮਲ ਹੋ ਸਕਣਗੇ।