ਸਾਂਝੇ ਮੁਹਾਜ਼ ਵੱਲ ਵਧਦਿਆਂ
ਲੋਕ ਸਭਾ ਦੀਆਂ ਅਗਲੀਆਂ ਚੋਣਾਂ ਤੋਂ ਲਗਭਗ 11 ਮਹੀਨੇ ਪਹਿਲਾਂ ਪਟਨਾ ਵਿਚ 16 ਵਿਰੋਧੀ ਪਾਰਟੀਆਂ ਦੀ ਸ਼ੁੱਕਰਵਾਰ ਹੋਈ ਮੀਟਿੰਗ ਵਿਚ ਭਾਰਤੀ ਜਨਤਾ ਪਾਰਟੀ ਵਿਰੁੱਧ ਸਾਂਝਾ ਮੁਹਾਜ਼ ਬਣਾਉਣ ਦੇ ਮੁੱਦੇ ‘ਤੇ ਵਿਚਾਰ-ਵਟਾਂਦਰਾ ਕੀਤਾ ਗਿਆ। ਇਹ ਪਹਿਲਕਦਮੀ ਮੋਦੀ-ਭਾਜਪਾ ਦੀ ਹੁਣ ਤਕ ਸਫ਼ਲ ਰਹੀ ਚੋਣ ਯਾਤਰਾ ਨੂੰ ਰੋਕਣ ਦੇ ਯਤਨ ਵਜੋਂ ਮਹੱਤਵਪੂਰਨ ਹੈ। ਇਹ ਕੰਮ ਕਾਫ਼ੀ ਕਠਿਨ ਹੈ। 2014 ਦੀ ਜਿੱਤ ਤੋਂ ਬਾਅਦ 2019 ਦੀਆਂ ਲੋਕ ਸਭਾ ਚੋਣਾਂ ਵਿਚ ਭਾਜਪਾ ਦੀਆਂ ਸੀਟਾਂ ਤੇ ਵੋਟਾਂ ਦੋਵੇਂ ਵਧੀਆਂ। ਇਨ੍ਹਾਂ ਜਿੱਤਾਂ ਨੇ ਵਿਰੋਧੀ ਪਾਰਟੀਆਂ ਅਤੇ ਖ਼ਾਸ ਕਰ ਕੇ ਦੇਸ਼ ਦੀ ਸਭ ਤੋਂ ਪੁਰਾਣੀ ਸਿਆਸੀ ਪਾਰਟੀ ਕਾਂਗਰਸ ਦੀ ਤਾਕਤ ਨੂੰ ਵੱਡਾ ਖ਼ੋਰਾ ਲਾਇਆ।
ਪਟਨਾ ਵਿਚ ਇਕੱਠੀਆਂ ਹੋਈਆਂ ਪਾਰਟੀਆਂ ਵਿਚ ਵਿਚਾਰਧਾਰਕ ਵਖਰੇਵੇਂ ਹਨ ਅਤੇ ਮੀਟਿੰਗ ਵਿਚ ਇਨ੍ਹਾਂ ਵਖਰੇਵਿਆਂ ਨੂੰ ਇਕ ਪਾਸੇ ਰੱਖਣ ਦਾ ਯਤਨ ਕੀਤਾ ਗਿਆ। ਕਈ ਵਖਰੇਵਿਆਂ ਦਾ ਪਰਛਾਵਾਂ ਮੀਟਿੰਗ ‘ਤੇ ਪ੍ਰਤੱਖ ਦਿਖਾਈ ਦਿੱਤਾ। ਕੇਂਦਰ ਸਰਕਾਰ ਦੁਆਰਾ ਦਿੱਲੀ ‘ਤੇ ਲਾਗੂ ਕੀਤੇ ਆਰਡੀਨੈਂਸ ਕਾਰਨ ਆਮ ਆਦਮੀ ਪਾਰਟੀ ਤੇ ਕਾਂਗਰਸ ਵਿਚ ਤਕਰਾਰ ਬਣਿਆ ਹੋਇਆ ਹੈ। ਅਜਿਹੇ ਵਖਰੇਵਿਆਂ ਕਾਰਨ ਲੋਕਾਂ ਨੂੰ ਵੱਖ ਵੱਖ ਤਰ੍ਹਾਂ ਦੇ ਸੰਕੇਤ ਮਿਲਦੇ ਹਨ। ਸਾਂਝਾ ਮੁਹਾਜ਼ ਬਣਾਉਣ ਲਈ ਇਨ੍ਹਾਂ ਸਿਆਸੀ ਪਾਰਟੀਆਂ ਨੂੰ ਰਲ ਮਿਲ ਕੇ ਬੈਠਣ ਅਤੇ ਇਕ ਦੂਜੇ ਦੇ ਦ੍ਰਿਸ਼ਟੀਕੋਣ ਸਮਝਣ ਦੀ ਜ਼ਰੂਰਤ ਹੈ। ਇਸ ਲਈ ਉਨ੍ਹਾਂ ਨੂੰ ਸੋਚ, ਵਿਚਾਰਧਾਰਾ ਤੇ ਪਹੁੰਚ ਵਿਚ ਲਚਕ ਲਿਆਉਣੀ ਪਵੇਗੀ।
ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਇਨ੍ਹਾਂ ਪਾਰਟੀਆਂ ਦੀ ਮੀਟਿੰਗ ਨੂੰ ਫੋਟੋ ਖਿਚਵਾਉਣ ਦਾ ਮੌਕਾ (Photo Session) ਦੱਸਿਆ ਪਰ ਇਸ ਤੱਥ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਕਿ ਬੀਤੇ ਸਮਿਆਂ ਵਿਚ ਵੱਖ ਵੱਖ ਵਿਚਾਧਾਰਾਵਾਂ ਵਾਲੀਆਂ ਪਾਰਟੀਆਂ ਇਕ ਮੰਚ ‘ਤੇ ਇਕੱਠੀਆਂ ਹੁੰਦੀਆਂ ਅਤੇ ਕਈ ਵਾਰ ਸਾਂਝੇ ਮੁਹਾਜ਼ ਵੀ ਬਣਾਉਂਦੀਆਂ ਰਹੀਆਂ ਹਨ। ਬੀਤੇ ਵਿਚ ਇਨ੍ਹਾਂ ਵਿਚੋਂ ਕਈ ਪਾਰਟੀਆਂ ਕਾਂਗਰਸ ਵਿਰੁੱਧ ਸਾਂਝੇ ਮੁਹਾਜ਼ਾਂ ਵਿਚ ਸ਼ਾਮਿਲ ਸਨ ਪਰ ਹੁਣ ਹਾਲਾਤ ਬਦਲ ਗਏ ਹਨ। ਇਹ ਪਾਰਟੀਆਂ ਭਾਜਪਾ ਨੂੰ ਹਰਾਉਣ ਵਿਚ ਕਾਮਯਾਬ ਹੋਣ ਜਾਂ ਨਾ ਪਰ ਦੇਸ਼ ਨੂੰ ਮਜ਼ਬੂਤ ਵਿਰੋਧੀ ਧਿਰ ਦੀ ਜ਼ਰੂਰਤ ਹੈ; ਉੱਭਰ ਰਹੇ ਤਾਨਾਸ਼ਾਹੀ ਰੁਝਾਨਾਂ ਤੋਂ ਦੇਸ਼ ਨੂੰ ਬਚਾਉਣ ਲਈ ਵਿਰੋਧੀ ਧਿਰਾਂ ਦੀ ਏਕਤਾ ਸਮੇਂ ਦੀ ਲੋੜ ਹੈ। ਇਸ ਲਈ ਇਨ੍ਹਾਂ ਪਾਰਟੀਆਂ ਨੂੰ ਲੰਮਾ ਸਫ਼ਰ ਤੈਅ ਕਰਨਾ ਪੈਣਾ ਹੈ।