ਟਿਕੇ ਪਾਣੀਆਂ ਵਿੱਚ ਹਿਲਜੁਲ
ਬਲਦੇਵ ਸਿੰਘ (ਸੜਕਨਾਮਾ)
‘‘ਬੜਾ ਹੇਜ ਜਾਗਿਐ ਪੰਜਾਬੀ ਦਾ, ਹੁਣ ਪੰਜਾਬੀ ਆਈਲੈਟਸ (ਆਇਲਜ਼) ਖੋਲ੍ਹੇਂਗਾ?’’ ਫੋਨ ਕਰਨ ਵਾਲੇ ਦਾ ਲਹਿਜਾ ਰੁੱਖਾ ਸੀ।
‘‘ਭਰਾਵਾ ਜਿਹੜਾ ਕੁਝ ਵਾਪਰਨ ਨੂੰ ਫਿਰਦੈ, ਮੈਂ ਤਾਂ ਉਹਦੇ ਬਾਰੇ ਆਪਣਾ ਖ਼ਦਸ਼ਾ...।’’
ਗੱਲ ਪੂਰੀ ਕਰਨ ਤੋਂ ਪਹਿਲਾਂ ਹੀ ਉਸ ਨੇ ਕਿਹਾ, ‘‘ਮੁੰਡਿਆਂ ਨੂੰ ਹੋ ਲੈਣ ਦੇ ਸੈੱਟ ਜਿੱਥੇ ਹੋਣਾ ਚਾਹੁੰਦੇ ਐ। ਐਵੇਂ ਨਾ ਹਵਾ ’ਚ ਡਾਂਗਾਂ ਮਾਰਿਆ ਕਰ।’’ ਤੇ ਫੋਨ ਕੱਟ ਦਿੱਤਾ।
ਮੈਂ ਅਜੇ ਸੋਚੀਂ ਪਿਆ ਹੋਇਆ ਸੀ। ਫੋਨ ਫਿਰ ਵੱਜਿਆ:
‘‘ਭਾਊ ਇਹ ਕੀ ਹੋਣ ਡਿਹਾ ਜੇ?’’
‘‘ਧਾਅਨੂੰ ਤਾਂ ਵਧੇਰੇ ਪਤਾ ਹੋਣਾ।’’ ਮੈਂ ਉਸੇ ਲਹਿਜੇ ਵਿੱਚ ਜਵਾਬ ਦਿੱਤਾ ਤਾਂ ਉਹ ਅੱਗੋਂ ਹੱਸਣ ਲੱਗਾ।
‘‘ਅੰਬਰਸਰ ਦੇ ਲਾਗਿਓਂ ਬੋਲਦਾ ਪਿਆਂ।’’
‘‘ਦੱਸਣ ਦੀ ਕੀ ਲੋੜ ਏ, ਸਮਝ ਗਿਆਂ ਮੈਂ।’’
‘‘ਬੇੜਾ ਗ਼ਰਕ ਹੋ ਜਾਣੈ ਭਾਊ। ਸਾਡੇ ਮੁੰਡੇ ਤਾਂ ਏਧਰ ਕੰਮ ਕਰਨਾ ਨਹੀਂ ਚਾਹੁੰਦੇ। ਅਸਾਂ ਪੰਜਾਬ ਥਾਲੀ ’ਚ ਪਰੋਸ ਕੇ ਗੁਆਂਢੀ ਸੂਬਿਆਂ ਦੇ ਮਜ਼ਦੂਰਾਂ ਹਵਾਲੇ ਕਰ ਛੱਡਣਾ। ਘਰਾਂ ’ਚ ਏਧਰ ਦੋ ਦੋ ਗੱਡੀਆਂ ਖੜ੍ਹੀਆਂ ਨੇ, ਬੁਲਟ ਮੋਟਰ ਸਾਈਕਲ ਖੜ੍ਹੇ ਨੇ, ਜੀਪਾਂ ਖੜ੍ਹੀਆਂ ਨੇ। ਪਰ ਚਲਾਉਣ ਵਾਲਾ ਕੋਈ ਨਹੀਂ। ਬੁੱਢੇ ਮਾਂ-ਪਿਓ ਜਾਂ ਦਾਦਾ ਦਾਦੀ ਹਵੇਲੀਆਂ ’ਚ ’ਕੱਲੇ ’ਕੱਲੇ ਨੇ। ਕੁਝ ਤਾਂ ਘਰਾਂ ਨੂੰ ਤਾਲੇ ਮਾਰ ਕੇ ਜਹਾਜੇ ਚੜ੍ਹ ਗਏ ਨੇ। ਚੰਗਾ ਕੀਤਾ ਈ ਭਾਊ, ਜਗਾ ਛੱਡਿਆ ਕਰ ਲੋਕਾਂ ਨੂੰ।’’
ਮੈਂ ਦਿਨ ਭਰ ਇਸ ਤਰ੍ਹਾਂ ਦੇ ਫੋਨ ਸੁਣਦਾ ਰਿਹਾ।
ਰੋਪੜ ਵੱਲੋਂ ਇੱਕ ਬੀਬੀ ਦਾ ਫੋਨ ਆਇਆ:
‘‘ਵੀਰ ਜੀ, ਇੱਥੇ ਸਾਡੇ ਪਿੰਡ ਬਾਹਰਲੇ ਸੂਬੇ ਤੋਂ ਇੱਕ ਪਰਿਵਾਰ ਗੁਰੂਘਰ ਵਿੱਚ ਰਹਿੰਦਾ ਐ। ਉਸ ਭਾਈ ਨੇ ਦਾੜ੍ਹੀ ਰੱਖ ਲਈ ਹੋਈ ਹੈ। ਪੱਗ ਬੰਨ੍ਹਦਾ ਹੈ ਤੇ ਪਾਠ ਕਰਦਾ ਹੈ। ਉਸ ਦਾ 10-11 ਸਾਲਾਂ ਦਾ ਪੁੱਤਰ ਹੁਣ ਤਬਲਾ ਵਜਾਉਣਾ ਸਿੱਖਣ ਲੱਗਾ ਹੋਇਆ ਤੇ ਉਹ ਰਲ ਕੇ ਕੀਰਤਨ ਵੀ ਕਰਿਆ ਕਰਨਗੇ।’’
ਇੱਕ ਹੋਰ ਜਣੇ ਨੇ ਫੋਨ ਰਾਹੀਂ ਦੱਸਿਆ:
‘‘ਸਹੀ ਗੱਲ ਹੈ, ਸਾਡੇ ਮੁੰਡੇ ਇੱਥੇ ਕੰਮ ਕਰਕੇ ਰਾਜ਼ੀ ਨਹੀਂ। ਸਾਡੇ ਇੱਥੇ ਕਸਬਾ ਸ਼ਹਿਰ ਵਰਗਾ ਬਣਿਆ ਪਿਐ। ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦੇ ਲਾਗੇ ‘ਫਾਸਟ ਫੂਡ’ ਦੀਆਂ ਦੋ ਰੇਹੜੀਆਂ ਲੱਗਦੀਆਂ ਨੇ, ਉਹ ਤਿੰਨ ਭਰਾ ਨੇ ਬਾਹਰਲੇ ਸੂਬੇ ਤੋਂ। ਇੱਕ ਭਰਾ ਮੰਡੀ ਤੋਂ ਸਮਾਨ ਵਗੈਰਾ ਲਿਆਉਂਦੈ ਤੇ ਦੋ ਰੇਹੜੀਆਂ ’ਤੇ ਕੰਮ ਕਰਦੇ ਨੇ। ਇੱਕ ਦਿਨ ਮੈਂ ਸਰਸਰੀ ਪੁੱਛ ਲਿਆ:
‘ਕਿਤਨਾ ਕਮਾ ਲੇਤੇ ਹੋ?’
‘ਬਾਈ ਜੀ ਮਹੀਨੇ ਦਾ ਡੂਢ ਲੱਖ ਤਾਂ ਪੱਕਾ।’ ਇੱਕ ਭਰਾ ਨੇ ਸ਼ੁੱਧ ਪੰਜਾਬੀ ’ਚ ਕਿਹਾ। ਮੈਨੂੰ ਬੜੀ ਸ਼ਰਮ ਆਈ। ਉਸ ਨੇ ਦੱਸਿਆ, ‘ਆਪਣੇ ਪਿੰਡ 11 ਏਕੜ ਜ਼ਮੀਨ ਵੀ ਖਰੀਦ ਲਈ ਹੈ ਤੇ ਇੱਥੇ ਹੁਣ ਆਪਣਾ ਘਰ ਬਣਾਉਣ ਲਈ ਪਲਾਟ ਵੀ ਖਰੀਦ ਲਿਆ ਹੈ।’ ਸਾਡੇ ਮੁੰਡੇ ਬਾਹਰ ਭੱਜੀ ਜਾਂਦੇ ਐ।’’
ਅੰਮ੍ਰਿਤਸਰ ਤੋਂ ਮੇਰੇ ਇੱਕ ਸੁਹਿਰਦ ਮਿੱਤਰ ਦਾ ਫੋਨ ਆਇਆ, ‘‘ਭਾਅਜੀ ਜਿਸ ਤਰ੍ਹਾਂ ਤੁਸੀਂ ਦੱਸਿਆ, ਹਾਲਾਤ ਤਾਂ ਇਸ ਨਾਲੋਂ ਵੀ ਖ਼ਰਾਬ ਹੋਣ ਵਾਲੇ ਨੇ। ਵਕਤ ਹੈਗਾ ਦੋ ਕੁ ਮਿੰਟ?’’
‘‘ਆਪਣੇ ਕੋਲ ਵਕਤ ਈ ਵਕਤ ਹੈ, ਕਰੋ ਗੱਲ ਤੁਸੀਂ,’’ ਮੈਂ ਹੱਸ ਕੇ ਕਿਹਾ।
‘‘ਸਾਡੇ ਘਰਾਂ ’ਚੋਂ ਈ ਇੱਕ ਲੜਕਾ ਹੈ। ਪਲੱਸ ਟੂ ਤਾਂ ਕਰ ਲਈ। ਆਈਲੈਟਸ ਕਰਕੇ ਬਾਹਰ ਉਡਾਰੀ ਮਾਰਨ ਜੋਗੇ ਪੈਸੇ ਨਹੀਂ ਪੱਲੇ। ਉਸ ਦੇ ਮਾਪੇ ਮੇਰੇ ਕੋਲ ਆਏ, ‘ਮੁੰਡੇ ਨੂੰ ਕਿਸੇ ਕੰਮ ਪਾਓ’। ਸਾਡੇ ਲਾਗੇ ਈ ਬਾਜ਼ਾਰ ’ਚ ਸਬਜ਼ੀ ਮਾਰਕੀਟ ਬਣੀ ਹੋਈ ਹੈ। 8-10 ਰੇਹੜੀਆਂ ਲੱਗਦੀਆਂ ਨੇ। ਮੈਂ ਉਨ੍ਹਾਂ ਨੂੰ ਉੱਥੇ ਇੱਕ ਹੋਰ ਰੇਹੜੀ ਲਗਾਉਣ ਲਈ ਮਨਾ ਲਿਆ। ‘ਧਾਅਡੇ ਵਰਗਾ ਈ ਬੱਚਾ ਐ। ਪੜ੍ਹਿਆ ਲਿਖਿਆ ਜੇ। ਰੋਟੀ ਪੈ ਜਾਏਗਾ।’ ਭਾਅਜੀ ਉਹ ਮੰਨ ਗਏ। ਮੈਂ ਕੁਝ ਮਦਦ ਕਰਕੇ ਰੇਹੜੀ ਦਾ ਜੁਗਾੜ ਕਰਕੇ ਮੁੰਡੇ ਨੂੰ ਉਨ੍ਹਾਂ ਦੇ ਬਰਾਬਰ ਖੜ੍ਹਾ ਦਿੱਤਾ। ਪਰਵਾਸੀਆਂ ਨੂੰ ਇਹ ਵੀ ਕਿਹਾ, ‘ਇਹ ਲੋੜਵੰਦ ਜੇ, ਬਹੁਤਾ ਤੰਗ ਨਾ ਕਰਨਾ। ਮੋਦੀ ਵਾਲਾ ਆਤਮ-ਨਿਰਭਰ ਹੋ ਜਾਏਗਾ’। ਖ਼ੈਰ ਗੱਲ ਮੁਕਾਵਾਂ, ਮੁੰਡਾ ਉੱਥੇ ਰੇਹੜੀ ਲਾਉਣ ਲੱਗ ਪਿਆ। ਦਸ ਕੁ ਦਿਨਾਂ ਬਾਅਦ ਮੈਂ ਪਤਾ ਕਰਨ ਗਿਆ। ਨਾ ਮੁੰਡਾ ਉੱਥੇ ਨਾ ਰੇਹੜੀ। ਇੱਕ ਰੇਹੜੀ ਵਾਲੇ ਨੂੰ ਪੁੱਛਿਆ: ‘ਸਾਡਾ ਮੁੰਡਾ ਅੱਜ ਆਇਆ ਨਹੀਂ?’
‘ਉਹ ਤਾਂ ਸਰਦਾਰ ਜੀ, ਚਾਰ ਪੰਜ ਦਿਨ ਤੋਂ ਨਹੀਂ ਆਉਂਦਾ ਹੈਗਾ।’ ਪਰਵਾਸੀ ਬੋਲਿਆ।
‘ਚਾਰ ਪੰਜ ਦਿਨ ਤੋਂ?’ ਮੈਂ ਹੈਰਾਨ ਹੋਇਆ। ‘ਕੀ ਹੋਇਆ?’ ਮੈਂ ਪੁੱਛਿਆ।
‘ਸਰਦਾਰ ਸਾਹਬ ਜੀ, ਬਿਹਾਨੇ (ਸਵੇਰੇ) ਤਿੰਨ ਵਜੇ ਉੱਠ ਕੇ ਅਸੀਂ ਸਬਜ਼ੀ ਮੰਡੀ ਜਾਂਦੇ ਹੈਗੇ। ਸਬਜ਼ੀ ਖਰੀਦ ਕਰਦੇ ਹਾਂ, ਫਿਰ ਛਾਂਟਦੇ ਹਾਂ ਔਰ ਰਾਤ ਦੇ ਗਿਆਰਾਂ ਬਜੇ ਤੱਕ ਹੀਆਂ ਸਬਜ਼ੀ ਵੇਚਦੇ ਆਂ। ਫਿਰ ਜਾ ਕੇ ਚਾਰ ਪੈਸੇ ਕਮਾਂਦੇ ਹੈਗੇ। ਉਹ ਲੜਕਾ 8 ਵਜੇ ਤਾਂ ਮੰਡੀ ਜਾਂਦਾ ਸੀਗ੍ਹਾ ਔਰ 7 ਵਜੇ ਸ਼ਾਮ ਨੂੰ ਘਰ ਚਲੇ ਜਾਂਦਾ ਸੀਗ੍ਹਾ। ਬਚੀ-ਖੁਚੀ ਸਬਜ਼ੀ ਤਾਂ ਰਾਤ ਨੂੰ ਬਿਕਦੀ ਹੈਗੀ। ਉਸ ਨੇ ਕੀ ਕਮਾ ਲਿਆ ਹੋਣਾ। ਕੰਮ ਛੱਡ ਗਿਆ ਉਹ ਸਰਦਾਰ ਜੀ। ਹਮਰੀ ਤਰ੍ਹਾਂ ਕਿਵੇਂ ਖੱਟ ਸਕੇਗਾ?’
ਮੈਂ ਕੀ ਬੋਲਦਾ। ਚੁੱਪ ਕਰ ਕੇ ਮੁੜ ਆਇਆ।’’
ਬਾਹਰ ਜਾ ਕੇ ਸਾਡੇ ਬੱਚਿਆਂ ਨੂੰ ਜਿਹੋ ਜਿਹਾ ਵੀ ‘ਜੌਬ’ ਮਿਲੇ ਕਰਦੇ ਹਨ, ਭਾਵੇਂ ਟੌਇਲਟਾਂ ਹੀ ਸਾਫ਼ ਕਰਨੀਆਂ ਪੈਣ, ਪਰ ਇੱਥੇ ਕੁਝ ਨਹੀਂ ਕਰਨਾ। ਜੇ ਮੈਂ ਆਪਣੀ ਪੀੜ੍ਹੀ ਦੀ ਗੱਲ ਕਰਾਂ ਤਾਂ ਸਕੂਲ ਵਿੱਚ ਜਾਣ ਤੋਂ ਪਹਿਲਾਂ ਖੇਤੋਂ ਪੱਠੇ ਵੱਢ ਕੇ ਲਿਆਉਣੇ ਹੁੰਦੇ ਸਨ। ਸਕੂਲੋਂ ਆਣ ਕੇ ਪੱਠੇ ਕੁਤਰਨੇ, ਮੱਝਾਂ ਸਾਂਭਣੀਆਂ ਮੇਰੇ ਜ਼ਿੰਮੇ ਸਨ। ਸਹਾਇਕ ਧੰਦੇ ਵਜੋਂ ਬਾਪੂ ਜੀ ਨੇ ਲਾਊਡ ਸਪੀਕਰ ਦਾ ਕੰਮ ਵੀ ਚਲਾਇਆ ਸੀ। ਲੋਕਾਂ ਦੇ ਵਿਆਹਾਂ ਉੱਪਰ, ਮੰਗਣਿਆਂ ਉੱਪਰ, ਭੋਗਾਂ ਉੱਪਰ ਮੈਂ ਹੀ ਲਾਊਡ ਸਪੀਕਰ ਲੈ ਕੇ ਜਾਂਦਾ ਰਿਹਾ। ਪਿੰਡ ਵਿੱਚ ਦੁਕਾਨ ਵੀ ਪਾਈ ਹੋਈ ਸੀ। ਮੋਗੇ ਕਾਲਜ ਵਿੱਚ ਬੀਏ ਦੀ ਪੜ੍ਹਾਈ ਕਰਦਿਆਂ ਮੈਂ ਸਾਈਕਲ ਉੱਪਰ ਬਰਫ਼, ਬੱਤੇ ਤੇ ਦੁਕਾਨ ਦਾ ਹੋਰ ਸਾਮਾਨ ਲੱਦ ਕੇ ਲੈ ਜਾਂਦਾ ਰਿਹਾ। ਸ਼ਾਇਦ ਇਹੀ ਕਾਰਨ ਸੀ ਕਿ ਮੈਂ ਕਲਕੱਤੇ ਵਿੱਚ ਟਰਾਂਸਪੋਰਟ ਦਾ ਸਖ਼ਤ ਕਿੱਤਾ ਵੀ ਵੀਹ ਸਾਲ ਕਰਦਾ ਰਿਹਾ।
ਕੁਝ ਦਿਨ ਹੋਏ, ਭਾਈ ਭਗਤੇ ਵੱਲੋਂ ਮੇਰੇ ਇੱਕ ਸ਼ੁਭਚਿੰਤਕ ਨੇ ਵੀਡੀਓ ਭੇਜੀ।
ਇੱਕ ਬਸਤੀ ਦੇ ਲਾਗੇ ਹੀ ਇੱਕ ਚੌਰਾਹੇ ’ਤੇ ਚਾਟ ਦੀ ਇੱਕ ਰੇਹੜੀ ਖੜ੍ਹੀ ਹੈ। ਗੱਤੇ ਉੱਪਰ ਪੰਜਾਬੀ ਵਿੱਚ ਲਿਖ ਕੇ ਲਟਕਾਇਆ ਹੈ, ਵੱਡੀ ਪਲੇਟ 40 ਰੁਪਏ, ਛੋਟੀ ਪਲੇਟ 30 ਰੁਪਏ। ਰੇਹੜੀ ਦੇ ਕੋਲ 10-11 ਸਾਲਾਂ ਦੇ ਦੋ ਸਿੱਖ ਮੁੰਡੇ ਬੈਠੇ ਹਨ। ਸਿਰਾਂ ਦੇ ਜੂੜਿਆਂ ਉੱਪਰ ਚਿੱਟੇ ਰੁਮਾਲ ਹਨ। ਵੀਡੀਓ ਭੇਜਣ ਵਾਲਾ ਕੁਮੈਂਟਰੀ ਦੇ ਨਾਲ ਨਾਲ ਉਨ੍ਹਾਂ ਮੁੰਡਿਆਂ ਨਾਲ ਗੱਲਾਂ ਕਰਦਾ ਹੈ।
ਬੱਚੇ ਦੱਸਦੇ ਹਨ- ‘ਉਹ ਇੱਥੇ ਬਾਹਰੋਂ ਆਏ ਹਨ। ਉਨ੍ਹਾਂ ਦਾ ਪਿਤਾ ਸਪਰੇਆਂ ਦਾ ਕੰਮ ਕਰਦਾ ਹੈ। ਅਸੀਂ ਜਿੱਥੇ ਰਹਿੰਦੇ ਹਾਂ, ਉਨ੍ਹਾਂ ਦੇ ਬੱਚੇ ਸਾਡੇ ਨਾਲ ਪੜ੍ਹਦੇ ਹਨ। ਉਨ੍ਹਾਂ ਨੂੰ ਵੇਖ ਕੇ ਅਸੀਂ ਜੂੜੇ ਰੱਖੇ ਹਨ। ਸਕੂਲੋਂ ਆਣ ਕੇ ਅਸੀਂ ਆਪਣੇ ਬਾਪ ਨਾਲ ਖੇਤਾਂ ’ਚ ਕੰਮ ਕਰਾਣ ਜਾਂਦੇ ਹਾਂ, ਛੁੱਟੀ ਤੋਂ ਬਾਅਦ ਰੇਹੜੀ ’ਤੇ ਚਾਟ ਵੇਚਦੇ ਹਾਂ।’
ਬੱਚੇ ਦੱਸਦੇ ਹਨ, ‘ਸਿੱਖ ਬੱਚੇ ਬਣਨਾ ਸਾਨੂੰ ਵਧੀਆ ਲਗਦਾ ਹੈ।’ ਉਹ ਇੰਨੀ ਸ਼ਾਨਦਾਰ ਪੰਜਾਬੀ ਬੋਲਦੇ ਹਨ, ਲੱਗਦਾ ਹੀ ਨਹੀਂ ਕਿ ਉਹ ਕਿਸੇ ਬਾਹਰਲੇ ਸੂਬੇ ਦੇ ਬੱਚੇ ਹਨ। ਵੀਡੀਓ ਦੇ ਹੇਠਾਂ ਲਿਖਿਆ ਹੈ:
‘‘ਤੁਹਾਡੇ ਆਰਟੀਕਲ ਦੀ ਪੁਸ਼ਟੀ’’
ਕੀ ਸਾਡੇ ਬੱਚਿਆਂ ਨੂੰ ਵੀ ਇਹੀ ਸ਼ੈਲੀ ਨਹੀਂ ਅਪਨਾਉਣੀ ਚਾਹੀਦੀ? ਇਸ ਸੁਆਲ ਨੇ ਮੈਨੂੰ ਪਰੇਸ਼ਾਨ ਕੀਤਾ। ਸਕੂਲੋਂ, ਕਾਲਜੋਂ ਆ ਕੇ ਆਪਣੇ ‘ਹੋਮ ਵਰਕ’ ਤੋਂ ਵਿਹਲੇ ਹੋ ਕੇ ਮਾਪਿਆਂ ਦੇ ਧੰਦਿਆਂ ਵਿੱਚ ਮਦਦ ਨਹੀਂ ਕਰਨੀ ਚਾਹੀਦੀ? ਚਾਟ ਦੀ ਰੇਹੜੀ ਲਾਗੇ ਬੱਚਿਆਂ ਦਾ ਇਸ ਤਰ੍ਹਾਂ ਸਜ-ਫਬ ਕੇ ਬੈਠਣਾ ਮੈਨੂੰ ਚੰਗਾ ਲੱਗਾ, ਪਰ ਸਾਡੇ ਵਧੇਰੇ ਬੱਚੇ ਨਾ ਖੇਤਾਂ ਵਿੱਚ ਜਾਂਦੇ ਨੇ ਨਾ ਹੋਰ ਧੰਦਿਆਂ ਵਿੱਚ ਮਾਂ ਬਾਪ ਨਾਲ ਹੱਥ ਵਟਾਉਂਦੇ ਨੇ...।
ਮੈਂ ਇਨ੍ਹਾਂ ਸੋਚਾਂ ਵਿੱਚ ਉਲਝਿਆ ਹੋਇਆ ਸਾਂ, ਬਾਹਰੋਂ ਪ੍ਰੋਫੈਸਰ ਕੌਤਕੀ ਦਾ ਫ਼ੋਨ ਆ ਗਿਆ। ਆਖਣ ਲੱਗਾ, ‘‘ਬੜਾ ਪੰਜਾਬੀ ਪੰਜਾਬੀ ਦਾ ਰੌਲਾ ਪਾਈ ਜਾਨੈ?’’
‘‘ਰੌਲਾ ਕਾਹਦਾ! ਮੈਂ ਤਾਂ ਵਰਤਮਾਨ ਹਾਲਾਤ ਬਾਰੇ ਟਿੱਪਣੀ ਕੀਤੀ ਹੈ, ਬਈ ਆਉਣ ਵਾਲੇ ਸਮੇਂ ਵਿੱਚ ਨਵੇਂ ਰੁਝਾਨ...।’’
ਕੌਤਕੀ ਨੇ ਟੋਕਿਆ, ‘‘ਕਿਹੜੇ ਨਵੇਂ ਰੁਝਾਨ? ਜਦੋਂ ਏਧਰ ਸਾਡੇ ਕੋਈ ਪੰਜਾਬੀ ਰਾਜਨੀਤੀ ’ਚ ਕੋਈ ਮੱਲ ਮਾਰਦਾ ਹੈ ਤਾਂ, ਮੰਤਰੀ ਬਣ ਜੇ, ਸੰਤਰੀ ਬਣ ਜੇ, ਮੁੱਖ ਮੰਤਰੀ ਬਣ ਜੇ ਤਾਂ ਸਾਰਾ ਪੰਜਾਬ ਹੀ ਇੱਕ ਦੂਸਰੇ ਨੂੰ ਵਧਾਈਆਂ ਦੇਣ ਲੱਗ ਜਾਂਦੈ। ਘਰ ਵਾਲੇ ਤਾਂ ਪਾਰਟੀਆਂ ਕਰਦੇ ਐ, ਮਠਿਆਈਆਂ ਵੰਡਦੇ ਐ। ਵੰਡਦੇ ਐ ਕਿ ਨਹੀਂ?’’ ਉਸ ਨੇ ਥੋੜ੍ਹਾ ਸਖ਼ਤ ਸ਼ਬਦਾਂ ਵਿੱਚ ਪੁੱਛਿਆ।
‘‘ਵੰਡਦੇ ਐ, ਮਾਣ ਵੀ ਹੁੰਦੈ, ਬਈ ਸਾਡਾ ਭਰਾ ਜਾਂ ਪੁੱਤ ਵਿਦੇਸ਼ਾਂ ’ਚ ਮੰਤਰੀ ਬਣ ਗਿਆ।’’ ਮੈਂ ਕਿਹਾ।
‘‘ਫੇਰ?’’ ਕੌਤਕੀ ਚੁੱਪ ਰਿਹਾ, ‘‘ਜਦ ਦੂਜੇ ਸੂਬਿਆਂ ਤੋਂ ਆਣ ਕੇ ਉਹ ਪੰਜਾਬੀ ਸਿੱਖਦੇ ਨੇ, ਪੱਗਾਂ ਬੰਨ੍ਹਣ ਸਿੱਖਦੇ ਨੇ, ਗੁਰਬਾਣੀ ਦਾ ਪਾਠ ਕਰਨ ਸਿੱਖਦੇ ਨੇ, ਕੀਰਤਨ ਕਰਨ ਸਿੱਖਦੇ ਨੇ, ਪੰਜਾਬੀਆਂ ਨੂੰ ਤਾਂ ਮਾਣ ਕਰਨਾ ਚਾਹੀਦਾ ਹੈ। ਤੁਸੀਂ ਜਿੰਨੀ ਗਿਣਤੀ ਵਿੱਚ ਇੱਥੋਂ ਭਗੌੜੇ ਹੋਈ ਜਾਨੇ ਐਂ, ਉਹ ਆ ਕੇ ਖੱਪਾ ਪੂਰੀ ਜਾਂਦੇ ਨੇ। ਪੰਜਾਬੀ ਇੱਥੇ ਆ ਕੇ ਗੋਰਿਆਂ ਦੇ ਮਕਾਨ ਖਰੀਦ ਰਹੇ ਨੇ, ਉਨ੍ਹਾਂ ਦੇ ਬਾਗ ਖਰੀਦ ਰਹੇ ਨੇ ਤੇ ਜੇ ਇਹੀ ਕੁਝ ਦੂਸਰੇ ਸੂਬਿਆਂ ਦੇ ਮਿਹਨਤੀ ਲੋਕ ਇੱਥੇ ਕਰਦੇ ਨੇ ਤਾਂ ਪੰਜਾਬੀਆਂ ਨੂੰ ਤਕਲੀਫ਼ ਹੁੰਦੀ...। ਬਸ ਹੁਣ ਬੇੜਾ ਬੈਠਜੂ, ਹੁਣ ਪੰਜਾਬੀਆਂ ਦੀ ਨਸਲ ’ਚ ਵਿਗਾੜ ਆ ਜੂ। ਇਹੀ ਕੁਝ ਕਹਿੰਦੇ ਹੋ ਨਾ? ਸਭ ਗੱਲਾਂ ਇੱਥੇ ਪਹੁੰਚਦੀਆਂ ਨੇ।’’
ਮੈਂ ਚੁੱਪ ਰਿਹਾ। ਪ੍ਰੋ. ਕੌਤਕੀ ਆਪਣੀ ਭੜਾਸ ਕੱਢਦਾ ਰਿਹਾ। ਕੁਝ ਇਹੋ ਜਿਹਾ ਵੀ ਕਿਹਾ ਜਿਹੜਾ ਇੱਥੇ ਦੱਸਣਾ ਸੋਭਦਾ ਨਹੀਂ। ਉਧਰੋਂ ਫਿਰ ਆਵਾਜ਼ ਸੁਣੀ, ‘‘ਗੁੱਸਾ ਨਾ ਕਰੀਂ। ਸੱਚ ਦੇਖਣਾ ਵੀ ਔਖਾ, ਕਹਿਣਾ ਵੀ ਔਖਾ, ਲਿਖਣਾ ਵੀ ਔਖਾ, ਸਹਿਣਾ ਵੀ ਔਖਾ। ਤੈਨੂੰ ਤਾਂ ਸਮਝਾਉਣ ਦੀ ਲੋੜ ਹੀ ਨਹੀਂ, ਭੋਗ ਚੁੱਕਿਆ ਹੈਂ ਤੂੰ।’’ ਫੋਨ ਕੱਟਿਆ ਗਿਆ।
ਮੈਂ ਕਹਿਣਾ ਚਾਹੁੰਦਾ ਸੀ, ਜੋ ਵੀ ਭੁਗਤਿਆ ਤੇਰੇ ਕਰਕੇ ਭੁਗਤਿਆ, ਮੈਂ ਬੰਦ ਹੋਏ ਮੋਬਾਈਲ ਦੀ ਸਕਰੀਨ ਵੱਲ ਵੇਖਣ ਲੱਗਾ।
ਸੰਪਰਕ: 98147-83069