ਮਾਊਂਟ ਐਵਰੈਸਟ ਹੁਣ ਭੀੜ-ਭੜੱਕੇ ਵਾਲਾ ਤੇ ਗੰਦਾ ਹੋ ਗਿਆ: ਕਾਂਚਾ ਸ਼ੇਰਪਾ
ਕਾਠਮੰਡੂ, 3 ਮਾਰਚ
ਮਾਊਂਟ ਐਵਰੈਸਟ ਨੂੰ ਪਹਿਲੀ ਵਾਰ ਸਰ ਕਰਨ ਵਾਲੀ ਟੀਮ ਦੇ ਇਕਲੌਤੇ ਜਿਊਂਦੇ ਮੈਂਬਰ ਕਾਂਚਾ ਸ਼ੇਰਪਾ ਨੇ ਅੱਜ ਕਿਹਾ ਕਿ ਵਿਸ਼ਵ ਦੀ ਸਭ ਤੋਂ ਉੱਚੀ ਚੋਟੀ ਹੁਣ ਭੀੜ-ਭੜੱਕੇ ਵਾਲੀ ਅਤੇ ਗੰਦੀ ਹੋ ਗਈ ਹੈ ਅਤੇ ਪਹਾੜ ਇੱਕ ਭਗਵਾਨ ਹੈ ਜਿਸ ਦਾ ਸਨਮਾਨ ਕਰਨ ਦੀ ਲੋੋੜ ਹੈ।
ਕਾਂਚਾ ਸ਼ੇਰਪਾ (91) ਉਸ 35 ਮੈਂਬਰੀ ਟੀਮ ਦਾ ਮੈਂਬਰ ਸੀ ਜਿਸ ਨੇ 29 ਮਈ 1953 ਨੂੰ ਨਿਊਜ਼ੀਲੈਂਡ ਦੇ ਐਡਮੰਡ ਹਿਲੇਰੀ ਅਤੇ ਉਸ ਦੇ ਸ਼ੇਰਪਾ ਗਾਈਡ ਤੇਨਜ਼ਿੰਗ ਨੂੰ 8,8849 ਮੀਟਰ (29,032 ਫੁੱਟ) ਉੱਚੀ ਚੋਟੀ ’ਤੇ ਚੜ੍ਹਨ ’ਚ ਮਦਦ ਕੀਤੀ ਸੀ।
ਕਾਂਚਾ ਨੇ ਕਾਠਮੰਡੂ ’ਚ ਇੱਕ ਇੰਟਰਵਿਊ ਦੌਰਾਨ ਕਿਹਾ, ‘‘ਪਰਬਤਾਰੋਹੀਆਂ ਦੀ ਗਿਣਤੀ ਘਟਾਉਣਾ ਪਹਾੜ ਲਈ ਬੇਹਤਰ ਹੋਵੇਗਾ। ਪਹਾੜ ’ਤੇ ਹੁਣ ਹਰ ਸਮੇਂ ਲੋਕਾਂ ਦੀ ਭੀੜ ਲੱਗੀ ਰਹਿੰਦੀ ਹੈ। ਪਹਿਲੀ ਵਾਰ ਸਰ ਕੀਤੇ ਜਾਣ ਮਗਰੋਂ ਚੋਟੀ ’ਤੇ ਹੁਣ ਤੱਕ ਹਜ਼ਾਰਾਂ ਵਾਰ ਚੜ੍ਹਾਈ ਕੀਤੀ ਗਈ ਹੈ ਅਤੇ ਹਰ ਸਾਲ ਇੱਥੇ ਭੀੜ ਵਧਦੀ ਹੈ। ਲੰਘੇ ਸਾਲ 2023 ਵਿੱਚ ‘ਬਸੰਤ ਚੜ੍ਹਾਈ ਸੀਜ਼ਨ’ ਦੌਰਾਨ 667 ਪਰਬਤਾਰੋਹੀਆਂ ਨੇ ਚੋਟੀ ਕੀਤੀ ਪਰ ਮਾਰਚ ਅਤੇ ਮਈ ਮਹੀਨੇ ਦੌਰਾਨ ਹਜ਼ਾਰਾਂ ਸਹਿਯੋਗੀ ਕਰਮਚਾਰੀਆਂ ਨੂੰ ਬੇਸ ਕੈਂਪ ’ਤੇ ਲਿਆਂਦਾ ਗਿਆ। ਪਿਛਲੇ ਕਈ ਮਹੀਨਿਆਂ ਤੋਂ ਪਹਾੜ ’ਤੇ ਰਹਿਣ ਵਾਲੇ ਲੋਕਾਂ ਦੀ ਗਿਣਤੀ ਅਤੇ ਕਚਰਾ ਪੈਦਾ ਕਰਨ ਨੂੰ ਲੈ ਕੇ ਚਿੰਤਾ ਜਤਾਈ ਜਾ ਰਹੀ ਹੈ ਪਰ ਅਧਿਕਾਰੀਆਂ ਕੋਲ ਪਰਬਤਾਰੋਹੀਆਂ ਨੂੰ ਜਾਰੀ ਕੀਤੇ ਜਾਂਦੇ ਪਰਮਿਟ ’ਚ ਕਟੌਤੀ ਦੀ ਕੋਈ ਯੋਜਨਾ ਨਹੀਂ ਹੈ।
ਕਾਂਚਾ ਨੇ ਕਿਹਾ, ‘‘ਇਹ ਹੁਣ ਬਹੁਤ ਜ਼ਿਆਦਾ ਗੰਦਾ ਹੈ। ਲੋਕ ਖਾਣ ਪੀਣ ਮਗਰੋਂ ਡੱਬੇ ਤੇ ਕਾਗਜ਼ ਉੱਥੇ ਸੁੱਟਦੇ ਹਨ। ਹੁਣ ਉਨ੍ਹਾਂ ਨੂੰ ਕੌਣ ਚੁੱਕੇਗਾ?’’ ਉਸ ਨੇ ਆਖਿਆ, ‘‘ਕੁਝ ਪਰਬਤਾਰੋਹੀ ਆਪਣਾ ਕਚਰਾ ਬਰਫ ਦੀਆਂ ਤਰੇੜਾਂ ’ਚ ਲੁਕਾ ਦਿੰਦੇ ਹਨ ਜਿਹੜਾ ਉਸ ਸਮੇਂ ਤਾਂ ਲੁਕ ਜਾਂਦਾ ਹੈ ਪਰ ਅੰਤ ਵਿੱਚ ਬਰਫ ਪਿਘਲਣ ਨਾਲ ਇਹ ਰੁੜ੍ਹ ਕੇ ਬੇਸ ਕੈਂਪ ’ਤੇ ਆ ਜਾਵੇਗਾ ਤੇ ਉਨ੍ਹਾਂ ਨੂੰ ਹੇਠਾਂ ਵੱਲ ਲੈ ਆਵੇਗਾ।’’ ਕਾਂਚਾ ਸ਼ੇਰਪਾ ਨੇ ਕਿਹਾ ਕਿ ਸ਼ੇਰਪਿਆਂ ਲਈ ਐਵਰੈਸਟ ‘ਕੋਮੋਲਾਂਗਮਾ’ ਜਾਂ ਦੁਨੀਆ ਦੀ ਦੇਵੀ ਮਾਂ ਹੈ ਤੇ ਉਨ੍ਹਾਂ ਦੇ ਭਾਈਚਾਰੇ ਲਈ ਪੂਜਣਯੋਗ ਹੈ। ਉਹ ਚੜ੍ਹਾਈ ਕਰਨ ਤੋਂ ਪਹਿਲਾਂ ਧਾਰਮਿਕ ਰਸਮਾਂ ਨਿਭਾਉਂਦੇ ਹਨ। ਉਸ ਮੁਤਾਬਕ, ‘‘ਉਨ੍ਹਾਂ (ਪਰਬਤਾਰੋਹੀਆਂ) ਵੱਲੋਂ ਪਹਾੜ ਨੂੰ ਗੰਦਾ ਨਹੀ ਕੀਤਾ ਜਾਣਾ ਚਾਹੀਦਾ। ਇਹ ਸਾਡੇ ਸਭ ਤੋਂ ਵੱਡੇ ਦੇਵਤਾ ਹਨ ਅਤੇ ਦੇਵਤਿਆਂ ਨੂੰ ਗੰਦਾ ਨਹੀਂ ਕਰਨਾ ਚਾਹੀਦਾ।’’ -ਏਪੀ