ਤਿੰਨ ਕਿਸਾਨਾਂ ਦੇ ਖੇਤਾਂ ਵਿੱਚੋਂ ਮੋਟਰਾਂ ਚੋਰੀ
ਪੱਤਰ ਪ੍ਰੇਰਕ
ਲਹਿਰਾਗਾਗਾ, 10 ਅਕਤੂਬਰ
ਪਿੰਡ ਛਾਜਲੀ ਵਿੱਚ ਚੋਰਾਂ ਵੱਲੋਂ ਤਿੰਨ ਕਿਸਾਨਾਂ ਦੇ ਖੇਤਾਂ ਵਿੱਚ ਮੋਟਰ ਵਾਲੇ ਕੋਠਿਆਂ ਦੇ ਤਾਲੇ ਤੋੜ ਕੇ ਕੇਬਲ, ਤਾਰ, ਗਰਿੱਪ, ਪੱਖਾ ਤੇ ਲੱਕੜ ਦੀ ਅਲਮਾਰੀ ਵਗੈਰਾ ਚੋਰੀ ਕਰ ਲਈ ਗਈ ਹੈ। ਇਸ ਸਬੰਧੀ ਗਊਸ਼ਾਲਾ ਕਮੇਟੀ ਦੇ ਸਾਬਕਾ ਪ੍ਰਧਾਨ ਦਰਸ਼ਨ ਸਿੰਘ ਪੂਣੀਆਂ ਅਤੇ ਹਰਵਿੰਦਰ ਸਿੰਘ ਜੱਸੜ ਨੇ ਦੱਸਿਆ ਕਿ ਜਦੋਂ ਉਹ ਸਵੇਰੇ ਆਪਣੇ ਖੇਤ ਪੁੱਜੇ ਤਾਂ ਉਨ੍ਹਾਂ ਦੇਖਿਆ ਕਿ ਖੇਤ ਵਾਲੀ ਮੋਟਰ ਦੇ ਕੋਠੇ ਦਾ ਜਿੰਦਰਾ ਟੁੱਟਿਆ ਪਿਆ ਹੈ ਅਤੇ ਕੋਠੇ ਵਿੱਚ ਪਿਆ ਸਾਮਾਨ ਚੋਰੀ ਹੋ ਚੁੱਕਾ ਸੀ। ਉਨ੍ਹਾਂ ਦੱਸਿਆ ਕਿ ਮੋਟਰ ਵਾਲੇ ਕੋਠੇ ਦੇ ਵਿੱਚ ਹਵਾ ਦੇਣ ਵਾਲਾ ਪੱਖਾ ਤੇ ਕੇਬਲ ਤਾਰ ਚੋਰੀ ਹੋ ਚੁੱਕੀ ਸੀ। ਦੂਜੇ ਕਿਸਾਨ ਦਾ ਕਹਿਣਾ ਹੈ ਕਿ ਉਸ ਦੇ ਕੋਠੇ ਦੀ ਮੋਟਰ ’ਚੋਂ ਗਰਿੱਪ ਕੱਢ ਕੇ ਉਸ ਵਿੱਚੋਂ ਤਾਂਬੇ ਦੀਆਂ ਪੱਤੀਆਂ ਚੋਰੀ ਕਰ ਲਈਆਂ ਗਈਆਂ ਹਨ।
ਤੀਜੇ ਕਿਸਾਨ ਨੇ ਦੱਸਿਆ ਕਿ ਉਨ੍ਹਾਂ ਦੇ ਕੋਠੇ ਵਿੱਚੋਂ ਵੀ 10 ਤੇ 12 ਫੁੱਟ ਦੀ ਤਾਂਬੇ ਦੀ ਤਾਰ ਦਾ ਟੋਟਾ ਅਤੇ ਇੱਕ ਅਲਮਾਰੀ ਲੱਕੜ ਦੀ ਭਾਂਡੇ ਰੱਖਣ ਵਾਲੀ ਚੋਰੀ ਹੋ ਗਈ ਹੈ। ਪੀੜਤਾਂ ਨੇ ਪੁਲੀਸ ਤੋਂ ਮੰਗ ਕੀਤੀ ਕਿ ਚੋਰਾਂ ਨੂੰ ਜਲਦੀ ਤੋਂ ਜਲਦੀ ਫੜ ਕੇ ਉਨ੍ਹਾਂ ’ਤੇ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਪਹਿਲਾਂ ਵੀ ਉਨ੍ਹਾਂ ਦੇ ਖੇਤਾਂ ਵਿੱਚੋਂ ਸਾਮਾਨ ਚੋਰੀ ਹੋ ਚੁੱਕਾ ਹੈ ਜਿਸ ਕਰਕੇ ਉਨ੍ਹਾਂ ਦਾ ਕਾਫ਼ੀ ਨੁਕਸਾਨ ਹੋ ਚੁੱਕਾ ਹੈ।