ਟਰੈਫਿਕ ਨਿਯਮਾਂ ਦੀਆਂ ਧੱਜੀਆਂ ਉਡਾ ਰਹੇ ਨੇ ਮੋਟਰਸਾਈਕਲ ਸਵਾਰ
ਸੰਜੀਵ ਬੱਬੀ
ਚਮਕੌਰ ਸਾਹਿਬ, 24 ਨਵੰਬਰ
ਚਮਕੌਰ ਸਾਹਿਬ ਅਤੇ ਕਸਬਾ ਬੇਲਾ, ਬਹਿਰਾਮਪੁਰ ਬੇਟ ਸਣੇ ਇਲਾਕੇ ਦੇ ਪਿੰਡਾਂ ਵਿੱਚ ਫੇਰੀ ਲਾਉਣ ਵਾਲੇ ਵਿਅਕਤੀ ਮੋਟਰਸਾਈਕਲਾਂ ’ਤੇ ਇੰਨਾ ਸਾਮਾਨ ਲੱਦ ਲੈਂਦੇ ਹਨ ਕਿ ਇਨ੍ਹਾਂ ਕੋਲੋਂ ਲੰਘਦਿਆਂ ਜਾਂ ਓਵਰਟੇਕ ਕਰਨ ਸਮੇਂ ਹਾਦਸਿਆਂ ਦਾ ਡਰ ਬਣਿਆ ਰਹਿੰਦਾ ਹੈ। ਇਲਾਕੇ ਦੇ ਲੋਕਾਂ ਦਾ ਕਹਿਣਾ ਹੈ ਕਿ ਪ੍ਰਸ਼ਾਸਨ ਵੀ ਇਨ੍ਹਾਂ ਖ਼ਿਲਾਫ਼ ਕੋਈ ਕਾਰਵਾਈ ਨਹੀਂ ਕਰਦਾ। ਇਸੇ ਤਰ੍ਹਾਂ ਬਿਨਾਂ ਹੈਲਮੇਟ ਦੇ ਮੋਟਰਸਾਈਕਲਾਂ ਦੇ ਪਟਾਕੇ ਪਾਉਂਦੇ ਨਾਬਾਲਗ ਅਤੇ ਨੌਜਵਾਨ ਟਰੈਫਿਕ ਨਿਯਮਾਂ ਦੀਆਂ ਧੱਜੀਆਂ ਉਡਾਉਂਦੇ ਦੇਖੇ ਜਾ ਸਕਦੇ ਰਹੇ ਹਨ। ਖ਼ਾਸ ਕਰ ਸਕੂਲਾਂ ਦੇ ਨੇੜੇ ਛੁੱਟੀ ਵੇਲੇ ਇਨ੍ਹਾਂ ਦੀਆਂ ਹਰਕਤਾਂ ਆਮ ਲੋਕਾਂ ਲਈ ਦਿੱਕਤਾਂ ਖੜ੍ਹੀਆਂ ਕਰਦੀਆਂ ਹਨ।
ਇਸ ਸਬੰਧੀ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਅਮਨਦੀਪ ਸਿੰਘ ਮਾਂਗਟ, ਬਲਦੇਵ ਸਿੰਘ ਹਾਫਿਜ਼ਾਬਾਦ ਅਤੇ ਕਿਸਾਨ ਆਗੂ ਬਾਈ ਪਰਮਿੰਦਰ ਸਿੰਘ ਸੇਖੋਂ ਨੇ ਜ਼ਿਲ੍ਹਾ ਪੁਲੀਸ ਮੁਖੀ ਅਤੇ ਸਰਕਾਰ ਤੋਂ ਮੰਗ ਕੀਤੀ ਕਿ ਇਨ੍ਹਾਂ ਮੋਟਰਸਾਈਕਲਾਂ ’ਤੇ ਸਾਮਾਨ ਵੇਚਣ ਵਾਲਿਆਂ ਅਤੇ ਪਟਾਕੇ ਮਾਰਨ ਵਾਲੇ ਨੌਜਵਾਨਾਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇ।
ਇਸ ਸਬੰਧੀ ਥਾਣਾ ਮੁਖੀ ਰੋਹਿਤ ਸ਼ਰਮਾ ਨੇ ਕਿਹਾ ਕਿ ਮੋਟਰਸਾਈਕਲਾਂ ’ਤੇ ਵੱਡੀ ਮਾਤਰਾ ’ਚ ਸਾਮਾਨ ਲੱਦਣ ਵਾਲਿਆਂ ਖ਼ਿਲਾਫ਼ ਕਾਨੂੰਨ ਅਨੁਸਾਰ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਉਨ੍ਹਾਂ ਕਿਹਾ ਕਿ ਸਕੂਲ ਨੇੜੇ ਛੁੱਟੀ ਸਮੇਂ ਪੁਲੀਸ ਮੁਲਾਜ਼ਮਾਂ ਨੂੰ ਤਾਇਨਾਤ ਕੀਤਾ ਜਾਂਦਾ ਹੈ ਤਾਂ ਜੋ ਕੋਈ ਨੌਜਵਾਨ ਹੁਲੜਬਾਜ਼ੀ ਨਾ ਕਰ ਸਕੇ।