ਸੜਕ ਹਾਦਸੇ ਵਿੱਚ ਮੋਟਰਸਾਈਕਲ ਸਵਾਰ ਪਿਓ-ਪੁੱਤ ਦੀ ਮੌਤ
ਤਰਨ ਤਾਰਨ (ਪੱਤਰ ਪ੍ਰੇਰਕ): ਤਰਨ ਤਾਰਨ-ਖਡੂਰ ਸਾਹਿਬ ਸੜਕ ’ਤੇ ਬੀਤੀ ਦੇਰ ਰਾਤ ਵਾਪਰੇ ਇੱਕ ਹਾਦਸੇ ਵਿੱਚ ਮੋਟਰਸਾਈਕਲ ਸਵਾਰ ਪਿਉ-ਪੁੱਤ ਦੀ ਮੌਕੇ ’ਤੇ ਹੀ ਮੌਤ ਹੋ ਗਈ। ਇਹ ਹਾਦਸਾ ਸੜਕ ’ਤੇ ਘੁੰਮਦੇ ਲਾਵਾਰਿਸ ਪਸ਼ੂਆਂ ਦੇ ਅਚਾਨਕ ਸਾਹਮਣੇ ਆ ਜਾਣ ਕਾਰਨ ਵਾਪਰਿਆ ਦੱਸਿਆ ਜਾ ਰਿਹਾ ਹੈ। ਮ੍ਰਿਤਕਾਂ ਦੀ ਪਛਾਣ ਪਿੰਡ ਬਾਠ ਦੇ ਵਾਸਨੀਕ ਸੋਨੂੰ (40) ਤੇ ਉਸ ਦੇ ਪੁੱਤਰ ਪੁਨੀਤ ਸਿੰਘ (23) ਵਜੋਂ ਹੋਈ ਹੈ। ਮ੍ਰਿਤਕ ਪਿਓ-ਪੁੱਤ ਮਜ਼ਦੂਰ ਪਰਿਵਾਰ ਨਾਲ ਸਬੰਧ ਰੱਖਦੇ ਸਨ ਤੇ ਰਾਤ ਵੇਲੇ ਆਪਣਾ ਕੰਮ ਖਤਮ ਕਰ ਕੇ ਮੋਟਰਸਾਈਕਲ ’ਤੇ ਤਰਨ ਤਾਰਨ ਤੋਂ ਆਪਣੇ ਪਿੰਡ ਨੂੰ ਪਰਤ ਰਹੇ ਸਨ। ਮੋਟਰਸਾਈਕਲ ਪੁਨੀਤ ਸਿੰਘ ਚਲਾ ਰਿਹਾ ਸੀ। ਜਿਵੇਂ ਹੀ ਉਹ ਪੰਡੋਰੀ ਗੋਲਾਂ ਨੇੜੇ ਪਹੁੰਚੇ ਤਾਂ ਇਕ ਪਾਸੇ ਤੋਂ ਕੁਝ ਲਾਵਾਰਿਸ ਪਸ਼ੁ ਸੜਕ ’ਤੇ ਆ ਗਏ ਅਤੇ ਉਨ੍ਹਾਂ ਦੇ ਮੋਟਰਸਾਈਕਲ ਨਾਲ ਖਹਿ ਗਏ। ਪਸ਼ੂਆਂ ਨਾਲ ਖਹਿਣ ਕਰਕੇ ਮੋਟਰਸਾਈਕਲ ਦਾ ਸੰਤੁਲਨ ਵਿਗੜ ਗਿਆ ਤੇ ਪਿਓ-ਪੁੱਤ ਦੋਵੇਂ ਸੜਕ ਕਿਨਾਰੇ ਲੱਗੇ ਇੱਕ ਦਰੱਖ਼ਤ ਵਿੱਚ ਜਾ ਵੱਜੇ। ਰਾਹਗੀਰਾਂ ਨੇ ਦੋਵੇ ਜ਼ਖ਼ਮੀਆਂ ਨੂੰ ਹਸਪਤਾਲ ਪਹੁੰਚਾਇਆ, ਪਰ ਡਾਕਟਰਾਂ ਨੇ ਉਨ੍ਹਾਂ ਨੂੰ ਮ੍ਰਿਤਕ ਐਲਾਨ ਦਿੱਤਾ। ਸੂਚਨਾ ਮਿਲਣ ’ਤੇ ਪੁਲੀਸ ਨੇ ਮੌਕੇ ਦਾ ਜਾਇਜ਼ਾ ਲਿਆ ਤੇ ਮ੍ਰਿਤਕ ਸੋਨੂੰ ਦੀ ਭੈਣ ਕੁਲਵਿੰਦਰ ਕੌਰ ਦੇ ਬਿਆਨਾਂ ਦੇ ਆਧਾਰ ’ਤੇ ਰਿਪੋਰਟ ਦਰਜ ਕਰ ਲਈ ਹੈ। ਪੋਸਟਮਾਰਟਮ ਮਗਰੋਂ ਅੱਜ ਦੋਵੇਂ ਲਾਸ਼ਾਂ ਪੁਲੀਸ ਨੇ ਵਾਰਿਸਾਂ ਹਵਾਲੇ ਕਰ ਦਿੱਤੀਆਂ ਹਨ, ਜਿਸ ਮਗਰੋਂ ਅੱਜ ਪਿੰਡ ਦੇ ਸ਼ਮਸ਼ਾਨਘਾਟ ਵਿੱਚ ਦੋਵਾਂ ਦਾ ਸਸਕਾਰ ਕਰ ਦਿੱਤਾ ਗਿਆ ਹੈ।