ਮੋਟਰਸਾਈਕਲ ਚੋਰ ਸੀਆਈਏ ਦੇ ਅੜਿੱਕੇ
ਨਿੱਜੀ ਪੱਤਰ ਪ੍ਰੇਰਕ
ਕਪੂਰਥਲਾ, 19 ਫਰਵਰੀ
ਸੀ ਆਈ ਏ ਸਟਾਫ਼ ਕਪੂਰਥਲਾ ਦੀ ਪੁਲੀਸ ਨੇ ਲੱਖਾਂ ਰੁਪਏ ਦੇ ਚੋਰੀਸ਼ੁਦਾ ਵਹੀਕਲਾਂ ਸਮੇਤ ਇੱਕ ਵਿਅਕਤੀ ਨੂੰ ਕਾਬੂ ਕੀਤਾ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਏ ਐੱਸ ਆਈ ਕੁਲਦੀਪ ਸਿੰਘ ਨੇ ਸਮੇਤ ਪੁਲੀਸ ਪਾਰਟੀ ਦਾਣਾ ਮੰਡੀ ਕਪੂਰਥਲਾ ਵਿੱਚ ਨਾਕਾਬੰਦੀ ਕਰ ਕੇ ਕਥਿਤ ਦੋਸ਼ੀ ਮੁਲਜ਼ਮ ਕਰਨਪਾਲ ਸਿੰਘ ਉਰਫ਼ ਕਰਨ ਵਾਸੀ ਮੁਹੱਲਾ ਕਿਲੇਵਾਲਾ ਨੂੰ ਚੋਰੀਸ਼ੁਦਾ ਮੋਟਰਸਾਈਕਲ ਸਮੇਤ ਕਾਬੂ ਕੀਤਾ। ਪੁਲੀਸ ਵੱਲੋਂ ਕੀਤੀ ਗਈ ਪੁੱਛਗਿੱਛ ਦੌਰਾਨ ਮੁਲਜ਼ਮ ਦੀ ਨਿਸ਼ਾਨਦੇਹੀ ’ਤੇ ਅੱਠ ਹੋਰ ਬਿਨਾਂ ਨੰਬਰੀ ਮੋਟਰਸਾਈਕਲ ਅਤੇ ਇੱਕ ਐਕਟਿਵਾ ਸਕੂਟਰੀ ਬਰਾਮਦ ਕੀਤੀ ਗਈ ਜਿਸ ’ਤੇ ਪੁਲੀਸ ਨੇ ਮੁਲਜ਼ਮ ਖ਼ਿਲਾਫ਼ ਥਾਣਾ ਸਿਟੀ ਕਪੂਰਥਲਾ ਵਿੱਚ ਕੇਸ ਦਰਜ ਕਰ ਲਿਆ ਹੈ। ਗ੍ਰਿਫ਼ਤਾਰ ਮੁਲਜ਼ਮ ਕਰਨਪਾਲ ਸਿੰਘ ਉਰਫ ਕਰਨ ਤੋਂ ਕੀਤੀ ਗਈ ਪੁੱਛਗਿੱਛ ਦੌਰਾਨ ਉਸ ਨੇ ਦੱਸਿਆ ਕਿ ਕੁਝ ਦਿਨ ਪਹਿਲਾਂ ਹੀ ਉਸ ਨੇ ਤਿੰਨ ਚੋਰੀ ਦੇ ਮੋਟਰਸਾਈਕਲ ਕਥਿਤ ਦੋਸ਼ੀ ਮੁਲਜ਼ਮ ਜਗਜੋਤ ਸਿੰਘ ਉਰਫ ਜੱਗਾ ਵਾਸੀ ਪਿੰਡ ਮੁਸ਼ਕਵੇਦ ਕਪੂਰਥਲਾ ਨੂੰ ਚੋਰੀ ਦੇ ਦੱਸ ਕੇ ਵੇਚੇ ਸਨ ਜਿਸ ਸਬੰਧੀ ਪੁਲੀਸ ਨੇ ਥਾਣਾ ਸਿਟੀ ਕਪੂਰਥਲਾ ਵਿੱਚ ਕੇਸ ਦਰਜ ਕੀਤਾ ਹੈ। ਗ੍ਰਿਫ਼ਤਾਰ ਮੁਲਜ਼ਮ ਨੂੰ ਅਦਾਲਤ ਵਿੱਚ ਪੇਸ਼ ਕਰ ਕੇ ਇੱਕ ਦਿਨਾਂ ਦਾ ਰਿਮਾਂਡ ਲਿਆ ਗਿਆ ਹੈ।
ਲੁਟੇਰਾ ਗਰੋਹ ਚੋਰੀ ਦੇ ਪੰਜ ਮੋਬਾਈਲਾਂ ਅਤੇ ਦੋ ਮੋਟਰਸਾਈਕਲਾਂ ਸਮੇਤ ਗ੍ਰਿਫ਼ਤਾਰ
ਸ਼ਾਹਕੋਟ: ਸ਼ਾਹਕੋਟ ਪੁਲੀਸ ਨੇ ਲੁਟੇਰਾ ਗਰੋਹ ਦੇ ਤਿੰਨ ਮੈਂਬਰਾਂ ਨੂੰ ਚੋਰੀ ਦੇ ਪੰਜ ਮੋਬਾਈਲਾਂ ਅਤੇ 2 ਮੋਟਰਸਾਈਕਲਾਂ ਸਮੇਤ ਗ੍ਰਿਫ਼ਤਾਰ ਕੀਤਾ ਹੈ। ਐੱਸਐੱਚਓ ਸ਼ਾਹਕੋਟ ਯਾਦਵਿੰਦਰ ਸਿੰਘ ਨੇ ਦੱਸਿਆ ਕਿ ਅਵਤਾਰ ਉਰਫ ਸੋਨੂੰ ਪੁੱਤਰ ਤਰਸੇਮ ਲਾਲ ਵਾਸੀ ਰੂਪੇਵਾਲ ਨੇ 27 ਜਨਵਰੀ ਨੂੰ ਰਿਪੋਰਟ ਦਰਜ ਕਰਵਾਈ ਸੀ ਕਿ ਤਿੰਨ ਮੋਟਰਸਾਈਕਲ ਸਵਾਰ ਲੁਟੇਰਿਆਂ ਨੇ ਉਸ ਉੱਪਰ ਦਾਤਰ ਨਾਲ ਹਮਲਾ ਕਰ ਕੇ ਉਸਦੇ ਦੋ ਮੋਬਾਈਲ ਖੋਹ ਲਏ ਹਨ। ਉਨ੍ਹਾਂ ਦੱਸਿਆ ਕਿ ਉਨ੍ਹਾਂ ਥਾਣੇ ਵਿੱਚ ਕੇਸ ਦਰਜ ਕਰਵਾਇਆ ਸੀ। ਥਾਣਾ ਮੁਖੀ ਨੇ ਦੱਸਿਆ ਕਿ ਤਫ਼ਤੀਸ਼ ਦੌਰਾਨ ਉਨ੍ਹਾਂ ਨੇ ਉਕਤ ਘਟਨਾ ਦੇ ਲੁਟੇਰਾ ਗਰੋਹ ਦੇ ਸਮਾਇਲ ਵਾਸੀ ਸੀਚੇਵਾਲ, ਚੰਦਨ ਅਤੇ ਯੁਵਰਾਜ ਵਾਸੀਆਨ ਯੱਕੋਪੁਰ ਖੁਰਦ ਨੂੰ ਚੋਰੀ ਦੇ ਦੋ ਮੋਟਰਸਾਈਕਲਾਂ ਅਤੇ ਪੰਜ ਮੋਬਾਈਲਾਂ ਸਮੇਤ ਗ੍ਰਿਫ਼ਤਾਰ ਕੀਤਾ ਹੈ। ਉਨ੍ਹਾਂ ਕਿਹਾ ਕਿ ਸਮਾਇਲ ਉੱਪਰ ਪਹਿਲਾਂ ਵੀ ਥਾਣਾ ਲੋਹੀਆਂ ਖਾਸ ਵਿੱਚ 12 ਮਾਰਚ 2023 ਨੂੰ ਲੁੱਟ-ਖੋਹ ਅਤੇ ਨਾਜਾਇਜ਼ ਦੇਸੀ ਕੱਟਾ ਰੱਖਣ ਦਾ ਕੇਸ ਦਰਜ ਹੋਇਆ ਸੀ, ਜਿਸ ਵਿੱਚੋਂ ਉਹ ਜ਼ਮਾਨਤ ’ਤੇ ਚੱਲ ਰਿਹਾ ਸੀ। ਉਨ੍ਹਾਂ ਕਿਹਾ ਕਿ ਮੁਲਜ਼ਮਾਂ ਨੂੰ ਨਕੋਦਰ ਅਦਾਲਤ ਵਿੱਚ ਪੇਸ਼ ਕਰ ਕੇ ਦੋ ਦਿਨਾਂ ਦਾ ਪੁਲੀਸ ਰਿਮਾਂਡ ਹਾਸਲ ਕੀਤਾ ਗਿਆ ਹੈ। -ਪੱਤਰ ਪ੍ਰੇਰਕ