ਮੋਟਰਸਾਈਕਲ ਚੋਰੀ ਕਰਨ ਵਾਲੇ ਗਰੋਹ ਦਾ ਪਰਦਾਫਾਸ਼
ਪੱਤਰ ਪ੍ਰੇਰਕ
ਜਲੰਧਰ, 21 ਸਤੰਬਰ
ਪੁਲੀਸ ਕਮਿਸ਼ਨਰ ਸਵਪਨ ਸ਼ਰਮਾ ਦੀ ਅਗਵਾਈ ਹੇਠ ਜਲੰਧਰ ਕਮਿਸ਼ਨਰੇਟ ਪੁਲੀਸ ਨੇ ਸ਼ਹਿਰ ਵਿੱਚ ਮੋਟਰਸਾਈਕਲ ਚੋਰੀ ਕਰਨ ਵਾਲੇ ਇੱਕ ਗਰੋਹ ਦਾ ਪਰਦਾਫਾਸ਼ ਕੀਤਾ ਹੈ। ਪੁਲੀਸ ਕਮਿਸ਼ਨਰ ਨੇ ਦੱਸਿਆ ਕਿ ਪੁਲੀਸ ਨੂੰ ਸੂਹ ਮਿਲੀ ਸੀ ਕਿ ਸ਼ਹਿਰ ਵਿੱਚ ਇੱਕ ਗਰੋਹ ਕੰਮ ਕਰ ਰਿਹਾ ਹੈ ਜੋ ਮੋਟਰਸਾਈਕਲਾਂ ਦੀ ਚੋਰੀ ਅਤੇ ਉਨ੍ਹਾਂ ਨੂੰ ਵੇਚਣ ਦਾ ਕਾਰੋਬਾਰ ਕਰਦਾ ਹੈ। ਉਨ੍ਹਾਂ ਦੱਸਿਆ ਕਿ ਰੋਹਿਤ ਕੁਮਾਰ ਵਾਸੀ ਤਿਲਕ ਨਗਰ, ਜਲੰਧਰ ਲੰਮੇ ਸਮੇਂ ਤੋਂ ਮੋਟਰਸਾਈਕਲ ਚੋਰੀ ਕਰਨ ਦੀਆਂ ਵਾਰਦਾਤਾਂ ਨੂੰ ਅੰਜਾਮ ਦੇ ਰਿਹਾ ਸੀ। ਉਨ੍ਹਾਂ ਦੱਸਿਆ ਕਿ ਮੁਲਜ਼ਮ ਨੂੰ ਐਫਆਈਆਰ ਨੰਬਰ 96 ਅਧੀਨ 303 (2) ਬੀਐੱਨਐੱਸ, ਥਾਣਾ ਡਿਵੀਜ਼ਨ ਨੰਬਰ 5, ਜਲੰਧਰ ਵਿੱਚ ਘਾਸ ਮੰਡੀ ਚੌਕ, ਜਲੰਧਰ ਤੋਂ ਗ੍ਰਿਫ਼ਤਾਰ ਕੀਤਾ ਗਿਆ। ਪੁਲੀਸ ਕਮਿਸ਼ਨਰ ਨੇ ਦੱਸਿਆ ਕਿ ਤਫਤੀਸ਼ ਦੌਰਾਨ ਕਥਿਤ ਦੋਸ਼ੀ ਰੋਹਿਤ ਕੁਮਾਰ ਨੇ ਕਬੂਲ ਕੀਤਾ ਕਿ ਉਹ ਚੋਰੀ ਦੇ ਮੋਟਰਸਾਈਕਲ ਵੇਚਦਾ ਸੀ। ਉਨ੍ਹਾਂ ਦੱਸਿਆ ਕਿ ਮੁਲਜ਼ਮ ਨੇ ਇਹ ਵੀ ਮੰਨਿਆ ਕਿ ਉਹ ਇਹ ਮੋਟਰਸਾਈਕਲ ਸਕਰੈਪ ਡੀਲਰ ਸੁਮਿਤ ਉਰਫ਼ ਸ਼ੰਮੀ ਵਾਸੀ ਨਿਊ ਦਸਮੇਸ਼ ਨਗਰ, ਜਲੰਧਰ ਨੂੰ ਭੇਜਦਾ ਸੀ।
ਪੁਲੀਸ ਨੇ ਕਾਰਵਾਈ ਕਰਦਿਆਂ ਸਕਰੈਪ ਡੀਲਰ ਸੁਮਿਤ ਉਰਫ਼ ਸ਼ੰਮੀ ਨੂੰ ਵੀ ਗ੍ਰਿਫ਼ਤਾਰ ਕਰ ਲਿਆ ਹੈ। ਪੁਲੀਸ ਕਮਿਸ਼ਨਰ ਨੇ ਦੱਸਿਆ ਕਿ ਤਫ਼ਤੀਸ਼ ਦੌਰਾਨ ਸਕਰੈਪ ਡੀਲਰ ਨੇ ਮੰਨਿਆ ਕਿ ਚੋਰੀ ਦੇ ਮੋਟਰਸਾਈਕਲਾਂ ਨੂੰ ਛੋਟੇ-ਛੋਟੇ ਟੁਕੜਿਆਂ ਵਿੱਚ ਕੱਟ ਕੇ ਉਹ ਅੱਗੇ ਹੋਰ ਸਕਰੈਪ ਡੀਲਰਾਂ ਨੂੰ ਵੇਚਦਾ ਸੀ। ਉਨ੍ਹਾਂ ਦੱਸਿਆ ਕਿ ਪੁਲੀਸ ਨੇ ਸੁਮਿਤ ਉਰਫ਼ ਸ਼ੰਮੀ ਦੇ ਘਰੋਂ ਚੋਰੀ ਕੀਤੇ ਮੋਟਰਸਾਈਕਲਾਂ ਦੇ ਵੱਖ-ਵੱਖ ਪੁਰਜ਼ੇ ਵੇਚ ਕੇ ਕਮਾਏ 70,000 ਰੁਪਏ ਵੀ ਬਰਾਮਦ ਕੀਤੇ ਹਨ।
ਕਾਹਨੂੰਵਾਨ (ਪੱਤਰ ਪ੍ਰੇਰਕ): ਥਾਣਾ ਭੈਣੀ ਮੀਆਂ ਖਾਂ ਨੇ ਚੋਰੀ ਦੇ ਮੋਟਰਸਾਈਕਲਾਂ ਸਮੇਤ ਇੱਕ ਵਿਅਕਤੀ ਨੂੰ ਕਾਬੂ ਕਰਨ ਦਾ ਦਾਅਵਾ ਕੀਤਾ ਹੈ। ਇਸ ਸਬੰਧੀ ਏ.ਐੱਸ.ਆਈ. ਗੁਰਨਾਮ ਸਿੰਘ ਅਤੇ ਤੀਰਥ ਰਾਮ ਨੇ ਦੱਸਿਆ ਕਿ ਉਨ੍ਹਾਂ ਨੇ ਬੀਤੇ ਦਿਨ ਮੁੱਲਾਂਵਾਲ ਨੇੜੇ ਧੁੱਸੀ ਬੰਨ੍ਹ ਉੱਤੇ ਨਾਕਾ ਲਗਾਇਆ ਹੋਇਆ ਸੀ।
ਇਸ ਦੌਰਾਨ ਇੱਕ ਮੋਟਰਸਾਈਕਲ (ਨੰਬਰ ਪੀ.ਬੀ.06 ਐਮ. 6505) ਸਵਾਰ ਨੂੰ ਰੋਕ ਕੇ ਜਦੋਂ ਉਸ ਨੂੰ ਵਾਹਨ ਦੇ ਕਾਗ਼ਜ਼ਾਤ ਦਿਖਾਉਣ ਲਈ ਕਿਹਾ ਗਿਆ ਤਾਂ ਉਹ ਕੁੱਝ ਨਹੀਂ ਦੱਸ ਸਕਿਆ। ਇਸ ਦੌਰਾਨ ਉਸ ਨੂੰ ਥਾਣੇ ਲਿਜਾ ਕੇ ਪੁੱਛ ਖੜਤਾਲ ਕੀਤੀ ਗਈ ਤਾਂ ਉਸ ਤੋਂ ਚੋਰੀ ਦੇ ਤਿੰਨ ਮੋਟਰਸਾਈਕਲ ਬਰਾਮਦ ਹੋਏ। ਮੁਲਜ਼ਮ ਜਸਨਪ੍ਰੀਤ ਸਿੰਘ ਪੁੱਤਰ ਸੁਖਦੇਵ ਸਿੰਘ ਵਾਸੀ ਪੁਰਾਣੀਆਂ ਬਾਗੜੀਆਂ ਉੱਤੇ ਬਣਦੀਆਂ ਧਾਰਾਵਾਂ ਤਹਿਤ ਕੇਸ ਦਰਜ ਕਰ ਕੇ ਅੱਜ ਅਦਾਲਤ ਵਿੱਚ ਪੇਸ਼ ਕਰ ਦਿੱਤਾ ਗਿਆ ਹੈ।