ਮੋਟਰਸਾਈਕਲ ਸਵਾਰ ਪਰਸ ਝਪਟ ਦੇ ਫ਼ਰਾਰ
ਨਿੱਜੀ ਪੱਤਰ ਪ੍ਰੇਰਕ
ਜ਼ੀਰਕਪੁਰ, 10 ਜੂਨ
ਸ਼ਹਿਰ ਵਿੱਚ ਲੁੱਟ-ਖੋਹ, ਚੋਰੀ ਤੇ ਝਪਟਮਾਰੀ ਦੀਆਂ ਵਾਰਦਾਤਾਂ ਵਿੱਚ ਵਾਧਾ ਹੋ ਰਿਹਾ ਹੈ ਜਿਸ ਕਰ ਕੇ ਲੋਕਾਂ ਵਿੱਚ ਪੁਲੀਸ ਦੇ ਵਿਰੁੱਧ ਨਾਰਾਜ਼ਗੀ ਵੀ ਵਧਦੀ ਜਾ ਰਹੀ ਹੈ। ਇਸ ਦੇ ਸਿੱਟੇ ਵਜੋਂ ਲੋਕ ਸਭਾ ਚੋਣਾਂ ਵਿੱਚ ਨਤੀਜੇ ਆਮ ਆਦਮੀ ਪਾਰਟੀ ਦੇ ਹੱਕ ਵਿੱਚ ਨਹੀਂ ਰਹੇ। ਲੁਟੇਰਿਆਂ, ਚੋਰਾਂ ਅਤੇ ਝਪਟਮਾਰਾਂ ਦੇ ਹੌਸਲੇ ਇੰਨੇ ਵਧੇ ਹੋਏ ਹਨ ਕਿ ਉਨ੍ਹਾਂ ਵੱਲੋਂ ਦਿਨੇ-ਦੁਪਹਿਰੇ ਔਰਤਾਂ ਨੂੰ ਸ਼ਿਕਾਰ ਬਣਾਉਣਾ ਸ਼ੁਰੂ ਕਰ ਦਿੱਤਾ ਗਿਆ ਹੈ। ਹਰ ਰੋਜ਼ ਸ਼ਹਿਰ ਵਿੱਚ ਦਿਨ-ਦਿਹਾੜੇ ਝਪਟਮਾਰੀ ਦੀਆਂ ਵਾਰਦਾਤਾਂ ਵਾਪਰ ਰਹੀਆਂ ਹਨ। ਇਸ ਕਾਰਨ ਲੋਕਾਂ ਵਿੱਚ ਦਹਿਸ਼ਤ ਦਾ ਮਾਹੌਲ ਬਣਿਆ ਹੋਇਆ ਹੈ।
ਬਲਟਾਣਾ ਖੇਤਰ ਦੀ ਸੈਣੀ ਵਿਹਾਰ ਕਲੋਨੀ ਵਿੱਚ ਐਤਵਾਰ ਨੂੰ ਦੋ ਮੋਟਰਸਾਈਕਲ ਸਵਾਰ ਝਪਟਮਾਰਾਂ ਨੇ ਪੈਦਲ ਜਾ ਰਹੀ ਔਰਤ ਤੋਂ ਉਸ ਦਾ ਪਰਸ ਖੋਹ ਲਿਆ। ਪੀੜਤ ਨੇ ਦੱਸਿਆ ਕਿ ਐਤਵਾਰ ਨੂੰ ਸਤਿਸੰਗ ਤੋਂ ਬਾਅਦ ਉਹ ਪੈਦਲ ਘਰ ਵੱਲ ਜਾ ਰਹੀ ਸੀ। ਇਸ ਦੌਰਾਨ ਪਿੱਛੇ ਤੋਂ ਮੋਟਰਸਾਈਕਲ ਸਵਾਰ ਦੋ ਅਣਪਛਾਤੇ ਨੌਜਵਾਨਾਂ ਨੇ ਉਸ ਦੇ ਹੱਥ ’ਚੋਂ ਪਰਸ ਖੋਹ ਲਿਆ ਅਤੇ ਫ਼ਰਾਰ ਹੋ ਗਏ। ਇਹ ਸਾਰੀ ਘਟਨਾ ਇਕ ਘਰ ਵਿੱਚ ਲੱਗੇ ਸੀਸੀਟੀਵੀ ਵਿੱਚ ਕੈਦ ਹੋ ਗਈ ਹੈ। ਇਸ ਤੋਂ ਬਾਅਦ ਮਾਮਲੇ ਦੀ ਸੂਚਨਾ ਪੁਲੀਸ ਨੂੰ ਦਿੱਤੀ ਗਈ। ਪੁਲੀਸ ਨੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਲੈ ਕੇ ਚੋਰਾਂ ਦੀ ਸ਼ਨਾਖ਼ਤ ਸ਼ੁਰੂ ਕਰ ਦਿੱਤੀ ਹੈ। ਤਾਜ਼ਾ ਵਾਪਰੀ ਇਸ ਘਟਨਾ ਕਰ ਕੇ ਸ਼ਹਿਰ ਵਾਸੀਆਂ ਵਿਚ ਦਹਿਸ਼ਤ ਦਾ ਮਾਹੌਲ ਬਣਿਆ ਹੋਇਆ ਹੈ ਅਤੇ ਪੁਲੀਸ ਦੀ ਕਾਰਗੁਜ਼ਾਰੀ ’ਤੇ ਸਵਾਲ ਉੱਠ ਰਹੇ ਹਨ।
ਥਾਣਾ ਮੁਖੀ ਜਸਕੰਵਲ ਸਿੰਘ ਨੇ ਕਿਹਾ ਕਿ ਪੁਲੀਸ ਸੀਸੀਟੀਵੀ ਫੁਟੇਜ ਦੇ ਆਧਾਰ ’ਤੇ ਦੋਸ਼ੀਆਂ ਦੀ ਭਾਲ ਕਰ ਰਹੀ ਹੈ।