ਸ਼ਹੀਦ ਸੁਖਦੇਵ ਦੇ ਜੱਦੀ ਘਰ ਵੱਲ ਮੋਟਰਸਾਈਕਲ ਮਾਰਚ
ਸਤਵਿੰਦਰ ਬਸਰਾ
ਲੁਧਿਆਣਾ, 31 ਜੁਲਾਈ
ਨੌਜਵਾਨ ਭਾਰਤ ਸਭਾ ਵੱਲੋਂ ਫਿਰੋਜ਼ਪੁਰ ਦੇ ਤੂੜੀ ਬਾਜ਼ਾਰ ਸਥਿਤ ਸ਼ਹੀਦ ਭਗਤ ਸਿੰਘ ਤੇ ਸਾਥੀਆਂ ਦੇ ਇਤਿਹਾਸਕ ਗੁਪਤ ਟਿਕਾਣੇ ਨੂੰ ਯਾਦਗਾਰ ਤੇ ਲਾਇਬ੍ਰੇਰੀ ‘ਚ ਵਿਕਸਿਤ ਕਰਾਉਣ ਲਈ ਅੱਜ ਸ਼ਹੀਦ ਊਧਮ ਸਿੰਘ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਮੋਗਾ ਤੇ ਜਲੰਧਰ ਤੋਂ ਲੁਧਿਆਣੇ ਸ਼ਹੀਦ ਸੁਖਦੇਵ ਦੇ ਜੱਦੀ ਘਰ ਤੱਕ ਮੋਟਰਸਾਈਕਲ ਮਾਰਚ ਕੀਤਾ ਜਿੱਥੇ ਆਗੂਆਂ ਨੇ ਸ਼ਹੀਦ ਸੁਖਦੇਵ ਦੇ ਬੁੱਤ ‘ਤੇ ਸਿਰੋਪਾਉ ਪਾ ਕੇ ਸ਼ਰਧਾਂਜਲੀ ਭੇਟ ਕੀਤੀ। ਨੌਜਵਾਨ ਭਾਰਤ ਸਭਾ 28 ਸਤੰਬਰ ਨੂੰ ਇਸ ਮੰਗ ਨੂੰ ਲੈ ਕੇ ਸੈਰ ਸਪਾਟਾ ਮੰਤਰੀ ਅਨਮੋਲ ਗਗਨ ਮਾਨ ਦੇ ਘਰ ਦਾ ਘਿਰਾਉ ਕਰੇਗੀ। ਨੌਜਵਾਨ ਭਾਰਤ ਸਭਾ ਦੇ ਸੂਬਾ ਮੀਤ ਪ੍ਰਧਾਨ ਕਰਮਜੀਤ ਮਾਣੂੰਕੇ, ਜਸਕਰਨ ਆਜਾਦ, ਮੰਡਿਆਲਾ ਨੇ ਸੰਬੋਧਨ ਕਰਦਿਆਂ ਕਿਹਾ ਕਿ ਊਧਮ ਸਿੰਘ ਦੀ ਸ਼ਹਾਦਤ ਨੂੰ ਪੌਣੀ ਸਦੀ ਬੀਤ ਜਾਣ ਦੇ ਬਾਵਜੂਦ ਵੀ ਸਰਕਾਰਾਂ ਊਧਮ ਸਿੰਘ ਦੀ ਅਸਲ ਤਸਵੀਰ ਨਾਲ ਮੇਲ ਖਾਂਦਾ ਬੁੱਤ ਨਹੀਂ ਬਣਾ ਸਕੀਆਂ। ਸਭਾ ਦੇ ਆਗੂ ਬ੍ਰਿਜ ਰਾਜੇਆਣਾ, ਸੁਖਦੇਵ ਸਿੰਘ ਮੰਡਿਆਲਾ ਨੇ ਕਿਹਾ ਕਿ ਬ੍ਰਿਟਿਸ਼ ਸਾਮਰਾਜ ਤੋਂ ਦੇਸ਼ ਨੂੰ ਆਜ਼ਾਦ ਕਰਾ ਕੇ ਬਰਾਬਰੀ ਵਾਲਾ ਸਮਾਜ ਸਿਰਜਣ ਲਈ ਸ਼ਹੀਦ ਭਗਤ ਸਿੰਘ ਤੇ ਸਾਥੀਆਂ ਦੀ ਪਾਰਟੀ ਹਿੰਦੁਸਤਾਨ ਸੋਸ਼ਲਿਸਟ ਰਿਪਬਲਿਕਨ ਐਸੋਸੀਏਸ਼ਨ ਨੇ ਫਿਰੋਜ਼ਪੁਰ ਦੇ ਤੂੜੀ ਬਾਜ਼ਾਰ ਵਿੱਚ ਆਪਣਾ ਗੁਪਤ ਟਿਕਾਣਾ ਬਣਾਇਆ ਸੀ। ਗੁਪਤ ਟਿਕਾਣੇ ਲਈ ਦੋ ਮੰਜ਼ਿਲਾ ਇਮਾਰਤ ਕਿਰਾਏ ‘ਤੇ ਲਈ ਸੀ। ਭਗਤ ਸਿੰਘ ਦੇ ਦਾੜ੍ਹੀ ਤੇ ਕੇਸ ਇਸੇ ਟਿਕਾਣੇ ‘ਤੇ ਕੱਟੇ ਗਏ, ਲਾਲਾ ਲਾਜਪਤ ਰਾਏ ਦੀ ਮੌਤ ਦਾ ਬਦਲਾ ਲੈਣ ਲਈ ਸਾਂਡਰਸ ਨੂੰ ਮਾਰਨ ਦੀ ਵਿਉਂਤਬੰਦੀ ਇੱਥੇ ਹੀ ਘੜੀ ਗਈ। ਇਥੇ ਹੀ ਕ੍ਰਾਂਤੀਕਾਰੀ ਏਅਰ ਪਿਸਟਲ ਨਾਲ ਫਾਇਰ ਕਰਕੇ ਨਿਸ਼ਾਨੇਬਾਜ਼ੀ ਸਿੱਖਦੇ ਰਹੇ। ਸ਼ਿਵ ਵਰਮਾ ਨੇ 53 ਕ੍ਰਾਂਤੀਕਾਰੀਆਂ ਦੀਆਂ ਜੀਵਨੀਆਂ ਇੱਥੇ ਬੈਠ ਕੇ ਹੀ ਲਿਖੀਆਂ ਸਨ। ਪਰ ਅੱਜ ਇਤਿਹਾਸਿਕ ਗੁਪਤ ਟਿਕਾਣੇ ‘ਤੇ ਕਿਸੇ ਦਾ ਕਥਿਤ ਤੌਰ ਤੇ ਨਾਜਾਇਜ਼ ਕਬਜ਼ਾ ਹੈ। ਸੈਰ ਸਪਾਟਾ ਮੰਤਰੀ ਅਨਮੋਲ ਗਗਨ ਦੇ ਵਾਰ ਵਾਰ ਮਸਲਾ ਧਿਆਨ ‘ਚ ਲਿਆਉਣ ਦੇ ਬਾਵਜੂਦ ਕੋਈ ਗੌਰ ਨਹੀਂ ਕੀਤੀ ਗਈ। ਨੌਜਵਾਨ ਭਾਰਤ ਸਭਾ ਨੇ ਮੰਗ ਕੀਤੀ ਕਿ ਇਸ ਗੁਪਤ ਟਿਕਾਣੇ ਨੂੰ ਯਾਦਗਾਰ ਤੇ ਲਾਇਬ੍ਰੇਰੀ ਵਿੱਚ ਵਿਕਸਿਤ ਕੀਤਾ ਜਾਵੇ ਨਹੀਂ ਤਾਂ ਸੰਘਰਸ਼ ਨੂੰ ਤੇਜ਼ ਕਰਾਂਗੇ। ਇਸ ਮੌਕੇ ਸੂਬਾ ਸਕੱਤਰ ਮੰਗਲਜੀਤ ਪੰਡੋਰੀ, ਨੌਜਵਾਨ ਭਾਰਤ ਸਭਾ ਦੇ ਆਗੂ ਬ੍ਰਿਜ ਰਾਜੇਆਣਾ, ਰਜਿੰਦਰ ਰਾਜੇਆਣਾ, ਸਤਨਾਮ ਸਿੰਘ ਡਾਲਾ, ਰਾਜੂ ਡਾਲਾ, ਰਾਜਦੀਪ ਸਿੰਘ, ਗੁਰਪ੍ਰੀਤ ਸਿੰਘ ਰੋਡੇ ਆਦਿ ਨੇ ਵੀ ਸੰਬੋਧਨ ਕੀਤਾ।