ਨੌਜਵਾਨ ਭਾਰਤ ਸਭਾ ਵੱਲੋਂ ਮੋਟਰਸਾਈਕਲ ਮਾਰਚ
ਪੱਤਰ ਪ੍ਰੇਰਕ
ਸ਼ਾਹਕੋਟ, 16 ਨਵੰਬਰ
ਨੌਜਵਾਨ ਭਾਰਤ ਸਭਾ ਨੇ ਲੋਹੀਆਂ ਖਾਸ ਤੋਂ ਬੀਰ ਪਿੰਡ ਤੱਕ ਮੋਟਰਸਾਈਕਲ ਮਾਰਚ ਕਰਕੇ ਨਕੋਦਰ ਦੀ ਵਿਧਾਇਕਾ ਇੰਦਰਜੀਤ ਕੌਰ ਮਾਨ ਦੇ ਪੀਏ ਨੂੰ ਮੰਗ ਪੱਤਰ ਸੌਪ ਕੇ ਫਿਰੋਜਪੁਰ ਦੇ ਤੂੜੀ ਬਜਾਰ ਵਿਚ ਸਥਿਤ ਸ਼ਹੀਦ ਭਗਤ ਸਿੰਘ ਵੱਲੋਂ ਦੇਸ਼ ਦੀ ਆਜ਼ਾਦੀ ਲਈ ਲੜੇ ਸੰਘਰਸ਼ ਦੌਰਾਨ ਵਰਤੇ ਗੁਪਤ ਟਿਕਾਣੇ ਅਤੇ ਸ਼ਹੀਦ ਮਦਨ ਲਾਲ ਢੀਗਰਾ ਦੇ ਘਰ ਨੂੰ ਬਚਾਉਣ ਦੀ ਮੰਗ ਕੀਤੀ। ਸਭਾ ਦੇ ਜ਼ਿਲ੍ਹਾ ਆਗੂ ਸੋਨੂੰ ਅਰੋੜਾ ਅਤੇ ਸੁੱਖ ਮੰਡਿਆਲਾ ਨੇ ਇਕੱਠ ਨੂੰ ਸੰਬੋਧਨ ਕਰਦਿਆ ਸ਼ਹੀਦ ਕਰਤਾਰ ਸਰਾਭਾ ਨੂੰ ਉਨ੍ਹਾਂ ਦੇ ਸ਼ਹੀਦੀ ਦਿਨ ’ਤੇ ਸ਼ਰਧਾ ਦੇ ਫੁੱਲ ਭੇਟ ਕੀਤੇ। ਉਨ੍ਹਾਂ ਨੌਜਵਾਨਾਂ ਨੂੰ ਸ਼ਹੀਦਾਂ ਦੇ ਦਰਸਾਏ ਮਾਰਗ ’ਤੇ ਚੱਲ ਕੇ ਵਿਦਿਆ ਤੇ ਰੁਜ਼ਗਾਰ ਲਈ ਸੰਘਰਸ਼ ਕਰਨ ਦਾ ਸੱਦਾ ਦਿਤਾ। ਉਨ੍ਹਾਂ ਮੰਗ ਕੀਤੀ ਕਿ ਸ਼ਹੀਦਾਂ ਦੀ ਵਿਰਾਸਤ ਨੂੰ ਸੰਭਾਲਣ ਲਈ ਫਿਰੋਜ਼ਪੁਰ ਦੇ ਤੂੜੀ ਬਾਜ਼ਾਰ ਵਿਚ ਸਥਿਤ ਸ਼ਹੀਦ ਭਗਤ ਸਿੰਘ ਤੇ ਉਨ੍ਹਾਂ ਦੇ ਸਾਥੀਆਂ ਦੇ ਇਤਿਹਾਸਿਕ ਗੁਪਤ ਟਿਕਾਣੇ ਨੂੰ ਯਾਦਗਾਰ ਤੇ ਲਾਇਬ੍ਰੇਰੀ ਵਿਚ ਵਿਕਸਤ ਕੀਤਾ ਜਾਵੇ। ਸ਼ਹੀਦ ਮਦਨ ਲਾਲ ਢੀਂਗਰਾ ਦੇ ਘਰ ਦੀ ਸੰਭਾਲ ਕੀਤੀ ਜਾਵੇ।
ਇਸ ਮੌਕੇ ਨਵਜੋਤ ਸਿਆਣੀਵਾਲ, ਅਜੇ ਲੋਹੀਆਂ, ਪ੍ਰਦੀਪ ਅਰੋੜਾ, ਸਨੀ ਤੇ ਪੇਂਡੂ ਮਜ਼ਦੂਰ ਯੂਨੀਅਨ ਦੇ ਆਗੂ ਕਸ਼ਮੀਰ ਮੰਡਿਆਲਾ ਨੇ ਸੰਬੋਧਨ ਕੀਤਾ।