ਮੁੱਖ ਮੰਤਰੀ ਦੇ ਹਲਕੇ ’ਚ ਰੈਲੀ ਕਰਨਗੇ ਮੋਟਰਸਾਈਕਲ ਰੇਹੜੀ ਚਾਲਕ
ਪਰਸ਼ੋਤਮ ਬੱਲੀ
ਬਰਨਾਲਾ, 31 ਜੁਲਾਈ
ਸੂਬਾ ਸਰਕਾਰ ਵੱਲੋਂ ਅਦਾਲਤੀ ਹਦਾਇਤਾਂ ਦੇ ਨਾਂ ਹੇਠ ਆਉਂਦੀ 8 ਅਗਸਤ ਤੱਕ ਮੋਟਰਸਾਈਕਲ ਰੇਹੜੀਆਂ ਨੂੰ ਮੁਕੰਮਲ ਬੰਦ ਕੀਤੇ ਜਾਣ ਦੇ ਫੈਸਲੇ ਦੇ ਵਿਰੋਧ ’ਚ ਸਥਾਨਕ ਤਰਕਸ਼ੀਲ ਭਵਨ ਵਿਖੇ ਵੱਖ ਵੱਖ ਜ਼ਿਲ੍ਹਿਆਂ ਦੇ ਮੋਟਰ ਸਾਈਕਲ ਰੇਹੜੀ ਚਾਲਕ ਆਗੂਆਂ ਨੇ ਡਾਕਟਰ ਅੰਬੇਦਕਰ ਰੇਹੜੀ ਯੂਨੀਅਨ ਦੇ ਪ੍ਰਧਾਨ ਜਰਨੈਲ ਸਿੰਘ ਮਾਨਸਾ ਦੀ ਪ੍ਰਧਾਨਗੀ ਹੇਠ ਮੀਟਿੰਗ ਕੀਤੀ ਤੇ ਮੋਟਰਸਾਈਕਲ ਰੇਹੜੀ ਮਜ਼ਦੂਰ ਰੁਜ਼ਗਾਰ ਬਚਾਓ ਸੰਘਰਸ਼ ਕਮੇਟੀ ਪੰਜਾਬ ਦਾ ਗਠਨ ਕੀਤਾ। ਨਵੀਂ ਜਥੇਬੰਦੀ ਨੇ 5 ਅਗਸਤ ਨੂੰ ਮੁੱਖ ਮੰਤਰੀ ਭਗਵੰਤ ਮਾਨ ਦੇ ਹਲਕਾ ਧੂਰੀ ਵਿਖੇ ਰੇਹੜੀ ਚਾਲਕਾਂ ਦੀ ਸੂਬਾ ਪੱਧਰੀ ਲਲਕਾਰ ਰੈਲੀ ਕਰਨ ਦਾ ਐਲਾਨ ਵੀ ਕੀਤਾ। ਮੀਟਿੰਗ ’ਚ ਵਿਸ਼ੇਸ਼ ਤੌਰ ’ਤੇ ਪੁੱਜੇ ਮਜ਼ਦੂਰ ਮੁਕਤੀ ਮੋਰਚਾ ਪੰਜਾਬ ਦੇ ਸੂਬਾ ਪ੍ਰਧਾਨ ਭਗਵੰਤ ਸਿੰਘ ਸਮਾਉਂ ਨੇ ਕਿਹਾ ਕਿ ਸੂਬੇ ਦੀ ‘ਆਪ’ ਸਰਕਾਰ ਨੇ ਸਮੁੱਚੇ ਬੇਰੁਜ਼ਗਾਰਾਂ ਨੂੰ ਰੁਜ਼ਗਾਰ ਦੇਣ ਦਾ ਵਾਅਦਾ ਤਾਂ ਕੀ ਪੂਰਾ ਕਰਨਾ ਸੀ ਉਲਟਾ ਆਪਣਾ ਖੁਦ ਓਹੜ-ਪੋਹੜ ਕਰਕੇ ਅਤਿ ਮੁਸ਼ਕਲ ਨਾਲ ਪਰਿਵਾਰਾਂ ਦੀ ਪੇਟ ਪਾਲ ਰਹੇ ਇਨ੍ਹਾਂ ਰੇਹੜੀ ਚਾਲਕਾਂ ਦਾ ਚੁੱਲ੍ਹਾ ਠੰਢਾ ਕਰਨ ਤੁਰ ਪਈ ਹੈ। ਉਨ੍ਹਾਂ ਕਿਹਾ ਕਿ ਮਾਨ ਸਰਕਾਰ ਧਨਾਢਾਂ ਦੇ ਮੁਨਾਫ਼ੇ ਲਈ ਇਨ੍ਹਾਂ ਦੀਆਂ ਰੇਹੜੀਆਂ ਬੰਦ ਕਰਕੇ ਲੱਖਾਂ ਚਾਲਕ ਮਜ਼ਦੂਰ ਪਰਿਵਾਰਾਂ ਨੂੰ ਭੁੱਖਮਰੀ ਦੀ ਭੱਠੀ ਵਿੱਚ ਝੋਕਣ ਜਾ ਰਹੀ ਹੈ। ਉਨ੍ਹਾਂ ਚਿਤਾਵਨੀ ਦਿੱਤੀ ਕਿ ਮੋਟਰਸਾਈਕਲ ਰੇਹੜੀਆਂ ਕਿਸੇ ਵੀ ਕੀਮਤ ‘ਤੇ ਬੰਦ ਨਹੀਂ ਹੋਣ ਦੇਵਾਂਗੇ। ਉਨ੍ਹਾਂ 5 ਅਗਸਤ ਦੀ ਧੂਰੀ ਲਾਲਕਾਰ ਰੈਲੀ ਵਿਚ ਸਮੂਹ ਬੇਰੁਜ਼ਗਾਰਾਂ ਤੇ ਮਜ਼ਦੂਰਾਂ ਨੂੰ ਪੁੱਜਣ ਦੀ ਅਪੀਲ ਕੀਤੀ।