ਦੁਕਾਨਾਂ ਨੂੰ ਤਰਸੇ ਮੋਟਰ ਤੇ ਸਕੂਟਰ ਮਾਰਕੀਟ ਦੇ ਦੁਕਾਨਦਾਰ
ਪੱਤਰ ਪ੍ਰੇਰਕ
ਐੱਸਏਐੱਸ ਨਗਰ (ਮੁਹਾਲੀ), 21 ਨਵੰਬਰ
ਮੁਹਾਲੀ ਵਿੱਚ ਮੋਟਰ ਤੇ ਸਕੂਟਰ ਮਾਰਕੀਟਾਂ ਦੇ ਦੁਕਾਨਦਾਰਾਂ ਨੂੰ ਪੱਕੀਆਂ ਦੁਕਾਨਾਂ ਮਿਲਣ ਦੀ ਉਡੀਕ ਲੰਬੀ ਹੁੰਦੀ ਜਾ ਰਹੀ ਹੈ। ਕਈ ਸਾਲ ਪਹਿਲਾਂ ਮੁਹਾਲੀ ਪਿੰਡ ਦੇ ਬਾਹਰ ਸੜਕ ਤੋਂ ਮੋਟਰ ਮਾਰਕੀਟ ਦੇ ਦੁਕਾਨਦਾਰਾਂ ਦਾ ਉਜਾੜਾ ਕੀਤਾ ਗਿਆ ਸੀ। ਉਸ ਸਮੇਂ ਸ਼ਹਿਰ ਵਿੱਚ ਵੱਖ-ਵੱਖ ਥਾਵਾਂ ’ਤੇ ਮੋਟਰ ਤੇ ਸਕੂਟਰ ਮਕੈਨਿਕ ਦਾ ਕੰਮ ਕਰਨ ਵਾਲਿਆਂ ਦੇ ਸਰਵੇ ਕੀਤੇ ਗਏ ਸਨ। ਉਪਰੰਤ ਉਨ੍ਹਾਂ ਨੂੰ ਬਲਕ ਮਾਰਕੀਟ ਦੇ ਪਿੱਛੇ ਪਾਸੇ ਥਾਂ ਦੇਣ ਦੀ ਤਜਵੀਜ਼ ਸੀ। ਇਸ ਸਬੰਧੀ ਗਮਾਡਾ ਨੇ ਸਰਵੇ ਮੁਤਾਬਕ ਦੁਕਾਨਦਾਰਾਂ ਤੋਂ ਪੈਸੇ ਵੀ ਜਮ੍ਹਾਂ ਕਰਵਾਏ ਪਰ ਅੱਠ ਸਾਲ ਬੀਤ ਜਾਣ ਦੇ ਬਾਵਜੂਦ ਮੋਟਰ ਮਾਰਕੀਟ ਜਾਂ ਸਕੂਟਰ ਮਾਰਕੀਟ ਦੇ ਦੁਕਾਨਦਾਰ ਹਾਲੇ ਵੀ ਦੁਕਾਨਾਂ ਨੂੰ ਤਰਸ ਰਹੇ ਹਨ।
ਇਸ ਸਬੰਧੀ ਮੁਹਾਲੀ ਦੇ ਡਿਪਟੀ ਮੇਅਰ ਕੁਲਜੀਤ ਸਿੰਘ ਬੇਦੀ ਨੇ ਗਮਾਡਾ ਕੋਲੋਂ ਸੂਚਨਾ ਦੇ ਅਧਿਕਾਰ ਤਹਿਤ ਜਾਣਕਾਰੀ ਮੰਗੀ ਹੈ। ਉਨ੍ਹਾਂ ਨੇ ਪੁੱਛਿਆ ਹੈ ਕਿ ਸਰਵੇ ਮੁਤਾਬਕ ਮੋਟਰ ਮਾਰਕੀਟ ਵਿੱਚ ਕਿੰਨੀਆਂ ਦੁਕਾਨਾਂ ਦਿੱਤੀਆਂ ਗਈਆਂ ਹਨ, ਇਸ ਦਾ ਮੌਜੂਦਾ ਸਟੇਟਸ ਕੀ ਹੈ। ਇਹ ਵੀ ਪੁੱਛਿਆ ਹੈ ਕਿ ਕਿੰਨੇ ਦੁਕਾਨਦਾਰਾਂ ਨੂੰ ਦੁਕਾਨਾਂ ਦਾ ਕਬਜ਼ਾ ਦਿੱਤਾ ਗਿਆ ਹੈ। ਇਨ੍ਹਾਂ ਕੋਲੋਂ ਬੂਥ ਜਾਂ ਸ਼ੋਅਰੂਮ ਦੇ ਹਿਸਾਬ ਨਾਲ ਕਿੰਨੇ-ਕਿੰਨੇ ਪੈਸੇ ਲਏ ਹਨ। ਉਨ੍ਹਾਂ ਕਿਹਾ ਕਿ ਮੁਹਾਲੀ ਦਾ ਵੱਡੇ ਪੱਧਰ ’ਤੇ ਵਿਸਥਾਰ ਹੋਇਆ ਹੈ ਅਤੇ ਕਈ ਨਵੇਂ ਸੈਕਟਰ ਬਣੇ ਹਨ। ਗਮਾਡਾ ਤੋਂ ਪੁੱਛਿਆ ਹੈ ਕਿ ਕੀ ਮੁਹਾਲੀ ਵਿੱਚ ਇੱਕ ਤੋਂ ਵੱਧ ਮੋਟਰ ਮਾਰਕੀਟਾਂ ਬਣਾਉਣ ਦੀ ਤਜਵੀਜ਼ ਹੈ ਅਤੇ ਇਸ ਲਈ ਜ਼ਮੀਨ ਦੀ ਨਿਸ਼ਾਨਦੇਹੀ ਕੀਤੀ ਗਈ ਹੈ ਜਾਂ ਨਹੀਂ।