ਬੇਭਰੋਸਗੀ ਮਤਾ: ਟਰੂਡੋ ਘੱਟਗਿਣਤੀ ਸਰਕਾਰ ਬਚਾਉਣ ਵਿਚ ਸਫ਼ਲ
ਸੁਰਿੰਦਰ ਮਾਵੀ/ਏਜੰਸੀ
ਵਿਨੀਪੈੱਗ, 26 ਸਤੰਬਰ
ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਮੁੱਖ ਵਿਰੋਧੀ ਧਿਰ ਕੰਜ਼ਰਵੇਟਿਵਜ਼ ਵੱਲੋਂ ਪੇਸ਼ ਬੇਭਰੋਸਗੀ ਮਤੇ ਦਾ ਬਾਖੂਬੀ ਸਾਹਮਣਾ ਕਰਦੇ ਹੋਏ ਆਪਣੀ ਘੱਟਗਿਣਤੀ ਸਰਕਾਰ ਬਣਾਉਣ ਵਿਚ ਸਫ਼ਲ ਰਹੇ ਹਨ। ਅਗਲੇ ਸਾਲ ਹੋਣ ਵਾਲੀਆਂ ਆਮ ਚੋਣਾਂ ਤੋਂ ਪਹਿਲਾਂ ਟਰੂਡੋ ਲਈ ਇਹ ਬੇਭਰੋਸਗੀ ਮਤਾ ਕਿਸੇ ਵੱਡੀ ਅਜ਼ਮਾਇਸ਼ ਤੋਂ ਘੱਟ ਨਹੀਂ ਸੀ। ਸੰਸਦ ਵਿਚ ਮਤੇ ’ਤੇ ਚਰਚਾ ਦੌਰਾਨ ਸੱਤਾਧਾਰੀ ਤੇ ਵਿਰੋਧੀ ਧਿਰ ਵਿਚਾਲੇ ਤਿੱਖੀ ਨੋਕ-ਝੋਕ ਵੀ ਹੋਈ। ਕਜ਼ਰਵੇਟਿਵਜ਼ ਵੱਲੋਂ ਪੇਸ਼ ਮਤੇ ਦੇ ਵਿਰੋਧ ਵਿਚ 211 ਤੇ ਹੱਕ ਵਿਚ 120 ਵੋਟਾਂ ਪਈਆਂ। ਟਰੂਡੋ ਨੇ ਸਰਕਾਰ ਡੇਗਣ ਦੀਆਂ ਕੰਜ਼ਰਵੇਟਿਵਜ਼ ਦੀਆਂ ਕੋਸ਼ਿਸ਼ਾਂ ਨੂੰ ਭਾਵੇਂ ਨਾਕਾਮ ਕਰ ਦਿੱਤਾ, ਪਰ ਉਨ੍ਹਾਂ ਨੂੰ ਆਉਂਦੇ ਦਿਨਾਂ ਤੇ ਹਫ਼ਤਿਆਂ ਵਿਚ ਵਧੇਰੇ ਚੁਣੌਤੀਆਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਟੋਰੀ ਆਗੂ ਪੀਅਰੇ ਪੋਲੀਵਰ ਨੇ ਕਿਹਾ ਕਿ ਉਹ ਟਰੂਡੋ ਦੀ ਘੱਟਗਿਣਤੀ ਸਰਕਾਰ ਨੂੰ ਚੱਲਦਾ ਕਰਨ ਲਈ ਅਗਲੇ ਹਫ਼ਤੇ ਇਕ ਹੋਰ ਕੋਸ਼ਿਸ਼ ਕਰ ਸਕਦੇ ਹਨ। ਚੇਤੇ ਰਹੇ ਕਿ ਖੱਬੇਪੱਖੀ ਨਿਊ ਡੈਮੋਕਰੈਟਿਕ ਪਾਰਟੀ (ਐੱਨਡੀਪੀ) ਵੱਲੋਂ ਲਿਬਰਲ ਸਰਕਾਰ ਨੂੰ ਦਿੱਤੀ ਬਾਹਰੀ ਹਮਾਇਤ ਵਾਪਸ ਲੈੈਣ ਦੇ ਐਲਾਨ ਮਗਰੋਂ ਕੈਨੇਡਾ ਦੀ ਟਰੂਡੋ ਸਰਕਾਰ ਘੱਟਗਿਣਤੀ ਰਹਿ ਗਈ ਸੀ। ਕੈਨੇਡੀਅਨ ਸੰਸਦ ਵਿਚ ਲਿਬਰਲਜ਼ ਦੀ ਆਗੂ ਕੈਰੀਨਾ ਗੋਲਡ ਨੇ ਟੋਰੀਜ਼ (ਮੁੱਖ ਵਿਰੋਧੀ ਧਿਰ) ਉੱਤੇ ‘ਖੇਡ ਖੇਡਣ’ ਦਾ ਦੋਸ਼ ਲਾਇਆ ਹੈ। ਉਧਰ ਬੇਭਰੋਸਗੀ ਮਤੇ ਮਗਰੋਂ ਐੱਨਡੀਪੀ ਕੈਪੀਟਲ ਗੇਨ ਟੈਕਸਾਂ ਬਾਰੇ ਕਾਨੂੰਨ ਪਾਸ ਕਰਵਾਉਣ ਲਈ ਟਰੂਡੋ ਸਰਕਾਰ ਨਾਲ ਖੜ੍ਹੀ ਨਜ਼ਰ ਆਈ। ਟੋਰੀ ਆਗੂ ਪੀਅਰੇ ਪੋਲੀਵਰ ਨੇ ਕਿਹਾ ਕਿ ਉਹ ਘੱਟਗਿਣਤੀ ਟਰੂਡੋ ਸਰਕਾਰ ਨੂੰ ਚੱਲਦਾ ਕਰਨ ਲਈ ਕੋਸ਼ਿਸ਼ਾਂ ਜਾਰੀ ਰੱਖਣਗੇ।