For the best experience, open
https://m.punjabitribuneonline.com
on your mobile browser.
Advertisement

ਮਾਵਾਂ

10:46 AM Oct 19, 2023 IST
ਮਾਵਾਂ
Advertisement

ਮਾਵਾਂ

ਰਜਵੰਤ ਕੌਰ ਚਨਾਰਥਲ

Advertisement

ਮਾਵਾਂ ਮਾਵਾਂ ਮਾਵਾਂ,
ਮਾਂ ਜ਼ਿੰਦਗੀ ਦਾ ਸਿਰਨਾਵਾਂ।

ਮਾਵਾਂ ਮਾਵਾਂ...
ਮਾਂ ਬਿਨਾ ਨਾ ਕੋਈ ਜਗਤ ਦਿਖਾਵੇ,
ਤਾਹੀਓਂ ਇਹ ਰੱਬ ਦਾ ਰੂਪ ਕਹਾਵੇ।
ਪੈ ਕੇ ਗਿੱਲੇ ਥਾਂ ’ਤੇ ਪਾਉਂਦੀ ਸੁੱਕੀਆਂ ਥਾਵਾਂ।

ਮਾਵਾਂ ਮਾਵਾਂ...
ਮਾਂ ਬਿਨਾ ਸੁੱਖ ਕੋਈ ਨਾ ਮੰਗੇ,
ਇੱਥੇ ਲੋਕੀਂ ਦਿਸਣ ਰੰਗ-ਬਿਰੰਗੇ।
ਪਿੰਡੇ ਧੁੱਪ ਹੰਢਾ ਕੇ ਦਿੰਦੀ ਠੰਢੀਆਂ ਛਾਵਾਂ।

ਮਾਵਾਂ ਮਾਵਾਂ...
ਮਾਂ ਦੀ ਮਮਤਾ ਮਹਿੰਗੇ ਮੁੱਲ ਦੀ,
ਦੁਨੀਆਂ ਦੀ ਕੋਈ ਸ਼ੈਅ ਨਾ ਇਸਦੇ ਤੁੱਲ ਦੀ।
ਤਾਂਹੀਓਂ ਮਾਂ ਲੱਗਦੀ ਜੰਨਤ ਦਾ ਪਰਛਾਵਾਂ।

ਮਾਵਾਂ ਮਾਵਾਂ...
ਨਿੱਕੇ ਹੁੰਦਿਆਂ ਮਾਂ ਜੇ ਕਿਸੇ ਦੀ ਮੋਏ,
ਰਹਿ ਜਾਂਦੇ ਸੁਪਨਿਆਂ ਦੇ ਹਾਰ ਪਰੋਏ।
‘ਰਜਵੰਤ’ ਮਾਂ ਵਰਗਾ ਬੂਟਾ ਕੋਈ ਟਾਵਾਂ।

ਮਾਵਾਂ ਮਾਵਾਂ...
ਮਾਂ ਜ਼ਿੰਦਗੀ ਦਾ ਸਿਰਨਾਵਾਂ।
ਸੰਪਰਕ: 81465-51328
* * *

ਮਨ

ਮਨਜੀਤ ਸਿੰਘ

ਵਕਤ ਲੰਘ ਰਿਹਾ ਹੈ ਤੇ ਲੰਘ ਹੀ ਜਾਵਣਾ,
ਕੀ ਭਰੋਸਾ ਇਸ ਜਿੰਦ ਰੇਤ ਦੀ ਭੀਤ ਦਾ।

ਕਿਤੇ ਮਹਿਲ-ਮੁਨਾਰੇ, ਮਾਇਆ ਦੇ ਚੁਬਾਰੇ,
ਛੱਤੀ ਭੋਜਨ ਪਰ ਮਾਲਕ ਭੁੱਖਾ ਨੀਤ ਦਾ।

ਕੋਈ ਛਪਰੀ ਵਿੱਚੋਂ ਪਾਵੇ ਤਾਰਿਆਂ ਨੂੰ ਬਾਤਾਂ,
ਕੱਢੀ ਜਾਵੇ ਸਮਾਂ ਜੇਠ-ਹਾੜ੍ਹ ਤੇ ਸੀਤ ਦਾ।

ਕਿਰਤ ਬਦਲ ਦੇਵੇ ਕਰਮਾਂ ਨੂੰ, ਫੜੀਏ ਪੱਲਾ
ਨਾਮ ਜਪਣ ਤੇ ਵੰਡ ਛਕਣ ਦੀ ਰੀਤ ਦਾ।

ਨਾ ਵਿਸਾਰੀਏ ਉਦਾਸੀਆਂ, ਤਵੀ, ਸੀਸ, ਨੇਜ਼ੇ,
ਸਿਦਕ, ਚਰਖੜੀਆਂ, ਆਰਾ ਅਤੀਤ ਦਾ।

ਸਰਬੰਸਦਾਨੀ ਦਾਤੇ ਨੇ ਬਖ਼ਸ਼ੀਆਂ ਜੋ ਦਾਤਾਂ,
ਸ਼ੁਕਰ ਸ਼ੁਕਰ ਸ਼ੁਕਰ ਓਸ ਡਾਢੇ ਮੀਤ ਦਾ।

ਜੋ ਗੁਆਚਾ ਨਹੀਂ ਚੱਲ ਆ ਉਸ ਨੂੰ ਟੋਲੀਏ,
ਛੱਡ ਝੇੜਾ ਗੁਰਦੁਆਰੇ, ਮੰਦਰ, ਮਸੀਤ ਦਾ।

ਹਰ ਹਰ ਵਿੱਚ ਕਹਿੰਦੇ ਆਪ ਹਰ ਵਸਦਾ,
ਹੈ ਉਹ ਪਾਲਣਹਾਰ ਹਰ ਪਾਕ-ਪਲੀਤ ਦਾ।

ਸਭ ਗੱਲਾਂ ਹੈਨ ਸੱਚੀਆਂ, ਪਰ ਡੋਲ ਜਾਂਦੈ!
ਦੱਸੋ ਕੀ ਕਰੀਏ ਇਸ ਮਨ ਭੈਅਭੀਤ ਦਾ।

ਦੁੱਖ-ਸੁੱਖ ਵਿੱਚ ਤੂੰ ਹੀ ਰੱਖਣਾ ਅਡੋਲ ਮੌਲ਼ਾ,
ਮਨ ਵੀ ਵਸ ਵਿੱਚ ਨਾ ਤੇਰੇ ਮਨਜੀਤ ਦਾ।
ਸੰਪਰਕ: 94176-35053
* * *

ਗ਼ਜ਼ਲ

ਜਗਤਾਰ ਪੱਖੋ

ਜਦ ਵੀ ਸਿਰਜੇ ਖ਼ਾਬਾਂ ਦੀ ਤਾਬੀਰ ਬਣੇ।
ਸ਼ੋਖ਼ ਜਿਹੇ ਰੰਗਾਂ ਦੀ ਫਿਰ ਤਸਵੀਰ ਬਣੇ।

ਹਰ ਅੱਖਰ ਦੇ ਨਾਲ ਸਫ਼ੇ ਵੀ ਗਰਜਣ ਫਿਰ,
ਸੂਹੇ ਰੰਗ ਦੀ ਜਦ ਬਲਦੀ ਤਹਿਰੀਰ ਬਣੇ।

ਜਿੱਥੇ ਮਿੱਟੀ ਖਾਤਰ ਮਿੱਟੀ ਖ਼ੁਦ ਮਿਟਦੀ,
ਉਸ ਥਾਂ ਇਸ਼ਕ ਮਹੱਲਾਂ ਦੀ ਤਾਮੀਰ ਬਣੇ।

ਮੁੱਦਤ ਹੋਈ ਨੇਤਰ ਹੱਸਦੇ ਵੇਖੇ ਨਾ,
ਇਹ ਨੈਣਾਂ ਦੀ ਹੰਝੂ ਨੇ ਤਕਦੀਰ ਬਣੇ।

ਉਸ ਰਹਿਤਲ ਨੂੰ ਜੰਨਤ ਨਹੀਂ ਦੋਜ਼ਖ਼ ਆਖਾਂ,
ਜਿੱਥੇ ਸੁਪਨੇ ਲੈਣਾ ਹੀ ਤਕਸੀਰ ਬਣੇ।

ਪਿਆਰ ਵਫ਼ਾ ਦਾ ਸ਼ਬਦ ਬੇਗਾਨਾ ਲੱਗਦਾ ਏ,
ਠਹਿਰਨ ਵਾਲੇ ਜਦ ਤੋਂ ਨੇ ਰਾਹਗੀਰ ਬਣੇ।
ਸੰਪਰਕ: 94651-96946
* * *

ਗ਼ਜ਼ਲ

ਅਮਰਪ੍ਰੀਤ ਸਿੰਘ ਝੀਤਾ

ਦੇਖਣ ਨੂੰ ਦੋਵੇਂ ਨੇੜੇ ਪਰ ਦੂਰ ਜਿਵੇਂ ਨੇ ਤਾਰੇ।
ਜੀਣਾ ਵੀ ਹਾਂ ਭੁੱਲੇ ਸੁਣ ਸੁਣ ਉਹਦੇ ਝੂਠੇ ਲਾਰੇ।
ਇਸ਼ਕ ਹਕੀਕੀ ਉਸਨੂੰ ਤਾਂ ਹੋਇਆ ਨਾ ਮੇਰੇ ਯਾਰਾ,
ਮੇਰਾ ਸੀ ਭਰਮ ਭੁਲੇਖਾ ਉਹ ਹੈ ਮੈਥੋਂ ਬਲਿਹਾਰੇ।
ਉਸਦੀ ਖਾਤਰ ਮੈਂ ਯਾਰੋ ਅਪਣਾ ਸੁਖ ਚੈਨ ਗਵਾਇਆ,
ਪਰ ਮੇਰੀਆਂ ਰੀਝਾਂ ਦੇ ਉਹ ਨਿਕਲੇ ਹਨ ਹਤਿਆਰੇ।
ਝੂਠ ਮੱਕਾਰੀ ਦੇ ਵੱਲ ਉਹਨੂੰ ਲੱਗਦਾ ਸਾਰੇ ਆਵਣ,
ਉਸਨੇ ਬਣ ਜਾਣਾ ਲੀਡਰ ਉਸ ਵਿਚ ਨੇ ਉਹ ਗੁਣ ਸਾਰੇ।
ਅਮਰ ਸਦਾ ਹੀ ਆਖੇ ਜੇ ਸੁਖ ਦੀ ਨੀਂਦਰ ਹੈ ਸੌਣਾ,
ਹੱਕ ਦੀ ਰੋਟੀ ਖਾਓ ਭਾਵੇਂ ਔਖੇ ਹੋਣ ਗੁਜ਼ਾਰੇ।
ਸੰਪਰਕ: 97791-91447
* * *

ਗ਼ਜ਼ਲ

ਗੋਗੀ ਜ਼ੀਰਾ

ਅਜੇ ਤਾਂ ਖੰਭ ਖਿਲਾਰ ਰਹੇ ਹਾਂ,
ਸਮਝੋ ਨਾ ਕਿ ਹਾਰ ਰਹੇ ਹਾਂ।
ਜਿੱਤ ਦਾ ਠੱਪਾ ਲੱਗਣਾ ਬਾਕੀ,
ਹਾਲੇ ਕਰ ਪ੍ਰਚਾਰ ਰਹੇ ਹਾਂ।
ਭਿੜ ਜਾਵਾਂਗੇ ਸਾਨ੍ਹ ਦੇ ਵਾਂਗੂੰ,
ਠੋਕਰ ਖਾ ਹੋ ਤਿਆਰ ਰਹੇ ਹਾਂ।
ਤਾਜ ਨੇ ਸਜਣਾ ਸਾਡੇ ਸਿਰ ਹੀ,
ਚਾਹੇ ਮੰਗ-ਮੰਗ ਸਾਰ ਰਹੇ ਹਾਂ।
ਹੈ ਤਾਂ ਸਾਡੀ ਪਾਕ ਮੁਹੱਬਤ,
ਮਹਬਿੂਬ ਨੂੰ ਲੱਗੇ ਚਾਰ ਰਹੇ ਹਾਂ।
‘ਗੋਗੀ’ ਮਾਂ-ਬੋਲੀ ਬਣਾਊ ਕਾਬਿਲ,
ਇਸਦਾ ਕਰਜ਼ ਉਤਾਰ ਰਹੇ ਹਾਂ।
ਸੰਪਰਕ: 97811-36240
* * *

ਵਹਿਣ ਦਿਓ ਦਰਿਆ

ਐਮ.ਐਨ. ਸਿੰਘ

ਵਹਿਣ ਦਿਓ ਦਰਿਆ ਨੂੰ,
ਇਹ ਵਹਿਣ ਹੀ
ਦਰਿਆ ਦੀ ਜ਼ਿੰਦਗੀ ਹੈ,
ਸੁਭਾਅ ਹੈ,
ਕੁਦਰਤ ਦੇ ਕਾਨੂੰਨ ਦੀ ਪਾਲਣਾ ਹੈ।
ਵਹਿਣ ਨੂੰ,
ਰੋਕਣ ਦੀ ਸਾਜ਼ਿਸ਼ ਹੈ
ਤਬਾਹੀ ਦੇ ਮੰਜ਼ਰ ਨੂੰ ਦਾਅਵਤ।
ਵਹਿਣ ਕਦੇ ਰੁਕਦੇ ਨਹੀਂ
ਨਾ ਰੁਕਣਗੇ
ਤੇ ਇਨ੍ਹਾਂ ਵਹਿਣਾਂ ਵਰਗੀ
ਹੁੰਦੀ ਹੈ ਲੋਕ ਰਾਇ,
ਜੋ ਕਦੇ ਨਹੀਂ ਦੱਬਦੀ
ਤੇ ਇਸ ਨੂੰ
ਦਬਾਉਣ ਦੀ ਸਾਜ਼ਿਸ਼,
ਧਰਤੀ ’ਤੇ
ਕਈ ਉਥਲਾਂ-ਪੁਥਲਾਂ
ਤੇ ਅਧੋਗਤੀਆਂ ਨੂੰ ਜਨਮ ਦਿੰਦੀ ਹੈ
ਯਾਦ ਰੱਖਣਾ,
ਦਰਿਆਵਾਂ ਦੇ ਵਹਿਣ ਨੂੰ ਰੋਕਣ
ਤੇ ਲੋਕ ਰਾਇ ਨੂੰ
ਦਬਾਉਣ ਦੀਆਂ ਸਾਜ਼ਿਸ਼ਾਂ ਘੜਨ ਵਾਲੇ
ਹਮੇਸ਼ਾਂ ਇਤਿਹਾਸ ਦੇ
ਕਾਲੇ ਪੰਨਿਆਂ ’ਚ ਦਰਜ ਹੁੰਦੇ ਹਨ।
ਸੰਪਰਕ: 88721-58240
* * *

ਅੱਗ ਲਾਈਏ ਨਾ

ਕਰਨੈਲ ਅਟਵਾਲ

ਭੁੱਲ ਕੇ ਵੀ ਅੱਗ ਲਾਈਏ ਨਾ ਪਰਾਲੀ ਨੂੰ।
ਇਸ ਵਾਰ ਵਿੱਚ ਵਾਹ ਦੇਵਾਂਗੇ ਪਰਾਲੀ ਨੂੰ।

ਧਰਤੀ ਦੀ ਉਪਜਾਊ ਸ਼ਕਤੀ ਹੈ ਘਟਦੀ,
ਸੱਚੀ ਗੱਲ ਜਾਣੋਂ ਪੈਦਾਵਾਰ ਨਹੀਂ ਵਧਦੀ,
ਸਦਾ ਪੈਂਦੀ ਮਾਰ ਕੀਤੀ ਹੋਈ ਕਾਹਲੀ ਨੂੰ,
ਭੁੱਲ ਕੇ ਵੀ ਅੱਗ...।

ਵਾਤਾਵਰਨ ਖਰਾਬ ਕਰਕੇ ਦੱਸੋ ਕੀ ਮਿਲਦਾ,
ਚੁਫ਼ੇਰੇ ਵੇਖ ਧੂੰਆਂ ਦਿਲ ਸਭ ਦਾ ਹੈ ਹਿਲਦਾ,
ਸੌ ਸਾਲ ਜਿਉਂਦੇ ਸੀ ਹੁਣ ਪਹੁੰਚਦੇ ਆ ਚਾਲੀ ਨੂੰ,
ਭੁੱਲ ਕੇ ਵੀ ਅੱਗ...।

ਮਿੱਤਰ ਕੀੜੇ ਵੀ ਵਿੱਚ ਸੜ-ਭੁੱਜ ਜਾਂਦੇ ਬਈ,
ਦੱਸੋ ਉਹ ਵਿਚਾਰੇ ਆਪਣਾ ਕੀ ਖਾਂਦੇ ਬਈ,
ਗੱਲ ਸਮਝਾਈਏ ਆਪਾਂ ਸਾਰੀ ਹਾਲੀ-ਪਾਲੀ ਨੂੰ,
ਭੁੱਲ ਕੇ ਵੀ ਅੱਗ...।

ਗੁਆਂਢੀ ਰਾਜਾਂ ਵਾਲੇ ਵੀ ਨੇ ਚੰਗਾ-ਮੰਦਾ ਬੋਲਦੇ,
ਇੱਕ-ਦੂਜੇ ਕੋਲ ‘ਅਟਵਾਲਾ’ ਭੇਤ ਸਾਡੇ ਖੋਲ੍ਹਦੇ,
ਆਪਣੇ ਪੈਰੀਂ ਆਪ ਨਾ ਮਾਰੀਏ ਕੁਹਾੜੀ ਨੂੰ,
ਭੁੱਲ ਕੇ ਵੀ ਅੱਗ...।
ਸੰਪਰਕ: 75082-75052
* * *

ਗ਼ਜ਼ਲ

ਪ੍ਰੋ. ਪਰਮਜੀਤ ਸਿੰਘ ਨਿੱਕੇ ਘੁੰਮਣ

ਇਹ ਜ਼ਿੰਦਗੀ ਹੁਣ ਬੀਤਦੀ ਹੈ ਇਸ ਤਰ੍ਹਾਂ
ਦਾਣੇ ਨੂੰ ਚੱਕੀ ਪੀਸਦੀ ਹੈ ਜਿਸ ਤਰ੍ਹਾਂ।

ਹਾਲਾਤ ਪੀੜਾਂ ਦੇ ਰਹੇ ਨੇ ਇਸ ਕਦਰ
ਬੂਹੇ ’ਚ ਉਂਗਲ ਪੀਚਦੀ ਹੈ ਜਿਸ ਤਰ੍ਹਾਂ।

ਮੀਟ ਲੈਨਾਂ ਅੱਖ ਉਸ ਨੂੰ ਤੱਕ ਕੇ
ਅੱਖਾਂ ਨੂੰ ਘੁੱਗੀ ਮੀਟਦੀ ਹੈ ਜਿਸ ਤਰ੍ਹਾਂ।

ਬੋਲ ਉਸਦੇ ਚੁਭ ਰਹੇ ਨੇ ਇਸ ਕਦਰ
ਬੋਲੀ ਕਿਸੇ ਸ਼ਰੀਕ ਦੀ ਹੈ ਜਿਸ ਤਰ੍ਹਾਂ।

ਰਹਿ ਗਿਆ ਇਖ਼ਲਾਕ ਏ ਰੂਹਾਂ ’ਚ ਇੰਜ
ਪਾਣੀ ’ਚ ਹਸਤੀ ਲੀਕ ਦੀ ਹੈ ਜਿਸ ਤਰ੍ਹਾਂ।

ਹਾਸਿਆਂ ’ਚੋਂ ਵੈਣ ਹੁਣ ਸੁਣਦੇ ਨੇ ਇੰਜ
ਸੱਸੀ ਥਲਾਂ ਵਿੱਚ ਚੀਕਦੀ ਹੈ ਜਿਸ ਤਰ੍ਹਾਂ।

ਉਡੀਕਦਾ ਹਾਂ ਮੌਤ ਨੂੰ ਮੈਂ ਇਸ ਕਦਰ
ਬੱਚੇ ਨੂੰ ਮਾਂ ਉਡੀਕਦੀ ਹੈ ਜਿਸ ਤਰ੍ਹਾਂ।
ਸੰਪਰਕ: 97816-46008
* * *

ਯਾਦ ਪੁਰਾਣੀ

ਰਣਧੀਰ ਵਾਂਦਰ

ਜਦ ਕਦੇ ਕੋਈ ਯਾਦ ਪੁਰਾਣੀ ਆ ਜਾਂਦੀ ਹੈ,
ਸਹੁੰ ਰੱਬ ਦੀ, ਮਨ ਮਸਤਕ ਉੱਤੇ ਛਾ ਜਾਂਦੀ ਹੈ।

ਪਾ ਕੇ ਬਸਤਾ ਮੋਢੇ, ਤੁਰੇ ਸਕੂਲ ਨੂੰ ਜਾਂਦੇ ਸਾਂ,
ਦਵਾਤ, ਸਿਆਹੀ, ਕਾਨੀ ਮਨ ਨੂੰ ਭਾਅ ਜਾਂਦੀ ਹੈ।

ਕੱਕਾ ਰੇਤਾ, ਨੰਗੀ ਪੈਰੀਂ, ਤੁਰਦੇ ਹੱਸਦੇ, ਜਾਂਦੇ ਸਾਂ,
ਮਾਸਟਰ ਜੀ ਦੀ ਝਿੜਕ, ਵੀ ਕੱਢ ਤ੍ਰਾਹ ਜਾਂਦੀ ਹੈ।

ਘੰਟੀ ਵਜਦਿਆਂ, ਚੱਕ ਫੱਟੀ ਬਸਤਾ ਭੱਜੇ ਆਉਂਦੇ ਸਾਂ,
ਚਟਨੀ ਨਾਲ ਤੰਦੂਰ ਦੀ ਰੋਟੀ, ਭੁੱਖ ਵਧਾ ਜਾਂਦੀ ਹੈ।

ਕੰਮ ਸਕੂਲ ਦਾ ਕਰਨ ਤੋਂ, ਕੰਨੀ ਕਤਰਾਉਂਦੇ ਸਾਂ,
ਪਰ ਮਾਸਟਰ ਜੀ ਦੀ ਘੂਰੀ, ਸਾਹ ਫੁਲਾ ਜਾਂਦੀ ਹੈ।

ਪਿੱਪਲਾਂ, ਬੋਹੜਾਂ ਥੱਲੇ ਖੇਡ ਦੁਪਹਿਰਾ ਲੰਘਦਾ ਸੀ,
ਡੰਡਾ ਡੁੱਕਣ ਦੀ ਕਵਾਇਦ, ਥਕੇਵਾਂ ਲਾਹ ਜਾਂਦੀ ਹੈ।

ਜੀਹਦੇ ਘਰ ਸਾਂ ਫਿਰਦੇ, ਔਲ਼ੋ ਕਰਦੇ ਰੋਟੀ ਖਾ ਲੈਂਦੇ,
ਕੋਈ ਅੱਕੀ ਨਾਨੀ ਦਾਦੀ, ਖੂੰਡੀ ਪਿੱਛੇ ਚਲਾ ਜਾਂਦੀ ਹੈ।
ਗਰਮੀ ਦੀ ਛੁੱਟੀਆਂ ਦੇ ਵਿੱਚ, ਜਦੋਂ ਨਾਨਕੇ ਜਾਂਦੇੇ ਸਾਂ,
ਕਹਿ ਦਾਦੇ ਮਗੌਣਿਆਂ, ਨਾਨੀ ਗਲ ਨਾਲ ਲਾ ਜਾਂਦੀ ਹੈ।
* * *

ਗ਼ਜ਼ਲ

ਜਸਵਿੰਦਰ ਸਿੰਘ ਰੁਪਾਲ

ਫੁੱਲ ਜੇ ਹਿਰਦੇ ਦਾ ਖਿੜਿਆ ਦੇਖਣਾ।
ਆਪਣਾ ਹਰ ਕਰਮ ਆਪੇ ਤੋਲਣਾ।

ਪੱਲੜਾ ਭਾਰੀ ਜ਼ੁਲਮ ਦਾ ਦੇਖ ਕੇ,
ਛੱਡ ਨਾ ਬੈਠੀਂ ਜ਼ਰਾ ਵੀ ਜੂਝਣਾ।

ਰੱਖ ਇੱਕ ਮਜ਼ਬੂਤ ਡੰਡਾ ਹੱਥ ਵਿਚ,
ਮੁੱਖ ਤੋਂ ਐਪਰ ਤੂੰ ਮਿੱਠਾ ਬੋਲਣਾ।

ਮੇਟ ਦੇਵੀਂ ਡਿੱਗਿਆਂ ਲਈ ਹੋਂਦ ਖ਼ੁਦ,
ਛੱਡ ਦੇ ਉੱਚਿਆਂ ਦੇ ਤਲਵੇ ਚੱਟਣਾ।

ਕੂੜ ਦੇ ਰਾਹਾਂ ’ਚ ਹੁੰਦੀ ਭੀੜ ਹੀ,
ਸੱਚ ਦੇ ਪਾਂਧੀ ਤੂੰ ’ਕੱਲਾ ਚੱਲਣਾ।

ਹਰ ਕਿਸੇ ਨੂੰ ਪ੍ਰੇਮ ਦਿੰਦਾ ਹੀ ਰਹੀਂ,
ਨਫ਼ਰਤਾਂ ਦੇ ਦਰ ਤੋਂ ਪਾਸਾ ਵੱਟਣਾ।

ਸੱਖਣੇ ਤੇ ਊਣਿਆਂ ਦੇ ਭਰਨ ਨੂੰ,
ਸਿਰ ਤੋਂ ਪੈਰਾਂ ਤੀਕ ਪੂਰਾ ਛਲਕਣਾ।

ਬਹਿਰ ਵਿਚ ਰੱਤੀ ਗ਼ਜ਼ਲ ‘ਰੂਪਾਲ’ ਦੀ,
ਭੇਦ ਲੁਕਿਆ ਜੋ ਹੈ ਇਸਨੇ ਦੱਸਣਾ।

ਸੰਪਰਕ: 98147-15796

Advertisement
Author Image

sukhwinder singh

View all posts

Advertisement
Advertisement
×