ਮਾਂ ਦੀ ਬੋਲੀ
ਰਾਜਿੰਦਰ ਸਿੰਘ ਰਾਜਨ
ਮੈਨੂੰ ਬੜੀ ਪਿਆਰੀ ਲੱਗਦੀ ਐ, ਮੇਰੀ ਅਨਪੜ੍ਹ ਮਾਂ ਦੀ ਬੋਲੀ ਉਏ।
ਮਿਸ਼ਰੀ ਤੋਂ ਮਿੱਠੀ ਸ਼ਹਿਦ ਜਿਹੀ, ਮਮਤਾ ਭਰੀ ਭੜੋਲੀ ਉਏ।
ਜਾਤ ਪੰਜਾਬੀ ਪਾਤ ਪੰਜਾਬੀ, ਸ਼ਬਦਾਂ ਦੀ ਸੌਗਾਤ ਪੰਜਾਬੀ।
ਭੁੱਲਿਓ ਨਾ ਕਦੇ ਪੈਂਤੀ ਅੱਖਰੀ, ਸਾਡੀ ਤਾਂ ਔਕਾਤ ਪੰਜਾਬੀ।
ਵਾਂਗ ਬੰਗਾਲੀਆਂ ਪਊ ਬਚਾਉਣੀ, ਬਣਨ ਨਾ ਦੇਣਾ ਗੋਲ਼ੀ ਉਏ।
ਮੈਨੂੰ ਬੜੀ ਪਿਆਰੀ...
ਨਾਥ ਜੋਗੀਆਂ ਸੂਫ਼ੀਆਂ ਭਗਤਾਂ, ਪੜ੍ਹਿਆ ਰਿਸ਼ੀਆਂ ਮੁਨੀਆਂ ਨੇ।
ਮਾਣ ਕਰੋ ਸਭ ਮਾਂ ਬੋਲੀ ’ਤੇ, ਆਖਿਆ ਸੱਚ ਇਹ ਦੁਨੀਆ ਨੇ।
ਸ਼ਬਦ ਸਲੋਕਾਂ ਨਾਲ ਭਰੀ ਹੋਈ, ਹੱਟ ਗੁਰੂਆਂ ਨੇ ਖੋਲ੍ਹੀ ਉਏ।
ਮੈਨੂੰ ਬੜੀ ਪਿਆਰੀ...
ਇਸ ਬੋਲੀ ਨੂੰ ਗੁੜ੍ਹਤੀ ਦਿੱਤੀ, ਸਾਡੇ ਪੰਜ ਦਰਿਆਵਾਂ ਨੇ।
ਗਿੱਧੇ ਭੰਗੜੇ ਢੋਲੇ ਮਾਹੀਏ, ਸੁਣ ਨਸ਼ਿਆਈਆਂ ਛਾਵਾਂ ਨੇ।
ਪੌਦੇ ਪੰਛੀ ਭਰਨ ਹੁੰਗਾਰੇ, ਰਗ ਰਗ ਮਿੱਠਾ ਘੋਲੀ ਉਏ।
ਮੈਨੂੰ ਬੜੀ ਪਿਆਰੀ...
ਸਿੱਖ ਲਓ ਭਾਵੇਂ ਲੱਖ ਜ਼ੁਬਾਨਾਂ, ਕਰਿਓ ਮਾਣ ਪੰਜਾਬੀ ਦਾ।
ਲੋਰੀਆਂ ਦੇ ਵਿੱਚ ਗੁੜ੍ਹਤੀ ਦਿੱਤੀ, ਬਖ਼ਸ਼ੀ ਟੌਹਰ ਨਵਾਬੀ ਦਾ।
ਨਾਨੀ ਦਾਦੀ ਦੋਹਾਂ ਕੋਲੋਂ, ਸੁਣੀ ਸੀ ਬਾਤ ਬਤੋਲੀ ਉਏ।
ਮੈਨੂੰ ਬੜੀ ਪਿਆਰੀ...
‘ਰਾਜਨ’ ਨੂੰ ਨਾ ਚੰਗੇ ਲੱਗਦੇ, ਬੋਲਣ ਤੋਂ ਹਿਚਕਚਾਉਂਦੇ ਜੋ।
ਧਰਮੀ ਮਾਂ ਦਾ ਦੁੱਧ ਚੁੰਘ ਕੇ, ਗ਼ੈਰ ਕੰਮ ਨਾ ਆਉਂਦੇ ਜੋ।
ਸ਼ਾਲਾ ਜੁਗ ਜੁਗ ਕਰੇ ਤਰੱਕੀ, ਖਾ ਲਵਾਂਗੇ ਹਿੱਕ ਗੋਲੀ ਉਏ।
ਮੈਨੂੰ ਬੜੀ ਪਿਆਰੀ ਲੱਗਦੀ ਐ, ਮੇਰੀ ਅਨਪੜ੍ਹ ਮਾਂ ਦੀ ਬੋਲੀ ਉਏ।
ਮਿਸ਼ਰੀ ਤੋਂ ਮਿੱਠੀ ਸ਼ਹਿਦ ਜਿਹੀ, ਮਮਤਾ ਭਰੀ ਭੜੋਲੀ ਉਏ।
ਸੰਪਰਕ: 98761-84954
ਬਾਜ਼
ਰੰਜੀਵਨ ਸਿੰਘ
ਬਾਜ਼ ਅੱਖ ਹੈ ਮੇਰੀ
ਇਸ ਧਰਤੀ ਉੱਤੇ
ਇੱਕ ਪੰਜੇ ਵਿੱਚ ਮੇਰੇ
ਬਾਰੂਦ ਦੇ ਗੋਲੇ
ਦੂਜੇ ਪੰਜੇ ਵਿੱਚ ਮੇਰੇ
ਮਾਨਵੀ ਰਾਹਤਾਂ
ਲੁੱਟਦਾ ਹਾਂ
ਲੋਕਾਈ ਨੂੰ
ਕਦੇ ਗੋਲੇ ਨਾਲ
ਕਦੇ ਰਾਹਤ ਨਾਲ
ਕਦ ਦਾਗਣੇ ਗੋਲੇ
ਕਦ ਪਹੁੰਚਾਉਣੀ ਰਾਹਤ
ਵਹਾਕੇ ਦਰਿਆ ਲਹੂ ਦਾ
ਮੈਂ ਹੀ ਕਰਦਾ ਹਾਂ ਤੈਅ
ਲੋਥਾਂ ਭਾਵੇਂ ਅੰਬਰੀਂ ਲੱਗਣ
ਭਾਵੇਂ ਲਹਿਰਾਏ ਚਿੱਟਾ ਝੰਡਾ
ਦੋਵਾਂ ਵਿੱਚ ਹੀ ਮੇਰੀ ਪੂੰਜੀ
ਖਿੜ-ਖਿੜ ਹੱਸਾਂ
ਜ਼ਾਲਮ ਹਾਸਾ
ਕਹਾਵਾਂ ਨਾਲੇ ਮੈਂ ਚੌਧਰੀ
ਮਾਨਵਤਾ ਦਾ ‘ਰਖਵਾਲਾ’
ਬਾਜ਼ ਅੱਖ ਹੈ ਮੇਰੀ
ਇਸ ਧਰਤੀ ਉੱਤੇ
ਇੱਕ ਪੰਜੇ ਵਿਚ ਮੇਰੇ
ਬਾਰੂਦ ਦੇ ਗੋਲੇ
ਦੂਜੇ ਪੰਜੇ ਵਿੱਚ ਮੇਰੇ
ਮਾਨਵੀ ਰਾਹਤਾਂ
ਸੰਪਰਕ: 98150-68816