ਮਾਂ ਦੀ ਸਿੱਖਿਆ
ਜਤਿੰਦਰ ਮੋਹਨ
ਨਰਿੰਦਰ ਤੇ ਭੋਲਾ ਅੱਠਵੀਂ ਜਮਾਤ ਵਿੱਚ ਪੜ੍ਹਦੇ ਸਨ। ਨਰਿੰਦਰ ਸਰੀਰਕ ਪੱਖੋਂ ਤਕੜਾ ਸੀ ਤੇ ਭੋਲਾ ਪੜ੍ਹਾਈ ਵਿੱਚ ਹੁਸ਼ਿਆਰ ਸੀ। ਇੱਕ ਦੋਵਾਂ ਵਿੱਚ ਅਮੀਰੀ ਤੇ ਗ਼ਰੀਬੀ ਦਾ ਫ਼ਰਕ ਵੀ ਸੀ। ਨਰਿੰਦਰ ਦੇ ਪਿਤਾ ਰੱਜਦੇ ਪੁੱਜਦੇ ਜ਼ਿਮੀਂਦਾਰ ਸਨ ਜਦਕਿ ਭੋਲੇ ਦੇ ਪਿਤਾ ਦਿਹਾੜੀਦਾਰ ਸਨ।
ਇੱਕ ਦਿਨ ਦੋਵੇਂ ਬੱਚੇ ਸਕੂਲ ਦੇ ਗਰਾਊਂਡ ਵਿੱਚ ਖੇਡ ਰਹੇ ਸਨ। ਫੁੱਟਬਾਲ ਖੇਡਦੇ ਖੇਡਦੇ ਦੋਵੇਂ ਆਪਸ ਵਿੱਚ ਬਹਿਸਣ ਲੱਗੇ। ਹੌਲੀ ਹੌਲੀ ਬਹਿਸ ਲੜਾਈ ਵਿੱਚ ਬਦਲ ਗਈ। ਆਖਿਰ ਨੌਬਤ ਕੁੱਟਮਾਰ ਤੱਕ ਪਹੁੰਚ ਗਈ। ਤਕੜਾ ਹੋਣ ਕਾਰਨ ਨਰਿੰਦਰ ਨੇ ਭੋਲੇ ਦੇ ਤਿੰਨ ਚਾਰ ਚਪੇੜਾਂ ਮਾਰੀਆਂ। ਸਕੂਲ ਵਿੱਚ ਛੁੱਟੀ ਹੋਣ ਕਾਰਨ ਕੋਈ ਅਧਿਆਪਕ ਨਹੀਂ ਸੀ ਤੇ ਖੇਡਣ ਵਾਲੇ ਦੂਜੇ ਮੁੰਡਿਆਂ ਨੂੰ ਉਹ ਕੀ ਸਮਝਦਾ ਸੀ। ਉਨ੍ਹਾਂ ਦੇ ਕਹਿੰਦੇ ਕਹਿੰਦੇ ਹੀ ਉਸ ਨੇ ਇਹ ਕਾਰਾ ਕਰ ਦਿੱਤਾ। ਲੜਾਈ ਹੋਣ ਕਰਕੇ ਸਭ ਆਪੋ ਆਪਣੇ ਘਰਾਂ ਨੂੰ ਚਲੇ ਗਏ।
ਭੋਲੇ ਨੇ ਘਰ ਜਾ ਕੇ ਸਾਰੀ ਘਟਨਾ ਆਪਣੀ ਮਾਂ ਨੂੰ ਦੱਸੀ ਤਾਂ ਉਸ ਨੂੰ ਬਹੁਤ ਗੁੱਸਾ ਆਇਆ ਅਤੇ ਝੱਟ ਹੀ ਉਹ ਨਰਿੰਦਰ ਦੇ ਘਰ ਉਲਾਂਭਾ ਦੇਣ ਲਈ ਤੁਰ ਪਈ। ਉੱਧਰ ਨਰਿੰਦਰ ਦੀ ਮਾਤਾ ਨੇ ਵੀ ਉਸ ਦੇ ਚਿਹਰੇ ਨੂੰ ਪੜ੍ਹ ਲਿਆ ਤੇ ਉਸ ਨੇ ਕਾਰਨ ਜਾਣਨ ਲਈ ਪੁੱਛਿਆ,
‘‘ਪੁੱਤ ਨਰਿੰਦਰ, ਅੱਜ ਤੇਰਾ ਮੂੰਹ ਕਿਉਂ ਉਤਰਿਆ ਪਿਐ?’’
‘‘ਨਹੀਂ ਮੰਮੀ।’’
‘‘ਨਹੀਂ ਤਾਂ ਕਿਉਂ? ਕੋਈ ਨਾ ਕੋਈ ਗੱਲ ਤਾਂ ਜ਼ਰੂਰ ਐ।’’
‘‘ਮੰਮੀ, ਬਸ ਐਵੇਂ ਹੀ ਭੋਲੇ ਨਾਲ ਲੜਾਈ ਹੋਗੀ।’’
‘‘ਕਿਉਂ?’’
‘‘ਫੁੱਟਬਾਲ ਖੇਡਦੇ ਸੀ ਵਾਰ ਵਾਰ ਮੇਰੇ ਅੱਗੇ ਆ ਜਾਂਦਾ ਸੀ।’’
‘‘ਪੁੱਤ ਜਦੋਂ ਫੁੱਟਬਾਲ ਖੇਡਦੇ ਸੀ ਤਾਂ ਅੱਗੇ ਤਾਂ ਉਸ ਨੇ ਆਉਣਾ ਹੀ ਸੀ। ਇਹ ਤਾਂ ਕੋਈ ਗੱਲ ਨਾ ਬਣੀ। ਤੂੰ ਲੜਨਾ ਨਹੀਂ ਸੀ।’’
‘‘ਬਸ ਐਵੇਂ ਹੀ।’’
‘‘ਹੁਣ ਉਲਾਂਭਾ ਆਊ।’’
‘‘ਹਾਂ ਆਊ।’’
ਨਰਿੰਦਰ ਦੀ ਮਾਤਾ ਉਸ ਦੀ ਇਸ ਹਰਕਤ ਤੋਂ ਬਹੁਤ ਦੁਖੀ ਹੋਈ। ਇੰਨੇ ਨੂੰ ਦਰਵਾਜ਼ਾ ਖੜਕਿਆ। ਨਰਿੰਦਰ ਡਰ ਦਾ ਮਾਰਿਆ ਅੰਦਰ ਚਲਾ ਗਿਆ। ਦਰਵਾਜ਼ਾ ਫਿਰ ਖੜਕਿਆ ਤਾਂ ਨਰਿੰਦਰ ਦੀ ਮਾਤਾ ਸੁਖਜੀਤ ਨੇ ਪੁੱਛਿਆ,
‘‘ਕੌਣ ਐ?’’
‘‘ਭੈਣੇ, ਮੈਂ ਤਾਂ ਸੁਖਪਾਲ ਹਾਂ।’’
ਸੁਖਜੀਤ ਨੇ ਦਰਵਾਜ਼ਾ ਖੋਲ੍ਹਿਆ ਤਾਂ ਸੁਖਪਾਲ ਸਾਹਮਣੇ ਖੜ੍ਹੀ ਸੀ ਤੇ ਉਸ ਦਾ ਗੁੱਸਾ ਸੱਤਵੇਂ ਅਸਮਾਨ ਉੱਤੇ ਸੀ। ਉਸ ਦਾ ਚਿਹਰਾ ਲਾਲ ਸੁਰਖ ਸੀ। ਸੁਖਜੀਤ ਉਸ ਨੂੰ ਅੰਦਰ ਲੈ ਆਈ। ਸਭ ਕੁਝ ਜਾਣਦੇ ਹੋਏ ਵੀ ਉਸ ਨੇ ਅਣਜਾਣ ਹੋ ਕੇ ਪੁੱਛਿਆ,
‘‘ਕੀ ਗੱਲ ਹੋਗੀ ਭੈਣੇ?’’
‘‘ਗੱਲ? ਗੱਲ ਤਾਂ ਤੈਨੂੰ ਵੀ ਪਤਾ ਈ ਐ। ਤੇਰੇ ਮੁੰਡੇ ਨੇ ਮੇਰੇ ਮੁੰਡੇ ਨੂੰ ਬਿਨਾਂ ਗੱਲ ਤੋਂ ਕੁੱਟਿਆ।’’
‘‘ਮੈਨੂੰ ਗੱਲ ਦਾ ਪਤਾ ਨ੍ਹੀਂ, ਪਰ ਆ ਲੈਣ ਦੇ ਘਰੇ।’’
‘‘ਆਇਆ ਨ੍ਹੀਂ ਹਲੇ ਤੱਕ?’’
‘‘ਆਉਂਦਾ ਈ ਹੋਊ ਬਥੇਰਾ ਚਿਰ ਹੋ ਗਿਆ।’’
‘‘ਕਿਤੇ ਅੰਦਰ ਤਾਂ ਨ੍ਹੀਂ ਬੈਠਾ ਰੱਖਿਆ?’’ ਸੁਖਪਾਲ ਨੇ ਸ਼ੱਕ ਜ਼ਾਹਿਰ ਕੀਤਾ।
‘‘ਨਾ ਭੈਣੇ, ਆਉਣ ਦੇ ਉਸ ਨੂੰ। ਜੇ ਉਸ ਦੀ ਗ਼ਲਤੀ ਹੋਈ ਤਾਂ ਚੰਗੀ ਤਰ੍ਹਾਂ ਧਨੇਸੜੀ ਦੇਊਂ।’’
‘‘ਗ਼ਲਤੀ ਤਾਂ ਉਸ ਦੀ ਹੈ ਈ। ਕੀ ਹੋਇਆ ਜੇ ਤੁਸੀਂ ਤਕੜੇ ਓ ਤੇ ਅਸੀਂ ਗ਼ਰੀਬ ਹਾਂ।’’
‘‘ਨਾ ਨਾ ਭੈਣੇ, ਤੂੰ ਚਿੰਤਾ ਨਾ ਕਰ। ਤੈਨੂੰ ਆਪੇ ਈ ਪਤਾ ਲੱਗ ਜੂ ਕੱਲ੍ਹ ਨੂੰ। ਮੈਂ ਤੇਰੇ ਨਾਲ ਜਾਂ ਕਿਸੇ ਹੋਰ ਨਾਲ ਗ਼ਰੀਬ ਕਰਕੇ ਫ਼ਰਕ ਰੱਖਿਐ?’’
ਇਹ ਸੁਣ ਕੇ ਸੁਖਪਾਲ ਦਾ ਗੁੱਸਾ ਠੰਢਾ ਹੋ ਗਿਆ। ਉਸ ਨੂੰ ਇਹ ਤਾਂ ਪਤਾ ਹੀ ਸੀ ਕਿ ਉਸ ਨੇ ਕਦੇ ਕਿਸੇ ਨਾਲ ਫ਼ਰਕ ਨਹੀਂ ਰੱਖਿਆ ਅਤੇ ਉਹ ਹਰ ਲੋੜਵੰਦ ਦੀ ਸਹਾਇਤਾ ਕਰਦੀ ਹੈ ਅਤੇ ਘਰ ਵਿੱਚ ਉਸ ਦੀ ਪੂਰੀ ਚੱਲਦੀ ਹੈ।
ਸੁਖਪਾਲ ਉਲਾਂਭਾ ਦੇ ਕੇ ਚਲੀ ਗਈ। ਨਰਿੰਦਰ ਬਾਹਰ ਆ ਗਿਆ ਤੇ ਕਹਿਣ ਲੱਗਾ, ‘‘ਮੰਮੀ ਐਡੀ ਤਾਂ ਗੱਲ ਹੀ ਨਹੀਂ ਸੀ ਜਿੱਡੀ ਇਨ੍ਹਾਂ ਨੇ ਬਣਾ ਦਿੱਤੀ।’’
‘‘ਪੁੱਤ ਤੇਰੀ ਗ਼ਲਤੀ ਐ। ਕਿਸੇ ਦੇ ਬਿਨਾਂ ਮਤਲਬ ਤੋਂ ਮਾਰਨਾ ਬਹੁਤ ਮਾੜੀ ਗੱਲ ਹੈ। ਬਾਕੀ, ਜੇ ਤੁਸੀਂ ਹੁਣੇ ਤੋਂ ਹੀ ਲੜਨ ਲੱਗ ਪਏ ਤਾਂ ਭਾਈਚਾਰਾ ਕਿਵੇਂ ਰਹੂ।’’
‘‘ਆਪਾਂ ਇਨ੍ਹਾਂ ਤੋਂ ਕੀ ਕਰਾਉਣੈ? ਆਪਾਂ ਖੇਤੀ ਕਰਨ ਵਾਲੇ ਤੇ ਇਹ ਮਜ਼ਦੂਰ।’’
‘‘ਪੁੱਤ, ਕਦੇ ਵੀ ਕਿਸੇ ਨੂੰ ਗ਼ਰੀਬ ਜਾਂ ਕਮਜ਼ੋਰ ਨਾ ਸਮਝੋ। ਜ਼ਰੂਰਤ ਤਾਂ ਕੰਨ ਖੁਰਕਣ ਲਈ ਡੱਕੇ ਦੀ ਵੀ ਪੈ ਜਾਂਦੀ ਹੈ।’’
‘‘ਹਾਂ, ਮੰਮੀ ਪਰ ਨਾਲੇ ਕਹਿੰਦੇ ਕੰਨ ਵਿੱਚ ਡੱਕਾ ਮਾਰੀ ਦਾ ਨ੍ਹੀਂ ਹੁੰਦਾ।’’
‘‘ਇਹ ਗੱਲ ਤਾਂ ਠੀਕ ਐ, ਪਰ ਕਹਾਵਤ ਬਣੀ ਹੋਈ ਹੈ ਕਿ ਲੋੜ ਤਾਂ ਡੱਕੇ ਦੀ ਵੀ ਪੈ ਜਾਂਦੀ ਹੈ।’’
‘‘ਠੀਕ ਐ।’’
‘‘ਮੈਂ ਤੈਨੂੰ ਇੱਕ ਪੁਰਾਣੀ ਗੱਲ ਦੱਸਦੀ ਹਾਂ ਕਿ ਇੱਕ ਗ਼ਰੀਬ ਆਦਮੀ ਕਿਸੇ ਦੇ ਖੇਤ ਵਿੱਚੋਂ ਸਾਗ ਤੋੜ ਰਿਹਾ ਸੀ ਤਾਂ ਮਾਲਕ ਖੇਤ ਵਿੱਚ ਆ ਕੇ ਗ਼ਰੀਬ ਆਦਮੀ ਨੂੰ ਮੰਦਾ ਬੋਲਣ ਲੱਗਾ।’’
‘‘ਅੱਛਾ ਫੇਰ?’’
‘‘ਉਹ ਵਿਚਾਰਾ ਕਸੂਰਵਾਰ ਹੋਣ ਕਾਰਨ ਨਿਮਰਤਾ ਨਾਲ ਕਹਿਣ ਲੱਗਾ ਕਿ ਸਰਦਾਰ ਜੀ, ਸਾਡੇ ਕੋਲ ਜ਼ਮੀਨ ਤਾਂ ਹੈ ਨਹੀਂ, ਪਰ ਮੂੰਹ ਤਾਂ ਹੈ। ਇਸ ਲਈ ਸਾਗ ਨੂੰ ਦਿਲ ਕੀਤਾ ਕਿ ਸਾਗ ਲੈ ਜਾਵਾਂ, ਪਰ ਜੇਕਰ ਤੁਸੀਂ ਨਾਰਾਜ਼ ਹੋ ਤਾਂ ਮੁਆਫ਼ੀ ਮੰਗਦਾ ਹਾਂ। ਕਿਸਾਨ ਫੇਰ ਵੀ ਬੁਰਾ ਬੋਲਦਾ ਰਿਹਾ।’’
‘‘ਫੇਰ ਮੰਮੀ?’’
‘‘ਫੇਰ ਕੀ ਸੀ? ਕਿਸਾਨ ਨੇ ਉਸ ਤੋਂ ਸਾਰਾ ਸਾਗ ਉੱਥੇ ਹੀ ਰਖਵਾ ਲਿਆ।’’
‘‘ਫੇਰ ਤਾਂ ਬੜਾ ਹੰਕਾਰੀ ਸੀ।’’ ਨਰਿੰਦਰ ਨੇ ਘਿਰਣਾ ਨਾਲ ਕਿਹਾ।
‘‘ਹਾਂ। ਕੁਝ ਸਮਾਂ ਬੀਤਿਆ ਤਾਂ ਕਿਸਾਨ ਨੂੰ ਬੁਖ਼ਾਰ ਚੜ੍ਹਨ ਲੱਗ ਪਿਆ। ਬੁਖ਼ਾਰ ਕਈ ਦਿਨ ਲਗਾਤਾਰ ਚੜ੍ਹਿਆ। ਜਦੋਂ ਉਹ ਡਾਕਟਰ ਦੇ ਗਿਆ ਤਾਂ ਡਾਕਟਰ ਨੇ ਉਸ ਦੇ ਕੁਝ ਟੈਸਟ ਕਰਵਾਏ ਅਤੇ ਦੱਸਿਆ ਕਿ ਉਸ ਨੂੰ ਡੇਂਗੂ ਹੈ। ਦਵਾਈ ਦੇ ਨਾਲ ਨਾਲ ਡਾਕਟਰ ਨੇ ਉਸ ਨੂੰ ਬੱਕਰੀ ਦਾ ਦੁੱਧ ਪੀਣ ਲਈ ਕਿਹਾ। ਉਸ ਦੇ ਘਰ ਕੋਈ ਬੱਕਰੀ ਨਹੀਂ ਸੀ। ਪਿੰਡ ਵਿੱਚ ਵੀ ਦੁੱਧ ਨਹੀਂ ਸੀ ਸਿਵਾਏ ਬੱਕਰੀਆਂ ਵਾਲਿਆਂ ਦੇ ਘਰਾਂ ਤੋਂ ਬਗ਼ੈਰ। ਉਨ੍ਹਾਂ ਨੇ ਪਤਾ ਕੀਤਾ, ਪਰ ਉਨ੍ਹਾਂ ਨੂੰ ਜਵਾਬ ਹੀ ਮਿਲ ਗਿਆ ਕਿਉਂਕਿ ਇੱਕ ਦੋ ਘਰ ਸਨ। ਕਾਲਾ ਸਿੰਘ ਦੇ ਘਰ ਦੋ ਬੱਕਰੀਆਂ ਸਨ, ਉਨ੍ਹਾਂ ਦੇ ਘਰ ਜਾਣ ਕਿਵੇਂ? ਕਿਉਂਕਿ ਉਨ੍ਹਾਂ ਦਾ ਆਪਣਾ ਵਤੀਰਾ ਵਧੀਆ ਨਹੀਂ ਸੀ।’’
‘‘ਅੱਛਾ, ਉਹੀ ਕਾਲਾ ਸਿੰਘ ਜਿਸ ਕੋਲੋਂ ਸਾਗ ਰਖਵਾਇਆ ਸੀ।’’
‘‘ਹਾਂ।’’
‘‘ਅੱਛਾ ਫੇਰ?’’
‘‘ਫੇਰ ਕੀ, ਉਸ ਦੀ ਘਰਵਾਲੀ ਉਨ੍ਹਾਂ ਦੇ ਘਰ ਮੱਝ ਦਾ ਦੁੱਧ ਲੈ ਕੇ ਉਸ ਦੇ ਬਦਲੇ ਬੱਕਰੀ ਦਾ ਦੁੱਧ ਲੈਣ ਚਲੀ ਗਈ। ਜਦ ਉਸ ਨੇ ਕਾਲਾ ਸਿੰਘ ਦੀ ਘਰਵਾਲੀ ਤੋਂ ਮੱਝ ਦੇ ਦੁੱਧ ਬਦਲੇ ਬੱਕਰੀ ਦਾ ਦੁੱਧ ਮੰਗਿਆ ਤਾਂ ਉਹ ਉਸ ਦੇ ਗਲ਼ ਪੈ ਗਈ ਤੇ ਪਿਛਲੀ ਸਾਰੀ ਘਟਨਾ ਯਾਦ ਕਰਵਾ ਦਿੱਤੀ। ਕਿਸਾਨ ਦੀ ਘਰਵਾਲੀ ਨੇ ਮੁਅਫ਼ੀ ਮੰਗੀ ਅਤੇ ਦੁੱਧ ਦੇਣ ਲਈ ਬੇਨਤੀ ਕੀਤੀ। ਕਾਲਾ ਸਿੰਘ ਦੀ ਘਰਵਾਲੀ ਨੂੰ ਉਸ ਉੱਤੇ ਤਰਸ ਆ ਗਿਆ। ਉਸ ਨੇ ਉਸ ਨੂੰ ਬੱਕਰੀ ਦਾ ਦੁੱਧ ਵੀ ਦੇ ਦਿੱਤਾ ਤੇ ਉਸ ਵੱਲੋਂ ਲਿਆਂਦਾ ਦੁੱਧ ਵਾਪਸ ਕਰਦਿਆਂ ਕਿਹਾ ਕਿ ਅਸੀਂ ਗ਼ਰੀਬ ਜ਼ਰੂਰ ਹਾਂ, ਪਰ ਦਿਲ ਦੇ ਅਮੀਰ ਹਾਂ।’’
‘‘ਮੰਮੀ ਫੇਰ?’’
‘‘ਬਸ, ਫੇਰ ਜਦੋਂ ਕਿਸਾਨ ਠੀਕ ਹੋ ਗਿਆ ਤਾਂ ਉਹ ਕਾਲਾ ਸਿੰਘ ਦੇ ਘਰ ਗਿਆ ਤੇ ਉਸ ਤੋਂ ਮੁਆਫ਼ੀ ਮੰਗੀ।’’
‘‘ਫੇਰ ਆਇਆ ਨਾ ਸਵਾਦ।’’
‘‘ਸਵਾਦ ਦੀ ਗੱਲ ਤਾਂ ਠੀਕ ਐ, ਪਰ ਤੈਨੂੰ ਕੋਈ ਸਮਝ ਆਈ? ਮੈਂ ਤੈਨੂੰ ਸਮਝਾਉਂਦੀ ਬਈ ਕਦੇ ਵੀ ਘਮੰਡ ਨਾ ਕਰੋ ਅਤੇ ਨਾ ਹੀ ਕਿਸੇ ਨੂੰ ਗ਼ਰੀਬ ਅਤੇ ਕਮਜ਼ੋਰ ਸਮਝੋ। ਹੁਣ ਤੈਨੂੰ ਆਪਣੀ ਗ਼ਲਤੀ ਮੰਨ ਕੇ ਭੋਲੇ ਕੋਲੋਂ ਮੁਆਫ਼ੀ ਮੰਗ ਲੈਣੀ ਚਾਹੀਦੀ ਹੈ ਤਾਂ ਕਿ ਲੜਾਈ ਅੱਗੇ ਵੀ ਨਾ ਵਧੇ। ਲੜਾਈ ਝਗੜੇ ਤੋਂ ਦੂਰ ਰਹਿਣਾ ਚਾਹੀਦਾ ਹੈ।’’
ਮਾਂ ਦੀ ਗੱਲ ਸੁਣ ਕੇ ਨਰਿੰਦਰ ਦੀਆਂ ਅੱਖਾਂ ਖੁੱਲ੍ਹ ਗਈਆਂ। ਹੁਣ ਉਸ ਨੂੰ ਕੱਲ੍ਹ ਹੋਣ ਦਾ ਇੰਤਜ਼ਾਰ ਸੀ।
ਸੰਪਰਕ: 94630-20766