For the best experience, open
https://m.punjabitribuneonline.com
on your mobile browser.
Advertisement

ਮਾਂ ਦਾ ਢਿੱਡ

08:10 AM Sep 21, 2023 IST
ਮਾਂ ਦਾ ਢਿੱਡ
Advertisement

ਕਮਲਜੀਤ ਸਿੰਘ ਬਨਵੈਤ

Advertisement

ਬੇਬੇ ਨੂੰ ਆਪਣੇ ਬੱਚਿਆਂ ਨੂੰ ਗਾਲ੍ਹਾਂ ਦੇਣੀਆਂ ਚੰਗੀਆਂ ਨਹੀਂ ਸਨ ਲੱਗਦੀਆਂ। ਉਹਨੇ ਗੁੱਸੇ ਵਿਚ ਆ ਕੇ ਮੈਨੂੰ ਕਦੇ ਜਲ ਜਾਣਾ, ਮਰ ਜਾਣਾ ਜਾਂ ਥੇਹ ਹੋਣਾ ਵੀ ਕਦੀ ਨਹੀਂ ਸੀ ਕਿਹਾ। ਉਹਨੂੰ ਜਦ ਮੇਰੇ ’ਤੇ ਗੁੱਸਾ ਆਉਣਾ ਤਾਂ ਉਹ ਮੇਰੇ ਉੱਤੇ ਦੰਦੀਆਂ ਕਚੀਚ ਕੇ ਰਹਿ ਜਾਂਦੀ। ਜਦੋਂ ਕਦੇ ਗੁੱਸਾ ਜਿ਼ਆਦਾ ਹੀ ਚੜ੍ਹ ਗਿਆ ਹੁੰਦਾ ਤਾਂ ਉਹਨੇ ਰੋਟੀਆਂ ਵਾਲਾ ਵੇਲਣਾ ਜਾਂ ਚਿਮਟਾ ਵਗ੍ਹਾ ਕੇ ਮਾਰਨਾ, ਉਹ ਵੀ ਇੰਨੀ ਰਫ਼ਤਾਰ ਨਾਲ ਕਿ ਮੇਰੇ ਕਿਤੇ ਲੱਗ ਨਾ ਜਾਵੇ। ਫਿਰ ਉਹ ਚੁੰਨੀ ਦੇ ਪੱਲਿਆਂ ਨੂੰ ਦੋ ਪਾਸਿਆਂ ਤੋਂ ਫੜ ਕੇ ਅੱਖਾਂ ਪੂੰਝਣ ਲੱਗ ਪੈਂਦੀ। ਰਾਤ ਨੂੰ ਸੌਣ ਵੇਲੇ ਗਰਮ ਪਾਣੀ ਨਾਲ ਮੇਰੇ ਹੱਥ ਪੈਰ ਧੋ ਕੇ ਮਲਾਈ ਲਾਉਂਦਿਆਂ ਦਿਨ ਵੇਲੇ ਕੀਤੀਆਂ ਗ਼ਲਤੀਆਂ ਬਾਰੇ ਸਮਝਾਉਂਦੀ ਰਹਿਣਾ, ਨਾਲ ਹੀ ਭਾਈਆ ਜੀ ਦੇ ਗੁੱਸੇ ਦਾ ਡਰ ਵੀ ਮਨ ਵਿਚ ਪਾ ਦੇਣਾ। ਉਹ ਅਕਸਰ ਕਹਿ ਦਿੰਦੇ ਸਨ, “ਜਿੰਨਾ ਤੂੰ ਤੰਗ ਕਰਦਾ ਏਂ, ਜੇ ਕਿਤੇ ਤੇਰੇ ਭਾਈਆ ਜੀ ਨੂੰ ਪਤਾ ਲੱਗ ਗਿਆ ਤਾਂ ਉਨ੍ਹਾਂ ਨੇ ਤੇਰਾ ਕੁੱਟ ਕੁੱਟ ਮੱਕੂ ਬੰਨ੍ਹ ਦੇਣਾ।” ਅੰਤ ਵਿਚ ਮੇਰੀ ਸੱਜੀ ਗੱਲ੍ਹ ਨੂੰ ਪੋਲਾ ਜਿਹਾ ਪਲੋਸਦਿਆਂ ਕਹਿ ਦਿੰਦੇ, “ਅੱਛੇ ਬੱਚੇ ਮਾਪਿਆਂ ਦੀ ਗੱਲ ਧਿਆਨ ਨਾਲ ਸੁਣਦੇ। ਮਾਂ ਨੂੰ ਤੰਗ ਵੀ ਨਹੀਂ ਕਰਦੇ।”
ਭਾਈਆ ਜੀ ਸਖਤ ਸੁਭਾਅ ਦੇ ਸਨ। ਉਨ੍ਹਾਂ ਨੂੰ ਲੱਗਦਾ ਸੀ ਕਿ ਮੁੰਡਾ ਅਤੇ ਰੰਬਾ ਚੰਡੇ ਤੋਂ ਬਗੈਰ ਸਿੱਧੇ ਨਹੀਂ ਰਹਿੰਦੇ। ਨਿੱਕੀ ਨਿੱਕੀ ਗੱਲ ’ਤੇ ਡੰਡਾ ਚੁੱਕ ਲੈਂਦੇ। ਇੱਕ ਦੋ ਵਾਰ ਕੁੱਟ ਤੋਂ ਬਚਾਉਣ ਲਈ ਜਦੋਂ ਮਾਂ ਅੱਗੇ ਆਈ ਤਾਂ ਕਿਤੇ ਉਨ੍ਹਾਂ ਨੇ ਆਪਣਾ ਗੁੱਸਾ ਕੰਟਰੋਲ ਕੀਤਾ ਸੀ। ਹੁਣ ਇੰਝ ਲੱਗਦਾ ਹੈ, ਭਾਈਆ ਜੀ ਜਿਵੇਂ ਨਾਰੀਅਲ ਵਰਗੇ ਹੋਣ; ਉੱਪਰੋਂ ਸਖਤ, ਅੰਦਰੋਂ ਨਰਮ। ਇੱਕ ਵਾਰ ਜਦੋਂ ਬੇਬੇ ਜੀ ਨਾਲ ਮੁਰੱਬੇ ਤੋਂ ਆਉਂਦਿਆਂ ਕਿਸੇ ਦੇ ਖੇਤਾਂ ਵਿਚੋਂ ਗੰਨਾ ਭੰਨ ਲਿਆ ਸੀ ਤਾਂ ਭਾਈਆ ਜੀ ਨੇ ਚੰਗੀ ਭੁਗਤ ਸਵਾਰੀ ਸੀ। ਬੇਬੇ ਜੀ ਨੇ ਤਾਂ ਰਸਤੇ ਵਿਚ ਹੀ ਆਉਂਦਿਆਂ ਸਮਝਾ ਦਿੱਤਾ ਸੀ ਕਿ ਕਿਸੇ ਦੀ ਗੈਰ-ਹਾਜ਼ਰੀ ਵਿਚ ਕਿਸੇ ਦੇ ਘਰੋਂ ਜਾਂ ਖੇਤਾਂ ਵਿਚੋਂ ਕੋਈ ਵੀ ਚੀਜ਼ ਲੈਣ ਨੂੰ ਚੋਰੀ ਕਹਿੰਦੇ। ਉਨ੍ਹਾਂ ਮੈਥੋਂ ਮੁੜ ਚੋਰੀ ਨਾ ਕਰਨ ਦਾ ਵਾਅਦਾ ਵੀ ਲਿਆ ਪਰ ਉਹ ਭਾਈਆ ਜੀ ਨੂੰ ਦੱਸੇ ਬਿਨਾ ਰਹਿ ਨਾ ਸਕੇ। ਭਾਈਆ ਜੀ ਨੇ ਚੋਰੀ ਸ਼ਬਦ ਸੁਣਦਿਆਂ ਹੀ ਚੁੱਲ੍ਹੇ ਕੋਲ ਪਿਆ ਸੁੱਕਾ ਗੰਨਾ ਚੁੱਕ ਕੇ ਮੇਰੇ ਹੱਡ ਸੇਕਣੇ ਸ਼ੁਰੂ ਕਰ ਦਿੱਤੇ। ਉਂਝ ਬੇਬੇ ਜੀ ਸਾਡੀਆਂ ਬਹੁਤ ਸਾਰੀਆਂ ਗ਼ਲਤੀਆਂ ’ਤੇ ਪਰਦਾ ਵੀ ਪਾ ਲੈਂਦੇ ਸਨ। ਭਾਈਆ ਜੀ ਨੂੰ ਝੂਠ ਅਤੇ ਚੋਰੀ ਤੋਂ ਸਭ ਤੋਂ ਵੱਧ ਨਫਰਤ ਸੀ। ਦੂਜਾ, ਉਹ ਸਾਡੀ ਪੜ੍ਹਾਈ ਬਾਰੇ ਬਹੁਤ ਗੰਭੀਰ ਸਨ। ਸ਼ਾਇਦ ਸਾਨੂੰ ਖੇਤੀ ਵਿਚੋਂ ਕੱਢ ਕੇ ਕਿਸੇ ਅੱਛੇ ਰੁਤਬੇ ’ਤੇ ਪਹੁੰਚਾਉਣਾ ਚਾਹੁੰਦੇ ਸਨ। ਇਸੇ ਲਈ ਉਨ੍ਹਾਂ ਨੂੰ ਜਿ਼ਆਦਾ ਗੁੱਸਾ ਪੜ੍ਹਾਈ ਕਰ ਕੇ ਆਉਂਦਾ। ਜੇ ਕਦੇ ਅਸੀਂ ਪੜ੍ਹਨ ਤੋਂ ਘੇਰ ਮਾਰ ਜਾਣੀ ਤਾਂ ਉਨ੍ਹਾਂ ਦੀ ਧਮਕੀ ਹੁੰਦੀ, “ਇਨ੍ਹਾਂ ਦਾ ਨਾਂ ਸਕੂਲ ’ਚੋਂ ਕਟਵਾ ਕੇ ਸਾਈਕਲਾਂ ਨੂੰ ਪੰਚਰ ਲਾਉਣ ਦਾ ਕੰਮ ਸਿੱਖਣ ਲਾ ਦਿਓ।” ਅਜਿਹੀ ਧਮਕੀ ਤੋਂ ਡਰਦਿਆਂ ਸਾਰੀ ਰਾਤ ਨੀਂਦ ਨਾ ਪੈਣੀ- ‘ਜੇ ਸੱਚੀਂ ਇੰਝ ਹੋ ਗਿਆ?’ ਇੱਕ ਵਾਰ ਮੈਂ ਵਿਹੜੇ ਵਿਚ ਖੜ੍ਹਾ ਸਾਈਕਲ ਚੁੱਕ ਕੇ ਸੜਕ ’ਤੇ ਚਲਾਉਣਾ ਸਿੱਖਣ ਗਿਆ ਤਾਂ ਭਾਈਆ ਜੀ ਨੇ ਕੁਝ ਕਹਿਣ ਦੀ ਥਾਂ ਸਾਈਕਲ ਨੂੰ ਰੱਸਾ ਪਾ ਕੇ ਛੱਤ ਦੇ ਬਾਲਿਆਂ ਨਾਲ ਟੰਗ ਦਿੱਤਾ ਸੀ। ਫਿਰ ਘਰਦਿਆਂ ਦੀ ਡਾਂਟ ਬੁਰੀ ਲੱਗਣ ਲੱਗੀ ਤਾਂ ਮੈਂ ਅੰਦਰੋ-ਅੰਦਰ ਬਾਗ਼ੀ ਹੋ ਗਿਆ ਪਰ ਉਨ੍ਹਾਂ ਮੂਹਰੇ ਬੋਲਣ ਦੀ ਹਿੰਮਤ ਫਿਰ ਵੀ ਨਹੀਂ ਸੀ। ਸ਼ਾਇਦ ਇਹ ਉਸ ਉਮਰ ਦਾ ਤਕਾਜ਼ਾ ਸੀ ਜਦੋਂ ਬੱਚਿਆਂ ਨੂੰ ਮਾਪਿਆਂ ਦੀਆਂ ਬਹੁਤੀਆਂ ਗੱਲਾਂ ਚੁੱਭਦੀਆਂ ਹੀ ਨਹੀਂ ਸਗੋਂ ਮਾਪੇ ਬੁਰੇ ਵੀ ਲੱਗਣ ਲੱਗ ਪੈਂਦੇ ਹਨ।
ਬੇਬੇ ਜੀ ਸਾਡੇ ਰੌਂਅ ਦਾ ਅੰਦਾਜ਼ਾ ਲਗਾ ਕੇ ਸਿੱਖਿਆ ਦੇਣ ਲੱਗ ਪੈਂਦੇ, “ਤੇਰੇ ਭਈਆ ਜੀ ਤੇਰੇ ਚੰਗੇ ਲਈ ਗੁੱਸੇ ਹੁੰਦੇ। ਅਸੀਂ ਚਾਹੁੰਦੇ ਆਂ, ਤੂੰ ਪੜ੍ਹ ਲਿਖ ਕੇ ਕਿਸੇ ਕੰਢੇ ਲੱਗ ਜਾਵੇਂ। ਨਾਲੇ ਆਹ ਉਮਰ ਹੀ ਹੁੰਦੀ ਹੈ ਮਾਪਿਆਂ ਦੇ ਬੱਚਿਆਂ ਨੂੰ ਸਮਝਾਉਣ ਦੀ। ਕੱਲ੍ਹ ਨੂੰ ਬੇਗਾਨੀ ਘਰ ਵਿਚ ਆ ਗਈ, ਫਿਰ ਤੈਨੂੰ ਕਿਸ ਨੇ ਡਾਂਟਣਾ? ਨਾਲੇ ਜੇ ਤੂੰ ਨਹੀਂ ਸਾਡੀ ਗੱਲ ਸਹਿੰਦਾ ਤਾਂ ਸੱਤ ਬੇਗਾਨੀ ਭਲਾ ਕਿਵੇਂ ਸਹਿ ਲਊ?”
ਬੀਏ ਪਾਸ ਕਰਦਿਆਂ ਹੀ ਚੰਡੀਗੜ੍ਹ ਨੌਕਰੀ ਲੱਗ ਗਈ। ਉਦੋਂ ਫੋਨ ਟਾਵੇਂ ਘਰਾਂ ਵਿਚ ਹੁੰਦਾ ਸੀ। ਇੱਕ ਦੂਜੇ ਦੀ ਰਾਜ਼ੀ ਖੁਸ਼ੀ ਅਤੇ ਸੁੱਖ ਸਾਂਦ ਚਿੱਠੀਆਂ ਰਾਹੀਂ ਹੀ ਪੁੱਛੀ ਜਾਂਦੀ ਸੀ। ਪਿੰਡ ਮਹੀਨੇ ਜਾਂ ਦਸੀਂ-ਪੰਦਰੀਂ ਦਿਨੀਂ ਗੇੜਾ ਲਾ ਆਉਂਦਾ ਸੀ। ਪਿਛਲੀ ਵਾਰ ਪਿੰਡ ਗਿਆ ਤਾਂ ਮੈਨੂੰ ਭਾਈਆ ਜੀ ਦਾ ਰੁੱਖਾ ਬੋਲਣਾ ਚੰਗਾ ਨਹੀਂ ਲੱਗਾ। ਮੈਥੋਂ ਕਿਹਾ ਗਿਆ- “ਮੈਂ ਹੁਣ ਬੱਚਾ ਨਹੀਂ। ਚੰਡੀਗੜ੍ਹ ਵਰਗੇ ਸ਼ਹਿਰ ਵਿਚ ਨੌਕਰੀ ਕਰਦਾਂ, ਮੈਨੂੰ ਚੰਗੇ ਮਾੜੇ ਦੀ ਸਮਝ ਵੀ ਆ।” ਭਾਈਆ ਜੀ ਨੇ ਬੁਰਾ ਵੀ ਮਨਾਇਆ ਹੋਣਾ। ਉਨ੍ਹਾਂ ਨੂੰ ਮੈਥੋਂ ਇਹ ਆਸ ਵੀ ਨਹੀਂ ਹੋਣੀ। ਉਹ ਕੁਝ ਕਹਿਣ ਦੀ ਥਾਂ ਵਿਹੜੇ ਵਿਚ ਧੁੱਪੇ ਪਏ ਮੰਜੇ ਉਤੇ ਖੇਸੀ ਲੈ ਕੇ ਲੰਮੇ ਪੈ ਗਏ ਸਨ।
ਬੇਬੇ ਜੀ ਇਹ ਕਹਿ ਕੇ ਰਸੋਈ ਵਿਚ ਚਲੇ ਗਏ- “ਕਾਕਾ ਜਿਸ ਬਾਪ ਨੇ ਤੈਨੂੰ ਪਾਲ-ਪੋਸ ਕੇ ਵੱਡਾ ਕੀਤਾ, ਅੱਜ ਤੂੰ ਉਸੇ ਬਾਪ ਦੇ ਮੂਹਰੇ ਜ਼ੁਬਾਨ ਚਲਾਉਣ ਲੱਗ ਪਿਐਂ। ਚੱਲ, ਹੱਥ ਜੋੜ ਕੇ ਗ਼ਲਤੀ ਮੰਨ, ਨਹੀਂ ਜਿੱਥੋਂ ਆਇਆਂ, ਉੱਥੇ ਤੁਰਦਾ ਬਣ।” ਬੇਬੇ ਜੀ ਰਸੋਈ ਵਿਚ ਨਾਲੇ ਰੋਟੀਆਂ ਪਕਾਈ ਜਾਣ, ਨਾਲੇ ਰੋਈ ਜਾਣ। ਇਸ ਵਾਰ ਬੇਬੇ ਦਾ ਰੋਣਾ ਵੀ ਚੰਗਾ ਨਾ ਲੱਗਾ ਸਗੋਂ ਵੱਟ ਜਿਹਾ ਚੜ੍ਹਿਆ- ਉਨ੍ਹਾਂ ਸਾਰੀ ਉਮਰ ਭਾਈਆ ਜੀ ਦਾ ਪੱਖ ਲਿਆ। ਮੈਂ ਬਗੈਰ ਕਿਸੇ ਨੂੰ ਦੱਸੇ ਪਿੰਡੋਂ ਬੱਸ ਚੜ੍ਹ ਕੇ ਚੰਡੀਗੜ੍ਹ ਆ ਗਿਆ।
ਅਗਲੇ ਦਿਨ ਦੀ ਸ਼ਾਮ ਮੈਂ ਦਫ਼ਤਰ ਤੋਂ ਵਾਪਸ ਆਇਆ ਤਾਂ ਬੇਬੇ ਜੀ ਘਰ ਦੀ ਗਲੀ ਵਿਚ ਸਿਰ ’ਤੇ ਰਜ਼ਾਈ ਚੁੱਕੀ ਅਤੇ ਸੱਜੇ ਹੱਥ ਵਿਚ ਆਟੇ ਵਾਲਾ ਥੈਲਾ ਚੁੱਕੀ ਆ ਰਹੇ ਸਨ। ਮੇਰੇ ਮੂੰਹੋਂ ਕਿਰ ਗਿਆ, “ਬੱਸ ਚੰਡੀਗੜ੍ਹ ਆ ਕੇ ਮੇਰਾ ਜਲੂਸ ਕੱਢਣੋਂ ਰਹਿ ਗਿਆ ਸੀ।” ਬੇਬੇ ਕੁਝ ਨਾ ਬੋਲੀ ਪਰ ਘਰ ਵੜਦਿਆਂ ਛਾਤੀ ਨਾਲ ਲਾ ਲਿਆ, “ਪੁੱਤ ਮਾਂ ਦਾ ਢਿੱਡ ਬੇਸ਼ਰਮ ਹੁੰਦਾ। ਮਾਂ ਨੂੰ ਜਿੰਨਾ ਮਰਜ਼ੀ ਪਰ੍ਹੇ ਧੱਕੀ ਰੱਖੀਂ, ਇਹਨੇ ਤੜਫਦੇ ਈ ਰਹਿਣਾ।” ਇੰਨੇ ਨੂੰ ਭਾਈਆ ਜੀ ਵੀ ਘਰ ਅੰਦਰ ਆ ਵੜੇ। ਉਨ੍ਹਾਂ ਦੇ ਇੱਕ ਹੱਥ ਵਿਚ ਸਾਗ ਵਾਲਾ ਝੋਲਾ, ਦੂਜੇ ਵਿਚ ਦੇਸੀ ਘਿਉ ਦਾ ਡੱਬਾ ਸੀ।
ਅੱਜ ਮਾਂ ਉਦੋਂ ਮੇਰੀਆਂ ਅੱਖਾਂ ਮੂਹਰੇ ਆ ਖੜ੍ਹੀ ਜਦੋਂ ਮੈਂ ਆਪਣੀ ਮੁਟਿਆਰ ਧੀ ਨੂੰ ਨਿੱਕਰ-ਟੌਪ ਪਾ ਕੇ ਬਾਜ਼ਾਰ ਜਾਣ ਤੋਂ ਵਰਜਿਆ। ਉਹ ‘ਮਾਈਂਡ ਯੂਅਰ ਓਨ ਬਿਜ਼ਨਸ’ ਕਹਿ ਕੇ ਕਾਰ ਦੀ ਸੈਲਫ ਮਾਰ ਅਹੁ ਗਈ ਅਹੁ ਗਈ। ਮੈਂ ਘਰ ਦੇ ਬਾਹਰਲੇ ਵਿਹੜੇ ਦੀ ਕੰਧ ਨਾਲ ਢੋਅ ਲਾ ਕੇ ਖ਼ੁਦ ਨੂੰ ਮਸਾਂ ਸੰਭਾਲਿਆ।
ਸੰਪਰਕ: 98147-34035

Advertisement

Advertisement
Author Image

sukhwinder singh

View all posts

Advertisement