For the best experience, open
https://m.punjabitribuneonline.com
on your mobile browser.
Advertisement

ਮਾਂ, ਮਮਤਾ ਤੇ ਯਾਦਾਂ

08:58 AM Aug 05, 2023 IST
ਮਾਂ  ਮਮਤਾ ਤੇ ਯਾਦਾਂ
Advertisement

ਪ੍ਰੋ. ਗਗਨ ਦੀਪ ਸ਼ਰਮਾ

Advertisement

ਸਾਡੇ ਸਮਾਜ ਵਿਚ ਔਰਤਾਂ ਪਿਓ ਦਾ ਘਰ ਛੱਡ ਕੇ ਆਉਂਦੀਆਂ ਤੇ ਖਾਵੰਦ ਦਾ ਘਰ ਹਰਿਆ-ਭਰਿਆ ਕਰ ਦਿੰਦੀਆਂ ਹਨ। ਫ਼ਿਰ ਪੁੱਤਾਂ-ਧੀਆਂ ਦੇ ਘਰ ਵਿਚ ਨੀਂਹ ਦੀ ਇੱਟ ਬਣ ਜਾਂਦੀਆਂ ਹਨ। ਏਨੇ ਸਹਿਜ ਨਾਲ ਅਛੋਪਲੇ ਜਿਹੇ ਇਕ ਘਰ ਤੋਂ ਦੂਜੇ ਘਰ ਤੁਰ ਜਾਂਦੀਆਂ ਹਨ ਕਿ ਵੇਖਣ ਵਾਲਾ ਵੇਖਦਾ ਹੀ ਰਹਿ ਜਾਂਦਾ ਹੈ।
ਪੰਜਾਬ ਦੇ ਪੇਂਡੂ ਰਹਿਤਲ ਦੀਆਂ ਔਰਤਾਂ ਕੋਲ ਇਕ ਗੀਤ ਹੈ - ਇਕ ਮੂਕ ਗੀਤ, ਜਿਸ ਦੇ ਕੋਈ ਬੋਲ ਨਹੀਂ। ਜਿਹਨਾਂ ਔਰਤਾਂ ਨੂੰ ਗਾਉਣ ਨਹੀਂ ਵੀ ਆਉਂਦਾ, ਉਹ ਵੀ ਇਸ ਗੀਤ ਨੂੰ ਬਾਖ਼ੂਬੀ ਨਿਭਾਉਂਦੀਆਂ ਹਨ। ਇਸ ਗੀਤ ਵਿਚ ਸਹਿਜ ਹੈ - ਸਮੁੰਦਰ ਵਰਗਾ ਸਹਿਜ। ਸਾਥੋਂ ਪਿਛਲੀਆਂ ਪੀੜ੍ਹੀਆਂ ਦੀਆਂ ਇਹਨਾਂ ਔਰਤਾਂ ਨੇ ਘਰਾਂ, ਆਂਢ-ਗੁਆਂਢ ਤੇ ਚੌਗਿਰਦੇ ਨੂੰ ਇਸੇ ਸਹਿਜ ਦਾ ਗੀਤ ਗਾਉਂਦਿਆਂ ਇਕ ਡੋਰ ’ਚ ਪਰੋਈ ਰੱਖਿਆ। ਕਿਸੇ ਧੌਲ਼ ਵਾਂਗ ਆਰਥਿਕ ਮੰਦਹਾਲੀ ਦੇ ਝੰਬੇ ਟੁੱਟਦੇ-ਭੱਜਦੇ ਘਰਾਂ ਨੂੰ ਆਪਣੇ ਸਿੰਗਾਂ ‘ਤੇ ਸਾਂਭੀ ਰੱਖਿਆ। ਤਦੇ ਪੰਜਾਬ ਦੇ ਪੇਂਡੂ ਖਿੱਤੇ ਵਿਚ ਸਦਭਾਵਨਾ ਬਚੀ ਰਹੀ, ਜ਼ਿੰਦਗ਼ੀ ਧੜਕਦੀ ਰਹੀ, ਸੱਚ ਜਿਊਂਦਾ ਰਿਹਾ। ਮਾਵਾਂ ਦੀ ਇਸੇ ਭੂਮਿਕਾ ਨੂੰ ਸ਼ਬਦ ਦਿੰਦਿਆਂ ਹਿੰਦੀ ਕਵੀ ਸੰਜੀਵ ਕੌਸ਼ਲ ਆਖਦਾ ਹੈ: “ਮਾਵਾਂ ਅਸਲ ’ਚ ਕੀੜੀਆਂ ਹੁੰਦੀਆਂ ਨੇ/ਲਗਾਤਾਰ ਚਲਦੀਆਂ ਰਹਿੰਦੀਆਂ ਨੇ/ਇਸ ਕੋਨੇ ਤੋਂ ਉਸ ਕੋਨੇ ਵੱਲ.../ਉਹ ਕੀੜੀਆਂ ਵਾਂਗ ਹੀ ਤਾਕਤਵਰ ਹੁੰਦੀਆਂ ਨੇ/ਤਦੇ ਤਾਂ ਚੁੱਕ ਲੈਂਦੀਆਂ ਨੇ/ਆਪਣੇ ਤੋਂ ਕਈ ਗੁਣਾ ਵੱਧ/ਸਾਰੇ ਘਰ ਦਾ ਬੋਝ...।”
ਮੇਰੀ ਮਾਂ ਕੋਈ ਅਲੋਕਾਰ ਔਰਤ ਨਹੀਂ ਸੀ। ਉਹ ਸਾਧਾਰਨ ਔਰਤਾਂ ਵਰਗੀ ਔਰਤ ਸੀ- ਖ਼ਾਲਸ ਪੇਂਡੂ ਔਰਤ। ਸਾਧਾਰਨ ਔਰਤਾਂ ਵਾਂਗ ਹੀ ਉਸ ਨੂੰ ਸੱਸ ਤੋਂ ਸਿੱਖਣ ਦੀ ਵੀ ਜਾਚ ਸੀ, ਪਤੀ ਨੂੰ ਸਾਂਭਣ ਦੀ ਵੀ, ਔਲਾਦ ਨੂੰ ਪਾਲਣ ਦੀ ਵੀ ਤੇ ਘਰ ਨੂੰ ਸੰਜੋਣ ਦੀ ਵੀ। ਮੇਰੀ ਦਾਦੀ ਦਾਨੀ ਤੀਵੀਂ ਸੀ। ਸਾਰੇ ਪਿੰਡ ਵਿਚ ਮਾਨਤਾ ਰੱਖਣ ਵਾਲੀ, ਦੁਖ-ਸੁਖ ਵਿਚ ਕੰਮ ਆਉਣ ਵਾਲੀ। ਮਾਂ ਨੇ ਸੱਸ ਨੂੰ ਜਿਵੇਂ ਮਾਂ ‘ਧਾਰ’ ਲਿਆ ਹੋਵੇ। ਦਾਦੀ ਦੇ ਪੈਰੀਂ ਲੱਗ ਕੇ ਜਿਊਣ ਦਾ ਵੱਲ ਸਿੱਖਿਆ। ਉਹ ਸਾਦਗੀ ਗ੍ਰਹਿਣ ਕੀਤੀ ਜੋ ਮਾਵਾਂ ਨੂੰ ‘ਕੀੜੀਆਂ’ ਵਾਲੀ ਤਾਕਤ ਦਿੰਦੀ ਹੈ। ਪਾਪਾ (ਪੰਜਾਬੀ ਸ਼ਾਇਰ ਸੁਰਿੰਦਰ ਰਾਮਪੁਰੀ) ਦੇ ਮਿੱਤਰਾਂ-ਦੋਸਤਾਂ ਦੇ ਅੱਧੀ-ਅੱਧੀ ਰਾਤੀਂ ਘਰ ਆਉਣ ’ਤੇ ਦਾਦੀ ਕਈ ਵਾਰ ਪਾਪਾ ਨੂੰ ਪਤਾ ਵੀ ਨਾ ਲੱਗਣ ਦਿੰਦੀ ਤੇ ਰੋਟੀ-ਟੁੱਕ ਖੁਆ ਦਿੰਦੀ। ਇਉਂ ਹੀ ਮੇਰੇ ਮਿੱਤਰਾਂ-ਬੇਲੀਆਂ ਦੀਆਂ ਢਾਣੀਆਂ ਵੇਲੇ-ਕੁਵੇਲੇ ਘਰ ਆਉਂਦੀਆਂ ਤਾਂ ਮਾਂ ਦੀ ਸਾਦਗੀ ਤੋਂ ਕੀਲੀਆਂ ਜਾਂਦੀਆਂ।
ਮੰਮੀ-ਪਾਪਾ ਦਾ ਵਿਆਹ 1972 ਵਿਚ ਹੋਇਆ। 2022 ਵਿਚ ਅਸੀਂ ਵਿਆਹ ਦੀ ਗੋਲਡਨ ਜੁਬਲੀ ਮਨਾਉਣ ਲਈ ਪਿੰਡ ਆਏ ਹੋਏ ਸਾਂ। ਲਹਿੰਦੇ ਪੰਜਾਬ ਤੋਂ ਅਰਥਸ਼ਾਸਤਰੀ ਪ੍ਰੋ. ਮੁਹੰਮਦ ਸ਼ਾਹਬਾਜ਼ ਮੇਰਾ ਜਿਗਰੀ ਯਾਰ ਹੈ। ਉਹ ਪੇਈਚਿੰਗ ਇੰਸਟੀਚਿਊਟ ਆਫ ਟੈਕਨਾਲੋਜੀ ਵਿਚ ਪ੍ਰੋਫੈਸਰ ਹੈ। ਏਸ਼ੀਆ ਵਿਚ ਅਰਥਸ਼ਾਸਤਰ ਦੇ ਸਭ ਤੋਂ ਵੱਡੇ ਖੋਜੀਆਂ ਵਿਚੋਂ ਹੈ। ਸ਼ਾਹਬਾਜ਼ ਦੀ ਵੀਡੀਓ ਕਾਲ ਆਈ। ਮੈਂ ਦੱਸਿਆ ਕਿ ਵਾਲਿਦ-ਵਾਲਦਨ ਦੇ ਵਿਆਹ ਦੇ ਜਸ਼ਨ ਮਨਾਉਣੇ ਨੇ ਭਲਕੇ। ਕਹਿੰਦਾ- “ਤੁਹਾਡੇ ਇਲਾਕੇ ਵਿਚ ਜੋ ਸਭ ਤੋਂ ਵੱਡਾ ਕੇਕ ਮਿਲਦਾ ਹੈ, ਉਹ ਮੇਰੇ ਵੱਲੋਂ ਲੈ ਲੈਣਾ ਤੇ ਮੈਨੂੰ ਦੱਸਣਾ ਕਿੰਨੇ ਪੈਸੇ ਨੇ, ਮੈਂ ਭੇਜਾਂਗਾ।” ਮਾਂ ਨੂੰ ਦੱਸਿਆ ਤਾਂ ਆਖਣ ਲੱਗੇ, “ਭਾਈਜਾਨ ਨੂੰ ਪੁੱਛੋ- ਤੁਹਾਡੇ ਹਿੱਸੇ ਦਾ ਕੇਕ ਤੁਹਾਡੇ ਤੱਕ ਕਿੰਝ ਅੱਪੜਦਾ ਕਰੀਏ!”
2013 ਵਿਚ ਮੇਰਾ ਵਿਆਹ ਹੋਇਆ। ਮੇਰੀ ਪਤਨੀ ਮਨਦੀਪ ਗੁਰਸਿੱਖ ਪਰਿਵਾਰ ’ਚੋਂ ਹੈ। ਸਮਾਜਿਕ ਸਾਹਿਤਕ ਗਤੀਸ਼ੀਲਤਾ ਤੇ ਪ੍ਰਗਤੀਵਾਦ ਨੂੰ ਪ੍ਰਣਾਏ ਹੋਣ ਕਰ ਕੇ ਪਾਪਾ ਨੂੰ ਇਸ ਵਿਆਹ ’ਤੇ ਕੋਈ ਇਤਰਾਜ਼ ਨਾ ਹੋਣਾ ਤਾਂ ਸੁਭਾਵਿਕ ਹੀ ਸੀ ਪਰ ਮੰਮੀ ਨੇ ਵੀ ਨਾ ਵਿਆਹ ਬਾਰੇ ਕੋਈ ਕਿੰਤੂ ਕੀਤਾ, ਨਾ ਵਿਆਹ ਤੋਂ ਮਗਰੋਂ ਮਨਦੀਪ ਨੂੰ ਕੋਈ ਓਪਰਾਪਣ ਮਹਿਸੂਸ ਹੋਣ ਦਿੱਤਾ ਸਗੋਂ ਹਮੇਸ਼ਾ ਉਹਨੂੰ ਸੀਨੇ ਨਾਲ ਲਾ ਕੇ ਰੱਖਿਆ। ਪਿੰਡੋਂ, ਗੁਆਂਢ, ਸ਼ਰੀਕੇ-ਭਾਈਚਾਰੇ ’ਚੋਂ ਜਾਂ ਹੋਰ ਵੀ ਕਿਧਰੋਂ ਕਿਸੇ ਨੇ ਕਦੇ ਕੋਈ ਉੱਚੀ-ਨੀਵੀਂ ਗੱਲ ਕੀਤੀ ਹੋਵੇ ਤਾਂ ਮਾਂ ਨੇ ਉਹ ਗੱਲ ਕਦੇ ਸਾਡੇ ਤੱਕ ਨਹੀਂ ਆਉਣ ਦਿੱਤੀ। ਆਪ ਹੀ ਸੁਣ ਵੀ ਲਈ, ਮੁਕਾ ਵੀ ਦਿੱਤੀ। ਪਰਿਵਾਰ ਦੀਆਂ ਨੂੰਹਾਂ-ਧੀਆਂ ਨੂੰ ਸਸ਼ਕਤ ਕਰਨ ਦਾ ਅਜਿਹਾ ਖਾਸਾ ਮਾਂ ਦੇ ਸਹਿਜ ਸੁਭਾਅ ਦਾ ਹੀ ਹਿੱਸਾ ਸੀ।
13 ਨਵੰਬਰ 2022 ਨੂੰ ਪੰਜਾਬੀ ਸਾਹਿਤ ਅਕਾਦਮੀ, ਲੁਧਿਆਣਾ ਨੇ ਮੈਨੂੰ ਜਗਜੀਤ ਸਿੰਘ ਲਾਇਲਪੁਰੀ ਯਾਦਗਾਰੀ ਪੁਰਸਕਾਰ ਦੇਣਾ ਸੀ। ਮੈਂ ਤੇ ਪਾਪਾ ਨੇ ਜਾਣਾ ਸੀ। ਐਤਵਾਰ ਦੀ ਸਵੇਰ ਮੰਮੀ ਬਾਥਰੂਮ ਵਿਚ ਡਿਗ ਪਏ। ਚੂਲਾ ਤਾਂ ਬਚ ਗਿਆ ਪਰ ਚੂਲੇ ਦੀ ਇਕ ਹੱਡੀ ਟੁੱਟ ਗਈ। ਤਕੜੇ ਮਨ ਨਾਲ ਸਾਨੂੰ ਸਮਾਗਮ ਲਈ ਪੰਜਾਬੀ ਭਵਨ ਤੋਰਿਆ। ਮੁੜ ਕੇ ਆ ਕੇ ਅਸੀਂ ਲੁਧਿਆਣੇ ਹਸਪਤਾਲ ਦਾਖਲ ਕਰਵਾਇਆ ਤੇ ਛੋਟੇ ਜਿਹੇ ਅਪਰੇਸ਼ਨ ਨਾਲ ਰਾਜ਼ੀ ਹੋ ਗਏ।
ਮਈ-ਜੂਨ-ਜੁਲਾਈ ਵਿਚ ਮੈਂ ਤੇ ਮਨਦੀਪ ਯੂਰੋਪ ਦੀਆਂ ਦੋ ਯੂਨੀਵਰਸਿਟੀਆਂ ਵਿਚ ਪੜ੍ਹਾਉਣ ਗਏ ਸਾਂ। ਮੁੜ ਕੇ ਆਉਂਦਿਆਂ ਹੀ ਪਿੰਡ ਆਉਣ ਦਾ ਪ੍ਰੋਗਰਾਮ ਬਣਾਇਆ ਪਰ ਯੂਨੀਵਰਸਿਟੀ ਨੇ ਕੋਈ ਜ਼ਰੂਰੀ ਕੰਮ ਦੇ ਦਿੱਤਾ, ਸੋ ਆ ਨਾ ਸਕੇ। 27 ਜੁਲਾਈ ਨੂੰ ਸਵੇਰੇ ਹੀ ਪਾਪਾ-ਮੰਮੀ ਨੂੰ ਮਿਲਣ ਪਿੰਡ ਪਹੁੰਚੇ। ਸਭ ਸੁੱਖ-ਸਾਂਦ ਸੀ। ਮੰਮੀ ਚੰਗੇ-ਭਲੇ ਤੁਰਨ ਲੱਗ ਪਏ ਸਨ। ਰਾਤ ਨੂੰ ਇਕੱਠਿਆਂ ਪ੍ਰਸ਼ਾਦਾ ਛਕਿਆ। ਅੱਧੀ-ਰਾਤ ਤੱਕ ਗੱਲਾਂ-ਬਾਤਾਂ ਕਰਦੇ ਰਹੇ। ਤੜਕੇ ਤਿੰਨ ਵਜੇ ਪਾਪਾ ਨੇ ਆਵਾਜ਼ ਮਾਰੀ ਤਾਂ ਸਾਹ ਲੈਣ ’ਚ ਕੁਝ ਔਖ ਲੱਗਦੀ ਸੀ। ਕੁਝ ਦਵਾਈ-ਬੂਟੀ ਦੇਣੀ ਚਾਹੀ ਪਰ ਅੰਦਰ ਨਾ ਗਈ। ਮੇਰੇ ਗੋਡੇ ਦਾ ਸਹਾਰਾ ਲੈ ਕੇ ਕੁਝ ਚਿਰ ਬੈਠੇ ਰਹੇ। ਮੂੰਹੋਂ ਇਕ-ਦੋ ਬੋਲ ਕੱਢੇ। ਮਨਦੀਪ ਨੇ ਛਾਤੀ ਨੂੰ ਪੰਪ ਕੀਤਾ। ਪਾਪਾ ਨੇ ਡਾਕਟਰ ਨੂੰ ਫੋਨ ਕੀਤੇ ਪਰ ਮੰਮੀ ਸਹਿਜ ਸਨ, ਅੰਤਾਂ ਦੇ ਸਹਿਜ। ਇਸੇ ਸਹਿਜ ’ਚ ਉਹਨਾਂ ਸਾਹ ਛੱਡ ਦਿੱਤੇ। ਪੁੱਤ ਨੂੰ ਮਾਂ ਤੇ ਮਾਂ ਨੂੰ ਪੁੱਤ ਆਖ਼ਰੀ ਸਾਹਾਂ ਤੱਕ ਮਹਿਸੂਸਦੇ ਰਹੇ।
ਉਹਨਾਂ ਨਮਿਤ ਰੱਖੇ ਗਰੁੜ-ਪੁਰਾਣ ਦੇ ਭੋਗ ਤੇ ਰਸਮ ਪਗੜੀ 6 ਅਗਸਤ 2023 ਨੂੰ ਪਿੰਡ ਰਾਮਪੁਰ (ਜ਼ਿਲ੍ਹਾ ਲੁਧਿਆਣਾ) ਵਿਚ ਗੁਰਦੁਆਰਾ ਬੁੰਗਾ ਸਾਹਿਬ ਦੇ ਦੀਵਾਨ ਹਾਲ ਵਿਚ ਹੋ ਰਹੀ ਹੈ।
ਸੰਪਰਕ: 85274-00113

Advertisement

Advertisement
Author Image

sukhwinder singh

View all posts

Advertisement