ਪ੍ਰੇਮੀ ਨਾਲ ਵਿਆਹ ਕਰਵਾਉਣ ਲਈ ਮਾਂ ਵੱਲੋਂ ਧੀ ਦੀ ਹੱਤਿਆ
ਨਵੀਂ ਦਿੱਲੀ, 23 ਨਵੰਬਰ
ਇੱਥੇ ਉੱਤਰੀ ਪੱਛਮੀ ਦਿੱਲੀ ਵਿੱਚ ਇਕ ਔਰਤ ਨੇ ਪ੍ਰੇਮੀ ਨਾਲ ਵਿਆਹ ਕਰਵਾਉਣ ਲਈ ਗਲਾ ਘੁੱਟ ਕੇ ਆਪਣੀ ਧੀ ਦੀ ਹੱਤਿਆ ਕਰ ਦਿੱਤੀ। ਪੁਲੀਸ ਅਨੁਸਾਰ ਉਨ੍ਹਾਂ ਨੂੰ ਕੱਲ੍ਹ ਦਿੱਲੀ ਦੇ ਦੀਪ ਚੰਦ ਬੰਧੂ ਹਸਪਤਾਲ ਤੋਂ ਸੂਚਨਾ ਮਿਲੀ ਸੀ ਕਿ ਇਕ ਬੱਚੀ ਨੂੰ ਮ੍ਰਿਤਕ ਹਾਲਤ ’ਚ ਹਸਪਤਾਲ ਲਿਆਂਦਾ ਗਿਆ ਹੈ। ਅਧਿਕਾਰੀਆਂ ਨੇ ਦੱਸਿਆ ਕਿ ਜਾਂਚ ਕਰਨ ’ਤੇ ਲੜਕੀ ਦੇ ਗਲੇ ’ਤੇ ਗਲਾ ਘੁੱਟਣ ਦੇ ਨਿਸ਼ਾਨ ਮਿਲੇ ਹਨ। ਦਿੱਲੀ ਪੁਲੀਸ ਨੇ ਦੱਸਿਆ ਕਿ ਘਟਨਾ ਦੇ ਸਬੰਧ ਵਿੱਚ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਲੜਕੀ ਦੀ ਮਾਂ ਸਮੇਤ ਉਸ ਦੇ ਰਿਸ਼ਤੇਦਾਰਾਂ ਤੋਂ ਪੁੱਛ-ਪੜਤਾਲ ਕੀਤੀ ਜਾ ਰਹੀ ਹੈ।
ਪੁਲੀਸ ਅਨੁਸਾਰ ਜਦੋਂ ਔਰਤ ਤੋਂ ਸਖ਼ਤੀ ਨਾਲ ਪੁੱਛ-ਪੜਤਾਲ ਕੀਤੀ ਗਈ ਤਾਂ ਉਸ ਨੇ ਆਪਣੀ ਧੀ ਦੀ ਹੱਤਿਆ ਦੀ ਗੱਲ ਕਬੂਲੀ। ਮੁਲਜ਼ਮ ਔਰਤ ਨੇ ਦੱਸਿਆ ਕਿ ਉਸ ਦਾ ਪਹਿਲਾ ਪਤੀ ਉਸ ਨੂੰ ਛੱਡ ਗਿਆ ਸੀ, ਜਿਸ ਤੋਂ ਬਾਅਦ ਉਸ ਦੀ ਰਾਹੁਲ ਨਾਂ ਦੇ ਵਿਅਕਤੀ ਨਾਲ ਇੰਸਟਾਗ੍ਰਾਮ ’ਤੇ ਦੋਸਤੀ ਹੋ ਗਈ ਅਤੇ ਬਾਅਦ ਵਿਚ ਉਹ ਉਸ ਨਾਲ ਵਿਆਹ ਕਰਨ ਦੇ ਇਰਾਦੇ ਨਾਲ ਦਿੱਲੀ ਆ ਗਈ। ਉਸ ਨੇ ਦੱਸਿਆ ਕਿ ਰਾਹੁਲ ਅਤੇ ਉਸ ਦੇ ਪਰਿਵਾਰ ਨੇ ਲੜਕੀ ਨੂੰ ਗੋਦ ਲੈਣ ਤੋਂ ਇਨਕਾਰ ਕਰ ਦਿੱਤਾ ਅਤੇ ਰਾਹੁਲ ਨੇ ਵੀ ਔਰਤ ਨਾਲ ਵਿਆਹ ਕਰਨ ਤੋਂ ਇਨਕਾਰ ਕਰ ਦਿੱਤਾ। ਇਸ ਤੋਂ ਬਾਅਦ ਉਸ ਨੇ ਪ੍ਰੇਸ਼ਾਨ ਹੋ ਕੇ ਲੜਕੀ ਦਾ ਗਲਾ ਘੁੱਟ ਕੇ ਹੱਤਿਆ ਕਰ ਦਿੱਤੀ। ਪੁਲੀਸ ਨੇ ਦੱਸਿਆ ਕਿ ਅਸ਼ੋਕ ਵਿਹਾਰ ਪੁਲੀਸ ਸਟੇਸ਼ਨ ਵਿੱਚ ਇਸ ਸਬੰਧ ’ਚ ਕੇਸ ਦਰਜ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਮਾਮਲੇ ਦੀ ਜਾਂਚ ਜਾਰੀ ਹੈ। -ਪੀਟੀਆਈ