ਮਾਤਾ ਗੁਜਰੀ ਜੀ, ਘੋੜੀਆਂ ਲਾਲਾਂ ਦੀਆਂ ਗਾਵੇ...
ਸਤਨਾਮ ਸਿੰਘ ਢਾਅ
ਕੈਲਗਿਰੀ: ਅਰਪਨ ਲਿਖਾਰੀ ਸਭਾ ਦੀ ਦਸੰਬਰ ਮਹੀਨੇ ਦੀ ਮਾਸਿਕ ਮੀਟਿੰਗ ਡਾ. ਜੋਗਾ ਸਿੰਘ ਸਹੋਤਾ ਅਤੇ ਕੇਸਰ ਸਿੰਘ ਨੀਰ ਦੀ ਪ੍ਰਧਾਨਗੀ ਹੇਠ ਕੋਸੋ ਹਾਲ ਵਿੱਚ ਹੋਈ। ਸਕੱਤਰ ਜਰਨੈਲ ਸਿੰਘ ਤੱਗੜ ਨੇ ਸਭਾ ਵੱਲੋਂ ਕਿਸਾਨੀ ਮੋਰਚੇ ਦੀ ਹਮਾਇਤ ਕਰਨ ਲਈ ਅਪੀਲ ਕੀਤੀ। ਉਨ੍ਹਾਂ ਆਖਿਆ ਕਿ ਸਾਡੇ ਭਾਈਚਾਰੇ ਲਈ ਨਵੰਬਰ ਅਤੇ ਦਸੰਬਰ ਮਹੀਨੇ ਸ਼ਹਾਦਤਾਂ ਦੇ ਮਹੀਨੇ ਹਨ। ਇਹ ਮੀਟਿੰਗ ਸਰਬੰਸਦਾਨੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਦੀ ਸ਼ਹੀਦੀ ਨੂੰ ਸਮਰਪਿਤ ਸੀ।
ਦਰਸ਼ਨ ਸਿੰਘ ਬਰਾੜ ਨੇ ਕਵੀ ਦਰਬਾਰ ਦੀ ਸ਼ੁਰੂਆਤ ਕੀਤੀ। ਉਨ੍ਹਾਂ ਨੇ ਨੇ ਗੁਰੂ ਜੀ ਦੇ ਆਨੰਦਪੁਰ ਛੱਡਣ ਤੋਂ ਲੈ ਕੇ ਖ਼ਦਰਾਣੇ ਦੀ ਢਾਬ ਤੱਕ ਦੀ ਦਾਸਤਾਨ ਨੂੰ ਕਵਿਤਾ ਰਾਹੀਂ ਬਿਆਨ ਕੀਤਾ। ਗੁਰਮੀਤ ਕੌਰ ਸਰਪਾਲ ਨੇ ‘ਹਉਮੈ’ ਨੂੰ ਦੂਰ ਕਰਨ ਲਈ ਗੁਰਬਾਣੀ ਦੇ ਹਵਾਲੇ ਨਾਲ ਵਿਚਾਰ ਪੇਸ਼ ਕੀਤੇ। ਜਸਵੰਤ ਸਿੰਘ ਅਗਿਆਨੀ ਨੇ ਰੁਹਾਨੀਅਤ ਦੀ ਗੱਲ ਕਰਦਿਆਂ ਸਰੋਤਿਆਂ ਨੂੰ ਗੁਰਬਾਣੀ ਨੂੰ ਅਰਥਾਂ ਨਾਲ ਪੜ੍ਹਨ ਅਤੇ ਇਸ ’ਤੇ ਅਮਲ ਕਰਨ ਲਈ ਪ੍ਰੇਰਿਤ ਕੀਤਾ। ਜਸਵੀਰ ਸਿੰਘ ਸਿਹੋਤਾ ਨੇ ਸਿੱਖ ਇਤਿਹਾਸ ਬਾਰੇ ਆਪਣੇ ਵਿਚਾਰ ਕਵਿਤਾ ਰਾਹੀਂ ਸਾਂਝੇ ਕੀਤੇ।
ਡਾ. ਹਰਮਿੰਦਰਪਾਲ ਸਿੰਘ ਨੇ ‘ਮਾਤਾ ਗੁਜਰੀ ਜੀ, ਘੋੜੀਆਂ ਲਾਲਾਂ ਦੀਆਂ ਗਾਵੇ’ ਗੀਤ ਪੇਸ਼ ਕੀਤਾ। ਡਾ. ਜੋਗਾ ਸਿੰਘ ਸਹੋਤਾ ਨੇ ਜਸਵੀਰ ਸਿੰਘ ਸਿਹੋਤਾ ਦੀਆਂ ਦੋ ਕਵਿਤਾਵਾਂ ‘ਹੇ ਅਕਾਲ ਪੁਰਖ ਤੇਰਾ ਮੈਂ ਸ਼ੁਕਰ ਮਨਾ ਰਿਹਾ ਹਾਂ’ ਅਤੇ ‘ਤੇਰੇ ਬਲਿਹਾਰ ਸੁਣ ਕਲਗੀ ਵਾਲਿਆ’ ਸਾਜ਼ ਨਾਲ ਸੁਣਾ ਕੇ ਸਰੋਤਿਆਂ ਨੂੰ ਨਿਹਾਲ ਕੀਤਾ। ਕੇਸਰ ਸਿੰਘ ਨੀਰ ਨੇ ਗੁਰੂ ਨਾਨਕ ਦੇਵ ਜੀ ਤੋਂ ਗੁਰੂ ਗੋਬਿੰਦ ਸਿੰਘ ਜੀ ਦੇ ਪਰਿਵਾਰ ਤੱਕ ਦੀ ਜਬਰ ਜ਼ੁਲਮ ਵਿਰੁੱਧ ਆਵਾਜ਼ ਉਠਾਉਣ ਦੇ ਜੇਰੇ ਨੂੰ ਬਿਆਨ ਕਰਦੀ ਕਵਿਤਾ ਪੇਸ਼ ਕੀਤੀ। ਸਤਨਾਮ ਸਿੰਘ ਨੇ ਕਰਨੈਲ ਸਿੰਘ ਪਾਰਸ ਦੀ ਮਕਬੂਲ ਕਵਿਤਾ ‘ਕਿਉਂ ਫੜੀ ਸਿਪਾਹੀਆਂ ਨੇ ਭੈਣੋਂ ਇਹ ਹੰਸਾਂ ਦੀ ਜੋੜੀ’ ਕਵੀਸ਼ਰੀ ਰੰਗ ਵਿੱਚ ਪੇਸ਼ ਕੀਤੀ।
ਪ੍ਰਿੰਸੀਪਲ ਬਲਦੇਵ ਸਿੰਘ ਦੁੱਲਟ ਨੇ ਸਰਸਾ ਨਦੀ ਦੇ ਵਿਛੋੜੇ ਤੋਂ ਲੈ ਕੇ ਠੰਢੇ ਬੁਰਜ ਤੱਕ ਸਾਹਿਬਜ਼ਾਦਿਆਂ ਅਤੇ ਮਾਤਾ ਗੁਜਰੀ ਜੀ ਦੇ ਦੁੱਖਾਂ ਦਾ ਵਰਨਣ ਕਰਦਿਆਂ ਮੋਤੀ ਮਹਿਰੇ ਅਤੇ ਦੀਵਾਨ ਟੋਡਰ ਮੱਲ ਦੀ ਕੁਰਬਾਨੀ ਨੂੰ ਸਾਂਝਾ ਕੀਤਾ। ਇੰਜੀਨੀਅਰ ਜੀਰ ਸਿੰਘ ਬਰਾੜ ਨੇ ਸਾਹਿਬਜ਼ਾਦਿਆਂ ਨੂੰ ਸ਼ਰਧਾ ਦੇ ਫੁੱਲ ਭੇਟ ਕਰਦਿਆਂ ਆਪਣੇ ਵਿਚਾਰ ਪੇਸ਼ ਕੀਤੇ। ਕੁਲਦੀਪ ਕੌਰ ਘਟੌੜਾ ਨੇ ਵੀ ਚਾਰੇ ਸਾਹਿਬਜ਼ਾਦਿਆਂ ਦੀਆਂ ਕੁਰਬਾਨੀਆਂ ਨੂੰ ਸੀਸ ਝੁਕਾਉਦਿਆਂ ਆਪਣੇ ਵਿਚਾਰ ਸਾਂਝੇ ਕੀਤੇ। ਇਨ੍ਹਾਂ ਬੁਲਾਰਿਆਂ ਤੋਂ ਬਿਨਾਂ ਇਸ ਸਾਹਿਤਕ ਵਿਚਾਰ ਚਰਚਾ ਵਿੱਚ ਗੁਰਮੀਤ ਸਿੰਘ ਢਾਅ, ਮਹਿੰਦਰ ਕੌਰ ਕਾਲੀਰਾਏ, ਅਵਤਾਰ ਕੌਰ ਤੱਗੜ, ਪ੍ਰਿਤਪਾਲ ਸਿੰਘ ਮਲ੍ਹੀ ਅਤੇ ਸੂਬਾ ਸੇਖ਼ ਨੇ ਜ਼ਿਕਰਯੋਗ ਯੋਗਦਾਨ ਪਾਇਆ।
ਸਕੱਤਰ ਜਰਨੈਲ ਸਿੰਘ ਤੱਗੜ ਨੇ ਗੁਰੂ ਤੇਗ ਬਹਾਦਰ ਦੀ ਸ਼ਹੀਦੀ ਤੋਂ ਲੈ ਕੇ ਚਾਰੇ ਸਾਹਿਬਜ਼ਾਦਿਆਂ ਦੀਆਂ ਸ਼ਹੀਦੀਆਂ ਨੂੰ ਸ਼ਰਧਾਂਜਲੀ ਦਿੰਦਿਆਂ ਸਟੇਜ ਤੋਂ ਛੋਟੇ ਛੋਟੇ ਕਾਵਿ ਟੋਟਿਆਂ ਨਾਲ ਮਾਹੌਲ ਨੂੰ ਸ਼ਰਧਾਮਈ ਬਣਾਈ ਰੱਖਿਆ। ਅਖ਼ੀਰ ’ਤੇ ਡਾ. ਜੋਗਾ ਸਿੰਘ ਨੇ ਹਾਜ਼ਰੀਨ ਦਾ ਧੰਨਵਾਦ ਕਰਦਿਆਂ ਆਖਿਆ ਕਿ ਸਭਾ ਦੀ ਅਗਲੀ ਮੀਟਿੰਗ 11 ਜਨਵਰੀ ਨੂੰ ਕੋਸੋ ਹਾਲ ਵਿੱਚ ਹੋਵੇਗੀ।