ਬੱਸ ਵਿੱਚੋਂ ਡਿੱਗਣ ਕਾਰਨ ਮਾਂ ਦੀ ਮੌਤ, ਧੀ ਜ਼ਖ਼ਮੀ
ਪੱਤਰ ਪ੍ਰੇਰਕ
ਸ਼ੇਰਪੁਰ, 15 ਜਨਵਰੀ
ਇੱਥੇ ਪਿੰਡ ਕਾਤਰੋਂ-ਘਨੌਰੀ ਦਰਮਿਆਨ ਪੈਂਦੇ ਚਾਂਗਲੀ ਮੋੜ ’ਤੇ ਅੱਜ ਸੁਵਖਤੇ ਪੀਆਰਟੀਸੀ ਦੇ ਬਰਨਾਲਾ ਡਿੱਪੂ ਦੀ ਬੱਸ ’ਚੋਂ ਮਾਂ ਅਤੇ ਧੀ ਅਚਾਨਕ ਡਿੱਗ ਗਈਆਂ। ਇਸ ਦੌਰਾਨ ਮਾਂ ਦੀ ਮੌਤ ਹੋ ਗਈ, ਜਦੋਂ ਕਿ ਧੀ ਸਰਕਾਰੀ ਹਸਪਤਾਲ ਵਿੱਚ ਜ਼ੇਰੇ ਇਲਾਜ ਹੈ। ਮ੍ਰਿਤਕਾ ਦੇ ਪਤੀ ਰਵੀ ਕੁਮਾਰ ਨੇ ਦੱਸਿਆ ਕਿ ਉਹ ਪਿੰਡ ਸੰਘੇੜਾ ਤੋਂ ਨਾਭਾ ਜਾਣ ਲਈ ਆਪਣੀ ਪਤਨੀ ਤੇ ਤਿੰਨ ਧੀਆਂ ਨਾਲ ਪੀਆਰਟੀਸੀ ਦੀ ਬੱਸ ’ਚ ਸਫ਼ਰ ਕਰ ਰਿਹਾ ਸੀ। ਸ਼ੇਰਪੁਰ-ਧੂਰੀ ਰੋਡ ਦੇ ਚਾਂਗਲੀ ਮੋੜ ’ਤੇ ਉਸ ਦੀ ਪਤਨੀ ਸੀਮਾ ਰਾਣੀ ਉਰਫ ਹੀਨਾ (30) ਤੇ ਉਸ ਦੀ ਵੱਡੀ ਧੀ ਮਹਿਕ ਬੱਸ ’ਚੋਂ ਡਿੱਗ ਪਈਆਂ, ਜਿਨ੍ਹਾਂ ਨੂੰ ਸਰਕਾਰੀ ਹਸਪਤਾਲ ਲਿਜਾਇਆ ਗਿਆ ਤਾਂ ਡਾਕਟਰਾਂ ਨੇ ਪਤਨੀ ਨੂੰ ਮ੍ਰਿਤਕ ਐਲਾਨ ਦਿੱਤਾ। ਮ੍ਰਿਤਕਾ ਦੇ ਪਤੀ ਨੇ ਦੋਸ਼ ਲਾਇਆ ਕਿ ਡਰਾਈਵਰ ਬਹੁਤ ਤੇਜ਼ੀ ਤੇ ਲਾਪ੍ਰਵਾਹੀ ਨਾਲ ਬੱਸ ਚਲਾ ਰਿਹਾ ਸੀ ਤੇ ਅਚਾਨਕ ਕੱਟ ਮਾਰਨ ਕਾਰਨ ਉਸ ਦੀ ਪਤਨੀ ਤੇ ਧੀ ਹੇਠਾਂ ਡਿੱਗ ਗਈਆਂ। ਇਸ ਦੌਰਾਨ ਉਸ ਦੀ ਪਤਨੀ ਦੀ ਮੌਤ ਹੋ ਗਈ।
ਉਸ ਨੇ ਬੱਸ ਚਾਲਕ ਖ਼ਿਲਾਫ਼ ਕਾਰਵਾਈ ਦੀ ਮੰਗ ਕੀਤੀ ਹੈ। ਐੱਸਐੱਚਓ ਸਦਰ ਕਰਮਜੀਤ ਸਿੰਘ ਨੇ ਮ੍ਰਿਤਕਾ ਦੇ ਪਤੀ ਰਵੀ ਕੁਮਾਰ ਦੇ ਬਿਆਨਾਂ ਦੇ ਆਧਾਰ ’ਤੇ ਬੱਸ ਚਾਲਕ ਨਰਾਇਣ ਸਿੰਘ ਖ਼ਿਲਾਫ਼ ਪਰਚਾ ਦਰਜ ਕਰ ਲਿਆ ਹੈ। ਬੱਸ ਦੇ ਕੰਡਕਟਰ ਨੇ ਦੱਸਿਆ ਕਿ ਧੁੰਦ ਕਾਰਨ ਬੱਸ ਦੀ ਰਫ਼ਤਾਰ ਹੌਲੀ ਸੀ। ਪਹਿਲਾਂ ਬੱਸ ਦੇ ਦਰਵਾਜ਼ੇ ਬੰਦ ਸਨ। ਇਸ ਦੌਰਾਨ ਮ੍ਰਿਤਕਾ ਆਪਣੇ ਬੱਚੇ ਨੂੰ ਉਲਟੀ ਕਰਵਾ ਰਹੀ ਸੀ ਤੇ ਮੋੜ ’ਤੇ ਆ ਕੇ ਇਹ ਹਾਦਸਾ ਵਾਪਰ ਗਿਆ।