For the best experience, open
https://m.punjabitribuneonline.com
on your mobile browser.
Advertisement

ਮਾਂ ਅਤੇ ਕਿਤਾਬ

08:06 AM Mar 02, 2024 IST
ਮਾਂ ਅਤੇ ਕਿਤਾਬ
Advertisement

ਨਿੰਦਰ ਘੁਗਿਆਣਵੀ

ਬਹੁਤ ਛੋਟੀ ਉਮਰੇ ਹੀ ਮੈਂ ਪੰਜਾਬੀ ਸਾਹਿਤ ਸਭਾਵਾਂ ਵਿਚ ਜਾਣ ਲੱਗ ਪਿਆ ਸੀ। ਲੇਖਕ ਇਕੱਠੇ ਹੋ ਕੇ ਕਵਿਤਾਵਾਂ, ਗ਼ਜ਼ਲਾਂ ਤੇ ਕਹਾਣੀਆਂ ਪੜ੍ਹਦੇ। ਚਾਹ ਪਾਣੀ ਪੀਂਦੇ ਤੇ ਆਪੋ-ਆਪਣੇ ਘਰਾਂ ਨੂੰ ਤੁਰ ਜਾਂਦੇ। ਸਾਲਾਨਾ ਸਾਹਿਤਕ ਸਮਾਰੋਹਾਂ ਵਿਚ ਵੀ ਵਾਹਵਾ ਲੇਖਕ ਇੱਕਠੇ ਹੁੰਦੇ, ਕੁਝ ਇੱਕ ਦੀਆਂ ਪਤਨੀਆਂ ਵੀ ਨਾਲ ਆਉਂਦੀਆਂ ਪਰ ਲੇਖਕਾਂ ਦੀਆਂ ਮਾਵਾਂ ਹਰ ਥਾਂ ਗੈਰ-ਹਾਜ਼ਰ ਰਹਿੰਦੀਆਂ। ਲੇਖਕ ਆਪੋ ਵਿੱਚ ਹੀ ਕਿਤਾਬਾਂ ਲੋਕ ਅਰਪਣ ਕਰਦੇ ਦਿਸਦੇ, ਭੇਟਾ-ਭੇਟਾਈ ਹੁੰਦੀ, ਫਿਰ ਅਗਲੀ ਮੀਟਿੰਗ ’ਚ ਮਿਲਣ ਦਾ ਵਾਅਦਾ ਕਰ ਕੇ ਵਿੱਛੜ ਜਾਂਦੇ।
ਮੇਰੀ ਮਾਂ ਕਦੀ ਵੀ ਮੇਰੇ ਨਾਲ ਕਿਸੇ ਸਾਹਿਤਕ ਸਮਾਗਮ ਵਿਚ ਨਹੀਂ ਗਈ; ਮੈਂ ਆਪ ਹੀ ਕਦੀ ਨਾਲ ਲੈ ਕੇ ਨਹੀਂ ਸੀ ਗਿਆ। ਮੇਰੀ ਪਹਿਲੀ ਕਿਤਾਬ ‘ਤੂੰਬੀ ਦੇ ਵਾਰਿਸ’ 1994 ਦੇ ਨਵੰਬਰ ਮਹੀਨੇ ਸਾਬਕਾ ਰਾਸ਼ਟਰਪਤੀ ਗਿਆਨੀ ਜ਼ੈਲ ਸਿੰਘ ਨੇ ਫਰੀਦਕੋਟ ਸਰਕਟ ਹਾਊਸ ਵਿਚ ਲੋਕ ਅਰਪਣ ਕੀਤੀ ਸੀ; ਫਿਰ ਤਾਂ ਬਹੁਤ ਵਾਰ, ਬਹੁਤ ਥਾਈਂ ਕਿਤਾਬਾਂ ਲੋਕ ਅਰਪਣ ਹੋਈ ਗਈਆਂ।
ਮੇਰੇ ਮਨ ਦੀ ਚਾਹਤ ਬਣਦੀ ਢਠਦੀ ਰਹਿੰਦੀ ਕਿ ਮੈਨੂੰ ਜਨਮ ਦੇਣ ਵਾਲੀ ਤੇ ਮੈਨੂੰ ਮੇਰੀ ਮਾਂ ਬੋਲੀ ਸਿਖਾਉਣ ਵਾਲੀ, ਜਿਸ ਕਰ ਕੇ ਮੈਂ ਕਲਮ ਹੱਥ ਫੜੀ ਸੀ, ਮੇਰੀ ਮਾਂ ਮੇਰੀ ਕਿਤਾਬ ਰਿਲੀਜ਼ ਕਰੇ! ਕਦੀ ਸਬਬ ਹੀ ਨਾ ਬਣਦਾ। ਹੁਣ ਜਦ ‘ਮੇਰੇ ਆਪਣੇ ਲੋਕ’ ਨਾਂ ਹੇਠ ਸ਼ਬਦ ਚਿੱਤਰਾਂ ਦੀ ਵੱਡ-ਅਕਾਰੀ, ਲਗਭਗ ਛੇ ਸੌ ਪੰਨਿਆਂ ਦੀ ਮੇਰੀ 68ਵੀਂ ਪੋਥੀ ਛਪ ਕੇ ਆਈ ਤਾਂ ਝੋਲੇ ’ਚੋਂ ਕੱਢ ਕੇ ਪਹਿਲੀ ਕਾਪੀ ਮਾਂ ਨੂੰ ਫਵਾਈ। ਕਿਤਾਬ ਮੱਥੇ ਨੂੰ ਛੁਹਾ ਕੇ ਮਾਂ ਬੋਲੀ, “ਰੱਬ ਤੈਨੂੰ ਰਾਜੀ-ਬਾਜੀ ਰੱਖੇ। ਐਹੋ ਜਿਹੀਆਂ ਹੋਰ ਕਿਤਾਬਾਂ ਲਿਖੇਂ ਤੂੰ। ਜਿਊਂਦਾ ਰਹਿ ਪੁੱਤ ਵੇ।” ਨਾਲ ਹੀ ਉਹਨੇ ਪੁੱਛਿਆ, “ਹੁਣ ਇਹ ਕਿੱਥੇ ਰਿਲੀਜ਼ ਹੋਊਗੀ?” ਮੈਂ ਬਿਨਾਂ ਕੁਝ ਵਿਉਂਤੇ-ਸੋਚੇ ਬੋਲਿਆ, “ਬੀਬੀ, ਇਹ ਕਿਤਾਬ ਆਪਣੇ ਘਰੇ ਰਿਲੀਜ਼ ਹੋਊ ਤੇ ਤੇਰੇ ਹੱਥੋਂ ਰਿਲੀਜ਼ ਕਰਵਾਉਣੀ ਐਂ।” ਇਹ ਸੁਣ ਮਾਂ ਦੇ ਚਿਹਰੇ ਉਤੇ ਚਮਕ ਆ ਗਈ ਤੇ ਉਹ ਬਾਗ਼ੋ-ਬਾਗ਼ ਹੋ ਗਈ।
ਅਗਲੇ ਦਿਨ ਪਿੰਡ ਦੀ ਪੰਚਾਇਤ ਨਾਲ ਰਲ ਕੇ ਪ੍ਰੋਗਰਾਮ ਬਣਾਇਆ। ਮੁਹੰਮਦ ਸਦੀਕ ਸਾਹਿਬ ਪ੍ਰੋਗਰਾਮ ਦੇ ਮੁੱਖ ਮਹਿਮਾਨ ਬਣਾਏ। ਪਿੰਡ ਦੇ ਲਗਭਗ ਡੇਢ ਸੌ ਲੋਕਾਂ ਦੇ ਇਕੱਠ ਵਿਚ ਮਾਂ ਨੇ ਕਿਤਾਬ ਰਿਲੀਜ਼ ਕੀਤੀ ਤੇ ਸਭ ਨੂੰ ਭੁਜੀਆ-ਬਦਾਣਾ ਖੁਆਇਆ। ਪਿੰਡ ਦੇ ਪੰਜਾਹ ਤੋਂ ਵੱਧ ਜੀਆਂ ਨੇ ਮੌਕੇ ਉਤੇ ਹੀ ਕਿਤਾਬ ਖਰੀਦ ਲਈ। ਇਸੇ ਬਹਾਨੇ ਪਿੰਡ ਦੇ ਪੰਜਾਹ ਘਰਾਂ ਵਿਚ ਤਾਂ ਕਿਤਾਬ ਅੱਪੜੀ! ਮਾਂ ਨੇ ਫਿਰ ਅਸੀਸਾਂ ਦੀ ਝੜੀ ਲਗਾ ਦਿੱਤੀ ਤੇ ਅਗਲੇ ਸਾਲ ਫਿਰ ਏਡੀ ਹੀ ਕਿਤਾਬ ਲਿਖਣ ਲਈ ਆਸ਼ੀਰਵਾਦ ਦਿੱਤਾ।
ਕਿਤਾਬ ਰਿਲੀਜ਼ ਕਰਨ ਬਾਅਦ ਮਾਂ ਨੂੰ ਨਵੀਂ ਊਰਜਾ ਮਿਲੀ ਦਿਸੀ ਤੇ ਮੈਨੂੰ ਅੰਦਰੋਂ ਤਸੱਲੀ ਜਿਹੀ ਦਾ ਅਹਿਸਾਸ ਹੋਇਆ। ਜਿਨ੍ਹਾਂ ਲੇਖਕਾਂ ਦੀਆਂ ਮਾਵਾਂ ਸਿਰਾਂ ਉਤੇ ਛਾਂ ਬਣ ਬੈਠੀਆਂ ਨੇ, ਉਹ ਜ਼ਰੂਰ ਆਪੋ-ਆਪਣੀਆਂ ਮਾਵਾਂ ਤੋਂ ਕਿਤਾਬਾਂ ਰਿਲੀਜ਼ ਕਰਵਾਉਣ ਜਿੰਨਾ ਸਦਕਾ ਉਹ ਲਿਖਣ ਜੋਗਰੇ ਹੋਏ ਹਨ। ਮਾਂ ਧੀਮੀ ਗਤੀ ਨਾਲ ਪੰਜਾਬੀ ਪੜ੍ਹ ਲੈਂਦੀ ਹੈ ਤੇ ਉਹਨੇ ਇਹ ਕਿਤਾਬ ਆਪਣੇ ਸਿਰਹਾਣੇ ਰੱਖੀ ਹੋਈ ਹੈ।...

Advertisement

ਸੰਪਰਕ: 94174-21700

Advertisement
Author Image

sukhwinder singh

View all posts

Advertisement
Advertisement
×