ਤੇਜ਼ਧਾਰ ਹਥਿਆਰਾਂ ਨਾਲ ਮਾਂ-ਪੁੱਤ ਦਾ ਕਤਲ
ਗਗਨਦੀਪ ਅਰੋੜਾ
ਲੁਧਿਆਣਾ, 25 ਦਸੰਬਰ
ਹੈਬੋਵਾਲ ਦੇ ਪ੍ਰੇਮ ਨਗਰ ਇਲਾਕੇ ’ਚ ਮਾਂ-ਪੁੱਤ ਦਾ ਤੇਜ਼ਧਾਰ ਹਥਿਆਰਾਂ ਨਾਲ ਕਤਲ ਕਰ ਦਿੱਤਾ ਗਿਆ। ਇਸ ਬਾਰੇ ਵਾਰਦਾਤ ਦੇ ਤਿੰਨ ਦਿਨਾਂ ਮਗਰੋਂ ਪਤਾ ਲੱਗਿਆ। ਘਰ ਨੇੜੇ ਰਹਿਣ ਵਾਲੇ ਲੋਕਾਂ ਨੇ ਤਿੰਨ ਦਿਨਾਂ ਤੋਂ ਦਰਵਾਜ਼ਾ ਨਾ ਖੁੱਲ੍ਹਣ ਅਤੇ ਬਦਬੂ ਆਉਣ ਕਾਰਨ ਇਸ ਦੀ ਸੂਚਨਾ ਪੁਲੀਸ ਨੂੰ ਦਿੱਤੀ। ਪੁਲੀਸ ਨੇ ਜਦੋਂ ਦਰਵਾਜ਼ਾ ਤੋੜਿਆ ਤਾਂ ਅੰਦਰ ਮੰਜੇ ’ਤੇ ਮਾਂ-ਪੁੱਤ ਦੀਆਂ ਲਾਸ਼ਾਂ ਪਈਆਂ ਸਨ ਜਿਨ੍ਹਾਂ ਉੱਪਰ ਕੰਬਲ ਪਾਇਆ ਹੋਇਆ ਸੀ। ਦੋਵਾਂ ਦਾ ਤੇਜ਼ਧਾਰ ਹਥਿਆਰਾਂ ਨਾਲ ਕਤਲ ਕੀਤਾ ਗਿਆ ਹੈ। ਮ੍ਰਿਤਕਾਂ ਦੀ ਪਛਾਣ ਸੋਨੀਆ (42) ਅਤੇ ਉਸ ਦੇ ਪੁੱਤਰ ਕਾਰਤਿਕ (10) ਵਜੋਂ ਹੋਈ ਹੈ। ਪੁਲੀਸ ਨੇ ਲਾਸ਼ਾਂ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਹੈ। ਥਾਣਾ ਹੈਬੋਵਾਲ ਦੀ ਪੁਲੀਸ ਨੇ ਅਣਪਛਾਤਿਆਂ ਖ਼ਿਲਾਫ਼ ਕੇਸ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਚੌਕੀ ਜਗਤਪੁਰੀ ਦੇ ਇੰਚਾਰਜ ਏਐੱਸਆਈ ਸੁਖਵਿੰਦਰ ਸਿੰਘ ਨੇ ਦੱਸਿਆ ਕਿ ਸੋਨੀਆ ਆਪਣੇ ਪਤੀ ਨਾਲ ਝਗੜੇ ਮਗਰੋਂ ਚਾਰ ਸਾਲਾਂ ਤੋਂ ਵੱਖ ਰਹਿੰਦੀ ਸੀ। ਹਾਲਾਂਕਿ ਦੋਵਾਂ ਦਾ ਤਲਾਕ ਨਹੀਂ ਸੀ ਹੋਇਆ। ਜਾਂਚ ਦੌਰਾਨ ਪੁਲੀਸ ਨੂੰ ਪਤਾ ਲੱਗਾ ਕਿ ਸੋਨੀਆ ਅਤੇ ਉਸ ਦੇ ਪੁੱਤਰ ਨੂੰ ਤਿੰਨ ਦਿਨ ਪਹਿਲਾਂ ਦੇਖਿਆ ਗਿਆ ਸੀ। ਇਸ ਤੋਂ ਬਾਅਦ ਉਨ੍ਹਾਂ ਵਿੱਚੋਂ ਕੋਈ ਵੀ ਨਜ਼ਰ ਨਹੀਂ ਸੀ ਆਇਆ।
ਏਐੱਸਆਈ ਸੁਖਵਿੰਦਰ ਸਿੰਘ ਅਨੁਸਾਰ ਦੋਵਾਂ ਦਾ ਤੇਜ਼ਧਾਰ ਹਥਿਆਰਾਂ ਨਾਲ ਕਤਲ ਕੀਤਾ ਗਿਆ ਹੈ। ਦੋਵਾਂ ਦੇ ਸਿਰ ਅਤੇ ਮੂੰਹ ’ਤੇ ਵਾਰ ਕੀਤੇ ਗਏ ਹਨ। ਜਾਂਚ ਦੌਰਾਨ ਸਾਹਮਣੇ ਆਇਆ ਕਿ ਵਿਜੇ ਨਾਂ ਦਾ ਵਿਅਕਤੀ ਔਰਤ ਨੂੰ ਮਿਲਣ ਆਇਆ ਸੀ। ਉਨ੍ਹਾਂ ਦੱਸਿਆ ਕਿ ਵਿਜੇ ਦੇ ਸੋਨੀਆ ਨਾਲ ਸਬੰਧ ਸਨ, ਉਹ ਅਕਸਰ ਸੋਨੀਆ ਦੇ ਘਰ ਆਉਂਦਾ-ਜਾਂਦਾ ਰਹਿੰਦਾ ਸੀ। ਪੁਲੀਸ ਉਸ ਬਾਰੇ ਪੜਤਾਲ ਕਰ ਰਹੀ ਹੈ।
ਰੰਜਿਸ਼ ਕਾਰਨ ਉਭਾ ’ਚ ਨੌਜਵਾਨ ਕਤਲ
ਇਥੋਂ ਨੇੜਲੇ ਪਿੰਡ ਉਭਾ ’ਚ ਕੁਝ ਵਿਅਕਤੀਆਂ ਨੇ ਨੌਜਵਾਨ ਪਲੰਬਰ ਦਾ ਤੇਜ਼ਧਾਰ ਹਥਿਆਰਾਂ ਨਾਲ ਕਤਲ ਕਰਕੇ ਲਾਸ਼ ਸੂਏ ਵਿੱਚ ਸੁੱਟ ਦਿੱਤੀ। ਪੁਲੀਸ ਨੇ ਲਾਸ਼ ਬਰਾਮਦ ਕਰਨ ਤੋਂ ਬਾਅਦ ਕੁਝ ਵਿਅਕਤੀਆਂ ’ਤੇ ਕੇਸ ਦਰਜ ਕੀਤਾ ਹੈ। ਪਿੰਡ ਉਭਾ ਦਾ ਨੌਜਵਾਨ ਕੁਲਦੀਪ ਸਿੰਘ (24) ਪੁੱਤਰ ਸਿਕੰਦਰ ਸਿੰਘ ਪਲੰਬਰ ਸੀ। ਦੀਵਾਲੀ ਵਾਲੇ ਦਿਨ ਪਿੰਡ ਦੇ ਕੁਝ ਨੌਜਵਾਨਾਂ ਨਾਲ ਲੜਾਈ ਹੋ ਗਈ ਸੀ, ਜਿਸ ਦੀ ਰੰਜਿਸ਼ ਰਖਦਿਆਂ ਉਨ੍ਹਾਂ ਨੌਜਵਾਨਾਂ ਨੇ ਮੋਟਰਸਾਈਕਲ ਸਵਾਰ ਕੁਲਦੀਪ ਸਿੰਘ ਨੂੰ ਘੇਰ ਕੇ ਉਸ ਦਾ ਕਤਲ ਕਰ ਦਿੱਤਾ। ਪਰਿਵਾਰ ਨੇ ਪੰਜ ਦਿਨਾਂ ਤੋਂ ਕੁਲਦੀਪ ਸਿੰਘ ਦੇ ਲਾਪਤਾ ਹੋਣ ਦੀ ਸੂਚਨਾ ਪੁਲੀਸ ਨੂੰ ਦਿੱਤੀ ਸੀ। ਥਾਣਾ ਜੋਗਾ ਦੇ ਮੁਖੀ ਕੇਵਲ ਸਿੰਘ ਨੇ ਦੱਸਿਆ ਕਿ ਕੁਝ ਵਿਅਕਤੀਆਂ ਖ਼ਿਲਾਫ਼ ਕਤਲ ਦਾ ਕੇਸ ਦਰਜ ਕਰਕੇ ਉਨ੍ਹਾਂ ਦੀ ਭਾਲ ਕੀਤੀ ਜਾ ਰਹੀ ਹੈ।