ਬੱਸ ਤੇ ਕਾਰ ਵਿਚਾਲੇ ਟੱਕਰ ਵਿੱਚ ਮਾਂ-ਪੁੱਤ ਹਲਾਕ
ਸਰਬਜੀਤ ਸਾਗਰ
ਦੀਨਾਨਗਰ, 13 ਨਵੰਬਰ
ਇੱਥੋਂ ਦੇ ਬਾਹਰੀ ਹਸਪਤਾਲ ਸਾਹਮਣੇ ਅੱਜ ਸ਼ਾਮ ਵਾਪਰੇ ਸੜਕ ਹਾਦਸੇ ’ਚ ਪਠਾਨਕੋਟ ਵਾਸੀ ਮਾਂ-ਪੁੱਤਰ ਦੀ ਮੌਕੇ ’ਤੇ ਮੌਤ ਹੋ ਗਈ। ਮ੍ਰਿਤਕਾਂ ਦੀ ਪਛਾਣ ਰਾਜ ਰਾਣੀ (55) ਪਤਨੀ ਦੇਸ ਰਾਜ ਅਤੇ ਉਨ੍ਹਾਂ ਦੇ ਲੜਕੇ ਅਮਨ ਕੁਮਾਰ (24) ਵਾਸੀ ਪਠਾਨਕੋਟ ਦੇ ਰੂਪ ’ਚ ਹੋਈ ਹੈ। ਜਾਣਕਾਰੀ ਅਨੁਸਾਰ ਰਾਜ ਰਾਣੀ ਆਪਣੇ ਲੜਕੇ ਨਾਲ ਦੀਨਾਨਗਰ ਹਲਕੇ ਦੇ ਪਿੰਡ ਕੋਹਲੀਆਂ ਵਿਖੇ ਆਪਣੇ ਪੇਕੇ ਘਰ ਪਿਤਾ ਦਾ ਪਤਾ ਲੈਣ ਲਈ ਆਈ ਹੋਈ ਸੀ। ਜਿਵੇਂ ਹੀ ਉਹ ਪੇਕੇ ਘਰੋਂ ਆਲਟੋ ਕਾਰ ਨੰਬਰ ਪੀਬੀ 02 ਬੀਐਲ 3299 ’ਚ ਦੀਨਾਨਗਰ ਮੁੱਖ ਮਾਰਗ ’ਤੇ ਪਹੁੰਚੇ ਤਾਂ ਬਾਹਰੀ ਪ੍ਰਾਈਵੇਟ ਹਸਪਤਾਲ ਸਾਹਮਣੇ ਪਠਾਨਕੋਟ ਦੀ ਤਰਫ਼ੋਂ ਤੇਜ਼ ਗਤੀ ’ਚ ਆਈ ਪਨਬਸ ਨੰਬਰ ਪੀਬੀ 06 ਏ ਐਸ 8776 ਨੇ ਉਨ੍ਹਾਂ ਨੂੰ ਸਾਹਮਣਿਓਂ ਟੱਕਰ ਮਾਰ ਦਿੱਤੀ ਅਤੇ ਬੱਸ ਕਾਰ ਨੂੰ ਘਸੀਟਦੀ ਹੋਈ ਕਾਫ਼ੀ ਦੂਰ ਤੱਕ ਲੈ ਗਈ।
ਇਸ ਦੌਰਾਨ ਮਾਂ ਦੀ ਮੌਕੇ ’ਤੇ ਹੀ ਮੌਤ ਹੋ ਗਈ ਜਦਕਿ ਲੜਕਾ ਬੁਰੀ ਤਰ੍ਹਾਂ ਨੁਕਸਾਨੀ ਗਈ ਕਾਰ ਵਿੱਚ ਫਸ ਗਿਆ। ਜਿਸ ਨੂੰ ਸਮਾਂ ਰਹਿੰਦਿਆਂ ਬਾਹਰ ਨਾ ਕੱਢਿਆ ਜਾ ਸਕਿਆ। ਅਖ਼ੀਰ ਕਾਫ਼ੀ ਜੱਦੋਜਹਿਦ ਤੋਂ ਬਾਹਰ ਉਸ ਨੂੰ ਕਾਰ ’ਚੋਂ ਬਾਹਰ ਕੱਢਕੇ ਸੀਐੱਚਸੀ ਸਿੰਘੋਵਾਲ ਲਜਿਾਇਆ ਗਿਆ ਪਰ ਉੱਥੇ ਪਹੁੰਚਦਿਆਂ ਹੀ ਲੜਕੇ ਦੀ ਵੀ ਮੌਤ ਹੋ ਗਈ। ਇਹ ਹਾਦਸਾ ਥਾਣਾ ਦੀਨਾਨਗਰ ਤੋਂ ਕੁਝ ਹੀ ਦੂਰੀ ’ਤੇ ਵਾਪਰਿਆ ਅਤੇ ਪੁਲੀਸ ਨੇ ਮੌਕੇ ’ਤੇ ਪਹੁੰਚ ਕੇ ਬੱਸ ਨੂੰ ਕਬਜ਼ੇ ਵਿੱਚ ਲੈ ਲਿਆ ਜਦਕਿ ਬੱਸ ਦਾ ਡਰਾਈਵਰ ਫ਼ਰਾਰ ਹੋ ਗਿਆ। ਮੌਕੇ ’ਤੇ ਹਾਜ਼ਰ ਲੋਕਾਂ ਨੇ ਹਾਦਸੇ ਲਈ ਬੱਸ ਡਰਾਈਵਰ ਨੂੰ ਕਸੂਰਵਾਰ ਠਹਿਰਾਇਆ ਅਤੇ ਨਾਲ ਹੀ ਇਹ ਵੀ ਕਿਹਾ ਕਿ ਅਜਿਹੇ ਹਾਦਸਿਆਂ ਦੇ ਲਈ ਸੜਕ ਦੇ ਦੋਨੋਂ ਪਾਸੇ ਲੱਕੜ ਵਪਾਰੀਆਂ ਤੇ ਹੋਰਨਾਂ ਲੋਕਾਂ ਵੱਲੋਂ ਕੀਤੇ ਗਏ ਨਜਾਇਜ਼ ਕਬਜ਼ੇ ਵੀ ਵੱਡਾ ਕਾਰਨ ਹਨ, ਜਿਨ੍ਹਾਂ ਵੱਲ ਸਥਾਨਕ ਪੁਲੀਸ ਤੇ ਪ੍ਰਸ਼ਾਸਨ ਦਾ ਕਦੇ ਧਿਆਨ ਨਹੀਂ ਗਿਆ।