ਸੜਕ ਹਾਦਸੇ ’ਚ ਮਾਂ-ਪੁੱਤ ਦੀ ਮੌਤ
ਲਖਵੀਰ ਸਿੰਘ ਚੀਮਾ
ਮਹਿਲ ਕਲਾਂ, 19 ਅਕਤੂਬਰ
ਬਰਨਾਲਾ-ਮੋਗਾ ਕੌਮੀ ਮਾਰਗ ਉੱਪਰ ਪਿੰਡ ਬਖ਼ਤਗੜ੍ਹ ਦੇ ਬੱਸ ਅੱਡੇ ’ਤੇ ਹੋਏ ਹਾਦਸੇ ਵਿੱਚ ਮਾਂ-ਪੁੱਤ ਦੀ ਮੌਤ ਹੋ ਗਈ। ਸਵਰਨ ਸਿੰਘ (38) ਪੁੱਤਰ ਮੇਜਰ ਸਿੰਘ ਵਾਸੀ ਕੈਰੇ ਆਪਣੀ ਮਾਤਾ ਹਰਬੰਸ ਕੌਰ ਨਾਲ ਪਿੰਡ ਤੋਂ ਭਦੌੜ ਨੂੰ ਕਿਸੇ ਰਿਸ਼ਤੇਦਾਰੀ ਵਿੱਚ ਜਾ ਰਿਹਾ ਸੀ, ਜਦੋਂ ਉਹ ਪਿੰਡ ਬਖ਼ਤਗੜ੍ਹ ਦੇ ਬੱਸ ਅੱਡੇ ਉੱਪਰ ਡਿਵਾਈਡਰ ਭੰਨ੍ਹ ਕੇ ਆਰਜ਼ੀ ਬਣਾਏ ਕੱਟ ਵੱਲ ਮੋਟਰਸਾਈਕਲ ਲਿਜਾਣ ਲੱਗਿਆ ਤਾਂ ਉਸ ਨੂੰ ਮੋਗਾ ਤੋਂ ਆ ਰਹੀ ਕਰੇਟਾ ਕਾਰ ਨੇ ਟੱਕਰ ਮਾਰ ਦਿੱਤੀ। ਇਸ ਨਾਲ ਔਰਤ ਦੀ ਮੌਕੇ ਉੱਪਰ ਮੌਤ ਹੋ ਗਈ, ਜਦਕਿ ਜ਼ਖ਼ਮੀ ਸਵਰਨ ਸਿੰਘ ਨੂੰ ਇਲਾਜ ਲਈ ਪਹਿਲਾਂ ਸਰਕਾਰੀ ਹਸਪਤਾਲ ਬਰਨਾਲਾ ਅਤੇ ਬਾਅਦ ਵਿੱਚ ਨਿੱਜੀ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ, ਜਿੱਥੇ ਇਲਾਜ ਦੌਰਾਨ ਉਸ ਨੇ ਦਮ ਤੋੜ ਦਿੱਤਾ। ਪੱਖੋ-ਕੈਂਚੀਆਂ ਪੁਲੀਸ ਚੌਕੀ ਦੇ ਇੰਚਾਰਜ ਬਲਜੀਤ ਸਿੰਘ ਨੇ ਦੱਸਿਆ ਕਿ ਇਸ ਮਾਮਲੇ ਵਿੱਚ ਮ੍ਰਿਤਕਾਂ ਦੇ ਪਰਿਵਾਰਕ ਮੈਂਬਰਾਂ ਦੇ ਬਿਆਨ ਦਰਜ ਕਰਕੇ ਕਾਰ ਚਾਲਕ ਤੇਜਪਾਲ ਵਾਸੀ ਦਿੱਲੀ ਖਿਲਾਫ਼ ਕੇਸ ਦਰਜ ਕਰ ਲਿਆ ਹੈ।
ਸਕੂਟਰੀ ਸਵਾਰ ਮਹਿਲਾ ਦੀ ਹਾਦਸੇ ’ਚ ਮੌਤ
ਪਟਿਆਲਾ (ਖੇਤਰੀ ਪ੍ਰਤੀਨਿਧ): ਇੱਥੇ ਭਵਾਨੀਗੜ੍ਹ ਰੋਡ ’ਤੇ ਸਥਿਤ ਬਾਈਪਾਸ ਦੇ ਪਸਿਆਣਾ ਵਾਲ਼ੇ ਪੁਲ ਅੱਜ ਹਾਦਸੇ ਦੌਰਾਨ ਮਹਿਲਾ ਦੀ ਮੌਤ ਹੋ ਗਈ। ਮ੍ਰਿਤਕਾ ਦੀ ਪਛਾਣ 51 ਸਾਲਾ ਰਾਣੀ ਪਤਨੀ ਰਾਜੇਸ਼ ਕੁਮਾਰ ਵਾਸੀ ਸੁਨਾਮ ਜ਼ਿਲ੍ਹਾ ਸੰਗਰੂਰ ਵਜੋਂ ਹੋਈ ਹੈ। ਸਕੂਟਰੀ ’ਤੇ ਸਵਾਰ ਮਹਿਲਾ ਜਦੋਂ ਪਸਿਆਣਾ ਖੇਤਰ ਵਿੱਚੋਂ ਦੀ ਲੰਘਣ ਲੱਗੀ ਤਾਂ ਉਸ ਨੂੰ ਕਿਸੇ ਵਾਹਨ ਨੇ ਫੇਟ ਮਾਰ ਦਿੱਤੀ। ਥਾਣਾ ਪਸਿਆਣਾ ਦੇ ਐੱਸਐੱਚਓ ਇੰਸਪੈਕਟਰ ਕਰਨਬੀਰ ਸਿੰਘ ਸੰਧੂ ਨੇ ਕਿਹਾ ਕਿ ਗੰਭੀਰ ਜ਼ਖਮੀ ਹਾਲਤ ’ਚ ਭਾਵੇਂ ਇਸ ਮਹਿਲਾ ਨੂੰ ਸਰਕਾਰੀ ਰਾਜਿੰਦਰਾ ਹਸਪਤਾਲ ਲਿਜਾਇਆ ਗਿਆ ਪਰ ਜ਼ਖ਼ਮਾਂ ਦੀ ਤਾਬ ਨਾ ਝੱਲਦਿਆਂ ਉਹ ਦਮ ਤੋੜ ਗਈ। ਉਧਰ ਇਸ ਸਬੰਧੀ ਥਾਣਾ ਪਸਿਆਣਾ ਵਿੱਚ ਕੇਸ ਦਰਜ ਕੀਤਾ ਜਾ ਰਿਹਾ ਹੈ।