ਡਿਵਾਈਡਰ ਨਾਲ ਕਾਰ ਟਕਰਾਉਣ ਕਾਰਨ ਮਾਂ-ਪੁੱਤ ਦੀ ਮੌਤ
ਰਵਿੰਦਰ ਰਵੀ/ਸੀ. ਮਾਰਕੰਡਾ
ਬਰਨਾਲਾ/ਤਪਾ, 18 ਅਕਤੂਬਰ
ਤਪਾ-ਤਾਜੋ ਕੈਂਚੀਆਂ ਨੇੜੇ ਤਪਾ ਦੇ ਬਾਹਰਲੇ ਬੱਸ ਸਟੈਂਡ ’ਤੇ ਬਣੇ ਓਵਰਬ੍ਰਿਜ ਉੱਪਰ ਅੱਜ ਕਾਰ ਡਿਵਾਈਡਰ ਨਾਲ ਟਕਰਾਉਣ ਕਾਰਨ ਕਾਰ ਸਵਾਰ ਮਾਂ-ਪੁੱਤ ਦੀ ਮੌਤ ਹੋ ਗਈ, ਜਦਕਿ ਦੋ ਹੋਰ ਜ਼ਖ਼ਮੀ ਹੋ ਗਏ। ਮ੍ਰਿਤਕਾਂ ਦੀ ਪਛਾਣ ਕੁਲਵਿੰਦਰ ਕੁਮਾਰ ਤੇ ਉਸ ਦੀ ਮਾਤਾ ਗੁਰਦੇਵ ਕੌਰ ਵਜੋਂ ਹੋਈ ਹੈ। ਹਸਪਤਾਲ ਵਿੱਚ ਦਾਖਲ ਸਲਵਿੰਦਰ ਕੁਮਾਰ ਨੇ ਦੱਸਿਆ ਕਿ ਉਹ ਆਪਣੇ ਭਰਾ ਕੁਲਵਿੰਦਰ ਕੁਮਾਰ, ਭਰਜਾਈ ਗੀਤਾ ਰਾਣੀ ਤੇ ਮਾਤਾ ਗੁਰਦੇਵ ਕੌਰ ਨਾਲ ਕਾਰ ’ਚ ਗੰਗਾਨਗਰ ਤੋਂ ਚੰਡੀਗੜ੍ਹ ਜਾ ਰਹੇ ਸਨ। ਉਹ ਬਰਨਾਲਾ-ਬਠਿੰਡਾ ਮੁੱਖ ਮਾਰਗ ’ਤੇ ਤਪਾ-ਤਾਜੋ ਕੈਂਚੀਆਂ ’ਤੇ ਬਣੇ ਓਵਰਬ੍ਰਿਜ ਉੱਪਰ ਪੁੱਜੇ ਤਾਂ ਅਚਾਨਕ ਸੰਤੁਲਨ ਵਿਗੜਨ ਕਾਰਨ ਕਾਰ ਬੇਕਾਬੂ ਹੋ ਕੇ ਡਿਵਾਈਡਰ ਨਾਲ ਜਾ ਟਕਰਾਈ। ਇਸ ਹਾਦਸੇ ’ਚ ਕਾਰ ਚਾਲਕ ਕੁਲਵਿੰਦਰ ਕੁਮਾਰ ਅਤੇ ਉਸ ਦੀ ਮਾਤਾ ਗੁਰਦੇਵ ਕੌਰ ਦੀ ਮੌਕੇ ’ਤੇ ਹੀ ਮੌਤ ਹੋ ਗਈ।
ਸੜਕ ਹਾਦਸੇ ਵਿੱਚ ਗਰਭਵਤੀ ਮਹਿਲਾ ਦੀ ਮੌਤ
ਮਾਲੇਰਕੋਟਲਾ (ਹੁਸ਼ਿਆਰ ਸਿੰਘ ਰਾਣੂ): ਮਾਲੇਰਕੋਟਲਾ-ਖੰਨਾ ਸੜਕ ਸਥਿਤ ਪਿੰਡ ਗੱਜਣਮਾਜਰਾ ਅਤੇ ਭੁਰਥਲਾ ਵਿਚਾਲੇ ਅੱਜ ਹਾਦਸੇ ਵਿੱਚ ਗਰਭਵਤੀ ਮਹਿਲਾ ਬੈਂਕ ਮੈਨੇਜਰ ਅਤੇ ਉਸ ਦੇ ਪੇਟ ਵਿਚਲੇ ਬੱਚੇ ਦੀ ਮੌਤ ਹੋ ਗਈ, ਜਦਕਿ ਕਾਰ ਚਾਲਕ ਉਸ ਦਾ ਪਤੀ ਜ਼ਖ਼ਮੀ ਹੋ ਗਿਆ। ਪਿੰਡ ਮੰਨਵੀ ਦੇ ਸਾਬਕਾ ਸਰਪੰਚ ਗੁਰਮੇਲ ਸਿੰਘ ਮੇਲੀ ਦਾ ਪੁੱਤਰ ਵਰਿੰਦਰ ਸਿੰਘ ਅੱਜ ਸਵੇਰੇ 9 ਵਜੇ ਆਪਣੀ ਪਤਨੀ ਰਾਜਦੀਪ ਕੌਰ, ਜੋ ਪਿੰਡ ਈਸੜੂ ਸਥਿਤ ਪੰਜਾਬ ਐਂਡ ਸਿੰਧ ਬੈਂਕ ਵਿੱਚ ਮੈਨੇਜਰ ਸੀ, ਨੂੰ ਆਪਣੀ ਕਾਰ ’ਤੇ ਬੈਂਕ ਛੱਡਣ ਜਾ ਰਿਹਾ ਸੀ। ਜਿਉਂ ਹੀ ਉਨ੍ਹਾਂ ਗੱਜਣਮਾਜਰਾ ਨੇੜਲੇ ਡਰੇਨ ਦਾ ਪੁਲ ਪਾਰ ਕੀਤਾ ਤਾਂ ਉਨ੍ਹਾਂ ਦੀ ਕਾਰ ਬੇਕਾਬੂ ਹੋ ਕੇ ਖਤਾਨਾਂ ’ਚ ਦਰੱਖ਼ਤਾਂ ਨਾਲ ਜਾ ਟਕਰਾਈ। ਇਸ ਦੌਰਾਨ ਰਾਜਦੀਪ ਕੌਰ ਅਤੇ ਉਸ ਦੇ ਪੇਟ ਵਿਚਲੇ ਬੱਚੇ ਦੀ ਮੌਕੇ ’ਤੇ ਮੌਤ ਹੋ ਗਈ। 5 ਨਵੰਬਰ ਤੱਕ ਉਸ ਦਾ ਜਣੇਪਾ ਸੀ।