ਮਾਂ ਅਤੇ ਰੱਬ
ਡਾ. ਸਤਿੰਦਰ ਸਿੰਘ ਬੇਦੀ
ਮੈਂ ਜਦੋਂ ਪੈਰਾਂ ’ਤੇ ਚੱਲਿਆ
ਮੈਨੂੰ ਉਹ ਪਲ ਯਾਦ ਹੈ ਅੱਜ ਵੀ
ਮਾਂ ਦੀ ਉਂਗਲੀ ਫੜ ਕੇ ਚੱਲਿਆ
ਮੈਨੂੰ ਉਹ ਪਲ ਯਾਦ ਹੈ ਅੱਜ ਵੀ।
ਓਦੋਂ ਸੀ ਕੱਚੀ ਤੇ ਪੱਕੀ
ਅੱਜ ਜੋ ਐਲਕੇਜੀ ਯੂਕੇਜੀ।
ਓਦੋਂ ਸੀ ਫੱਟੀਆਂ ’ਤੇ ਲਿਖਦੇ
ਅੱਜ ਤਾਂ ਹੈ ਲੈਪਟਾਪ ’ਤੇ ਏ ਬੀ।
ਸਕੂਲ ਤੋਂ ਘਰ ਤੱਕ ਤੁਰ ਕੇ ਆਉਣਾ
ਮੇਰੇ ਜ਼ਿਹਨ ’ਚ ਯਾਦ ਹੈ ਅੱਜ ਵੀ।
ਮੈਂ ਜਦੋਂ ਪੈਰਾਂ ’ਤੇ ਚੱਲਿਆ
ਮੈਨੂੰ ਉਹ ਪਲ ਯਾਦ ਹੈ ਅੱਜ ਵੀ।
ਅੱਜ ਉਹੀ ਮਾਂ ਚੱਲ ਨਹੀਂ ਸਕਦੀ
ਪਰ ਮੈਨੂੰ ਕਦੇ ਭੁੱਲ ਨਹੀਂ ਸਕਦੀ।
ਉਹ ਮੇਰੇ ਕੋਲ ਆ ਨਹੀਂ ਸਕਦੀ
ਮੈਨੂੰ ਉਂਗਲੀ ਲਾ ਨਹੀਂ ਸਕਦੀ।
ਮੈਂ ਜਦੋਂ ਉਹਦੇ ਕੋਲ ਜਾਵਾਂ
ਘੁੱਟ ਸੀਨੇ ਮੈਨੂੰ ਲਾਵੇ ਅੱਜ ਵੀ।
ਮੈਂ ਜਦੋਂ ਪੈਰਾਂ ’ਤੇ ਚੱਲਿਆ
ਮੈਨੂੰ ਉਹ ਪਲ ਯਾਦ ਹੈ ਅੱਜ ਵੀ।
ਬਚਪਨ ਵਿੱਚ ਇੱਕ ਵਾਰੀ ਜਦ ਮੈਂ
ਖੇਡਦਿਆਂ ਜ਼ਖ਼ਮੀ ਸੀ ਹੋਇਆ।
ਪੈਰ ’ਚੋਂ ਵਗਦਾ ਖ਼ੂਨ ਵੇਖ ਕੇ
ਮਾਂ ਦਾ ਹਿਰਦਾ ਇਹ ਕਹਿ ਰੋਇਆ।
‘‘ਹਾਏ ਮੈਂ ਮਰਜਾਂ ਪੁੱਤ ਮੇਰੇ ਨੂੰ
ਇਹ ਕੀ ਹੋਇਆ’’ ਯਾਦ ਹੈ ਅੱਜ ਵੀ।
ਮੈਂ ਜਦੋਂ ਪੈਰਾਂ ’ਤੇ ਚੱਲਿਆ
ਮੈਨੂੰ ਉਹ ਪਲ ਯਾਦ ਹੈ ਅੱਜ ਵੀ।
ਜੀਅ ਕਰਦੈ ਅੱਜ ਮਾਂ ਕੋਲ ਜਾਵਾਂ
ਦਿਲ ਦੀਆਂ ਗੱਲਾਂ ਖੋਲ੍ਹ ਸੁਣਾਵਾਂ।
ਜੋ ਲੋਰੀ ਸੁਣ ਨੀਂਦ ਸੀ ਆਉਂਦੀ
ਮਾਂ ਕੋਲੋਂ ਫਿਰ ਸੁਣ ਕੇ ਆਵਾਂ।
ਤਾਰਿਆਂ ਛਾਵੇਂ ਘਰ ਦੀ ਛੱਤ ’ਤੇ
ਬਾਤ ਸੁਣੀ ਮੈਨੂੰ ਯਾਦ ਹੈ ਅੱਜ ਵੀ।
ਮੈਂ ਜਦੋਂ ਪੈਰਾਂ ’ਤੇ ਚੱਲਿਆ
ਮੈਨੂੰ ਉਹ ਪਲ ਯਾਦ ਹੈ ਅੱਜ ਵੀ।
ਮਾਂ ਹੁੰਦੀ ਘਣਛਾਵਾਂ ਬੂਟਾ
ਜਿਸਦੀ ਛਾਂ ਵਿੱਚ ਅਸੀਂ ਹਾਂ ਪਲ਼ਦੇ।
ਰੱਬ ਸਾਡੇ ਕੋਲ ਆ ਨਹੀਂ ਸਕਦਾ
ਇਸੇ ਲਈ ਉਹ ਮਾਂ ਨੂੰ ਘੱਲਦੈ।
ਮਾਂ ਨੂੰ ਵੀਰੋ ਕਦੇ ਨਾ ਭੁੱਲਿਓ
ਮਾਂ ਹੈ ਤਾਂ ਰੱਬ ਯਾਦ ਹੈ ਅੱਜ ਵੀ।
ਮੈਂ ਜਦੋਂ ਪੈਰਾਂ ’ਤੇ ਚੱਲਿਆ
ਮੈਨੂੰ ਉਹ ਪਲ ਯਾਦ ਹੈ ਅੱਜ ਵੀ।
ਅੱਜ ਮਾਂ ਭਾਵੇਂ ਕੋਲ ਨਹੀਂ ਮੇਰੇ
ਭੁੱਲਦੇ ਨਹੀਂ ਉਹਦੇ ਬੋਲ ਇਹ ਜਿਹੜੇ
ਕਹਿੰਦੀ ਸੀ ਕਦੇ ਰੱਬ ਨਾ ਭੁੱਲੀਂ
ਭਾਵੇਂ ਸਭ ਕੁਝ ਕੋਲ ਹੈ ਤੇਰੇ।
ਤਾਂਹੀਓ ਉਹ ਸਦਾ ਦਿਲ ਵਿੱਚ ਵੱਸਦੀ
ਉਸ ਦਾ ਕਿਹਾ ਮੈਨੂੰ ਯਾਦ ਹੈ ਅੱਜ ਵੀ।
ਮੈਂ ਜਦੋਂ ਪੈਰਾਂ ’ਤੇ ਚੱਲਿਆ
ਮੈਨੂੰ ਉਹ ਪਲ ਯਾਦ ਹੈ ਅੱਜ ਵੀ।
ਆਉ ਅੱਜ ਮਾਂ ਲਈ ਕੁਝ ਕਰੀਏ
ਸਾਰੇ ਰਲ਼ ਇਹ ਪ੍ਰਣ ਕਰ ਲਈਏ
ਕਰਜ਼ ਉਹਦਾ ਕਦੇ ਦੇ ਨਹੀਂ ਸਕਦੇ
ਦਿਲ ਤੋਂ ਉਹਨੂੰ ਦੂਰ ਨਾ ਕਰੀਏ।
ਹੱਥ ਫੜ ਜਿਸਨੇ ਤੁਰਨਾ ਦੱਸਿਆ
ਹੱਥ ਉਹਦਾ ਜਾਪੇ ਸਿਰ ’ਤੇ ਅੱਜ ਵੀ।
ਮੈਂ ਜਦੋਂ ਪੈਰਾਂ ’ਤੇ ਚੱਲਿਆ
ਮੈਨੂੰ ਉਹ ਪਲ ਯਾਦ ਹੈ ਅੱਜ ਵੀ।
ਮਾਂ ਦੀ ਉਂਗਲੀ ਫੜ ਕੇ ਚੱਲਿਆ
ਮੈਨੂੰ ਉਹ ਪਲ ਯਾਦ ਹੈ ਅੱਜ ਵੀ।
ਸੰਪਰਕ: 95010-41956