ਮੌਸਮੀ ਨੇ 500 ਵਿੱਚੋਂ 499 ਅੰਕ ਪ੍ਰਾਪਤ ਕੀਤੇ਼
ਪਠਾਨਕੋਟ (ਐੱਨਪੀ ਧਵਨ): ਜ਼ਿਲ੍ਹਾ ਪਠਾਨਕੋਟ ਦੇ ਸਰਕਾਰੀ ਪ੍ਰਾਇਮਰੀ ਸਕੂਲਾਂ ਦੇ ਵਿਦਿਆਰਥੀਆਂ ਵੱਲੋਂ ਪੂਰੇ ਪੰਜਾਬ ਅੰਦਰ ਪੰਜਵੀਂ ਕਲਾਸ ਦੇ ਨਤੀਜਿਆਂ ਵਿੱਚ ਪਹਿਲਾ ਸਥਾਨ ਪ੍ਰਾਪਤ ਕਰ ਕੇ ਜਿੱਥੇ ਜ਼ਿਲ੍ਹਾ ਪਠਾਨਕੋਟ ਦਾ ਮਾਣ ਵਧਾਇਆ ਹੈ ਉੱਥੇ ਹੀ ਪੂਰੇ ਪੰਜਾਬ ਅੰਦਰ ਜ਼ਿਲ੍ਹਾ ਪਠਾਨਕੋਟ ਨੂੰ ਵੱਖਰੀ ਪਛਾਣ ਦਿਵਾਈ ਹੈ। ਇਹ ਪ੍ਰਗਟਾਵਾ ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਹਰਭਗਵੰਤ ਸਿੰਘ ਅਤੇ ਉੱਪ ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਡੀਜੀ ਸਿੰਘ ਨੇ ਕੀਤਾ। ਜ਼ਿਲ੍ਹਾ ਅਧਿਕਾਰੀਆਂ ਨੇ ਦੱਸਿਆ ਕਿ ਜ਼ਿਲ੍ਹਾ ਪਠਾਨਕੋਟ ਦੇ 376 ਪ੍ਰਾਇਮਰੀ ਸਕੂਲਾਂ ਦੇ ਪੰਜਵੀਂ ਜਮਾਤ ਦੇ 5695 ਵਿਦਿਆਰਥੀਆਂ ਨੇ ਪੰਜਾਬ ਸਕੂਲ ਸਿੱਖਿਆ ਬੋਰਡ ਦੀ ਪ੍ਰੀਖਿਆ ਦਿੱਤੀ ਸੀ। ਜਿਸ ਵਿੱਚੋਂ 5693 ਵਿਦਿਆਰਥੀਆਂ ਨੇ ਪਾਸ ਹੋ ਕੇ ਪੂਰੇ ਪੰਜਾਬ ਅੰਦਰ 99.96 ਪ੍ਰਤੀਸ਼ਤ ਨਤੀਜੇ ਪ੍ਰਾਪਤ ਕਰਕੇ ਪੰਜਾਬ ਭਰ ਵਿੱਚੋਂ ਪਹਿਲਾ ਸਥਾਨ ਪ੍ਰਾਪਤ ਕੀਤਾ ਹੈ। ਉਨ੍ਹਾਂ ਅੱਗੇ ਦੱਸਿਆ ਕਿ ਸਰਕਾਰੀ ਪ੍ਰਾਇਮਰੀ ਸਕੂਲ ਕਟਾਰੂਚੱਕ ਦੀ ਵਿਦਿਆਰਥਣ ਮੌਸਮੀ ਨੇ 500 ਵਿੱਚੋਂ 499 ਅੰਕ ਪ੍ਰਾਪਤ ਕਰਕੇ ਜ਼ਿਲ੍ਹੇ ਵਿੱਚ ਪਹਿਲਾ ਸਥਾਨ ਪ੍ਰਾਪਤ ਕਰਕੇ ਜਿੱਥੇ ਪੰਜਾਬ ਭਰ ਵਿੱਚ ਆਪਣੇ ਸਕੂਲ, ਪਿੰਡ, ਮਾਪਿਆਂ ਅਤੇ ਅਧਿਆਪਕਾਂ ਦਾ ਨਾਂ ਰੋਸ਼ਨ ਕੀਤਾ ਹੈ। ਜਦ ਕਿ ਸਰਕਾਰੀ ਪ੍ਰਾਇਮਰੀ ਸਕੂਲ ਨਰਾਇਣਪੁਰ ਦੇ ਵਿਦਿਆਰਥੀ ਦਰਪਣ ਸ਼ਾਹ ਨੇ 498 ਅੰਕ ਪ੍ਰਾਪਤ ਕੀਤੇ ਹਨ।