ਵਿਰਾਟ ਨੂੰ ਆਊਟ ਕਰ ਕੇ ਦਰਸ਼ਕਾਂ ਨੂੰ ਚੁੱਪ ਕਰਾਉਣਾ ਸਭ ਤੋਂ ਤਸੱਲੀ ਵਾਲਾ ਪਲ: ਕਮਿਨਸ
ਅਹਿਮਦਾਬਾਦ: ਆਸਟਰੇਲੀਆ ਦੇ ਕਪਤਾਨ ਪੈਟ ਕਮਿਨਸ ਲਈ ਵਿਸ਼ਵ ਕੱਪ ਫਾਈਨਲ ਵਿੱਚ ਵਿਰਾਟ ਕੋਹਲੀ ਨੂੰ ਆਊਟ ਕਰਕੇ ਨਰਿੰਦਰ ਮੋਦੀ ਸਟੇਡੀਅਮ ਵਿੱਚ ਮੌਜੂਦ 90 ਹਜ਼ਾਰ ਦਰਸ਼ਕਾਂ ਨੂੰ ਚੁੱਪ ਕਰਵਾਉਣਾ ਸਭ ਤੋਂ ਤਸੱਲੀ ਵਾਲਾ ਪਲ ਸੀ। ਆਸਟਰੇਲੀਆ ਨੇ ਐਤਵਾਰ ਨੂੰ ਇੱਥੇ ਭਾਰਤ ਨੂੰ ਛੇ ਵਿਕਟਾਂ ਨਾਲ ਹਰਾ ਕੇ ਆਪਣਾ ਛੇਵਾਂ ਇੱਕ ਰੋਜ਼ਾ ਵਿਸ਼ਵ ਕੱਪ ਜਿੱਤਿਆ। ਕਮਿਨਸ ਇਹ ਖਿਤਾਬ ਜਿੱਤਣ ਵਾਲਾ ਆਸਟਰੇਲੀਆ ਦਾ ਪੰਜਵਾਂ ਕਪਤਾਨ ਬਣਿਆ। ਪੈਟ ਕਮਿਨਸ ਨੇ ਕਿਹਾ ਕਿ ਉਸ ਨੂੰ 50 ਓਵਰ ਦੇ ਫਾਰਮੈਟ ਨਾਲ ਮੁੜ ਪਿਆਰ ਹੋ ਗਿਆ ਹੈ। ਕੋੋਹਲੀ ਜਦੋਂ 54 ਦੌੜਾਂ ’ਤੇ ਖੇਡ ਰਿਹਾ ਸੀ ਤਾਂ ਕਮਿਨਸ ਨੇ ਉਸ ਨੂੰ ਆਊਟ ਕਰ ਦਿੱਤਾ। ਕਮਿਨਸ ਨੂੰ ਜਦੋਂ ਪੁੱਛਿਆ ਗਿਆ ਕਿ ਕੀ ਸਟੇਡੀਅਮ ਵਿੱਚ ਮੌਜੂਦ ਦਰਸ਼ਕਾਂ ਨੂੰ ਚੁੱਪ ਕਰਵਾਉਣਾ ਉਸ ਲਈ ਸਭ ਤੋਂ ਸੰਤੋਸ਼ਜਨਕ ਪਲ ਸੀ ਤਾਂ ਉਸ ਨੇ ਕਿਹਾ, ‘‘ਹਾਂ, ਮੈਨੂੰ ਅਜਿਹਾ ਲੱਗਦਾ ਹੈ। ਅਸੀਂ ਦਰਸ਼ਕਾਂ ਦੀ ਚੁੱਪ ਨੂੰ ਸਵੀਕਾਰ ਕਰਨ ਲਈ ਇੱਕ ਸੈਕਿੰਡ ਦਾ ਸਮਾਂ ਲਿਆ। ਅਜਿਹਾ ਲੱਗ ਰਿਹਾ ਸੀ ਕਿ ਇਹ ਵੀ ਉਨ੍ਹਾਂ ਦਿਨਾਂ ਵਿੱਚੋਂ ਇੱਕ ਦਿਨ ਹੈ, ਜਿਸ ਵਿੱਚ ਉਹ ਸੈਂਕੜਾ ਲਗਾਵੇਗਾ, ਜਿਵੇਂ ਕਿ ਉਹ ਆਮ ਤੌਰ ’ਤੇ ਅਜਿਹੇ ਹਾਲਾਤ ਵਿੱਚ ਕਰਦਾ ਹੈ ਅਤੇ ਇਸ ਲਈ ਉਸ ਨੂੰ ਆਊਟ ਕਰਨਾ ਤਸੱਲੀ ਵਾਲਾ ਪਲ ਸੀ।’’ ਆਸਟਰੇਲੀਆ ਦੇ ਕਪਤਾਨ ਦਾ ਮੰਨਣਾ ਹੈ ਕਿ ਇੱਕ ਰੋਜ਼ਾ ਵਿਸ਼ਵ ਕੱਪ ਜਾਰੀ ਰਹਿਣਾ ਚਾਹੀਦਾ ਹੈ ਕਿਉਂਕਿ ਇਸ ਦੀ ਆਪਣੀ ਵਿਰਾਸਤ ਹੈ ਅਤੇ ਖਿਡਾਰੀਆਂ ਕੋਲ ਦੱਸਣ ਲਈ ਆਪਣੀਆਂ ਕਹਾਣੀਆਂ ਹਨ। ਕਮਿਨਸ ਨੇ ਕਿਹਾ, ‘‘ਮੈਂ ਇਹ ਜ਼ਰੂੁਰ ਕਹਿਣਾ ਚਾਹੁੰਦਾ ਹਾਂ ਕਿ ਮੈਨੂੰ ਇਸ ਵਿਸ਼ਵ ਕੱਪ ਵਿੱਚ ਇੱਕ ਰੋਜ਼ਾ ਨਾਲ ਮੁੜ ਪਿਆਰ ਹੋ ਗਿਆ ਹੈ। ਅਜਿਹਾ ਇਸ ਲਈ ਵੀ ਹੋ ਸਕਦਾ ਹੈ ਕਿਉਂਕਿ ਅਸੀਂ ਜਿੱਤ ਦਰਜ ਕੀਤੀ ਹੈ। ਇਹ ਅਜਿਹਾ ਟੂਰਨਾਮੈਂਟ ਹੈ, ਜਿਸ ਵਿੱਚ ਹਰ ਮੈਚ ਮਾਇਨੇ ਰੱਖਦਾ ਹੈ।’’ ਆਸਟਰੇਲੀਆ ਕਪਤਾਨ ਨੇ ਟਰੈਵਿਸ ਹੈੱਡ ਦੀ ਰੱਜ ਕੇ ਪ੍ਰਸ਼ੰਸ਼ਾ ਕੀਤੀ, ਜਿਸ ਨੇ ਵਿਸ਼ਵ ਟੈਸਟ ਚੈਂਪੀਅਨਸ਼ਿਪ ਦੇ ਫਾਈਨਲ ਮਗਰੋਂ ਇੱਕ ਰੋਜ਼ਾ ਵਿਸ਼ਵ ਕੱਪ ਦੇ ਫਾਈਨਲ ਵਿੱਚ ਸੈਂਕੜਾ ਜੜ ਕੇ ਟੀਮ ਦੀ ਜਿੱਤ ’ਚ ਅਹਿਮ ਭੂਮਿਕਾ ਨਿਭਾਈ। -ਪੀਟੀਆਈ