ਦਿੱਲੀ ਵਿੱਚ ਪਿਛਲੇ ਵਰ੍ਹੇ ਸਭ ਤੋਂ ਵੱਧ ਸੜਕ ਹਾਦਸੇ ਵਾਪਰੇ
ਨਵੀਂ ਦਿੱਲੀ: ਸੜਕੀ ਆਵਾਜਾਈ ਅਤੇ ਰਾਜਮਾਰਗ ਮੰਤਰਾਲੇ ਦੀ ਰਿਪੋਰਟ ਅਨੁਸਾਰ ਸਾਲ 2022 ਵਿੱਚ 10 ਲੱਖ ਤੋਂ ਵੱਧ ਆਬਾਦੀ ਵਾਲੇ ਸ਼ਹਿਰਾਂ ’ਚੋਂ ਦਿੱਲੀ ਵਿੱਚ ਸਭ ਤੋਂ ਵੱਧ ਸੜਕ ਹਾਦਸੇ ਵਾਪਰੇ ਜਦਕਿ ਅਜਿਹੇ 50 ਸ਼ਹਿਰਾਂ ਵਿੱਚ 17,000 ਤੋਂ ਵੱਧ ਲੋਕਾਂ ਨੂੰ ਜਾਨ ਗੁਆਉਣੀ ਪਈ। ਦਿੱਲੀ ਵਿੱਚ 5,652, ਇੰਦੌਰ ਵਿੱਚ 4,680, ਜਬਲਪੁਰ ਵਿੱਚ 4,046, ਬੰਗਲੂਰੂ ਵਿੱਚ 3,822, ਚੇਨੱਈ ਵਿੱਚ 3,452, ਭੋਪਾਲ ਵਿੱਚ 3,313, ਮੱਲਾਪੁਰਮ ਵਿੱਚ 2,991, ਜੈਪੁਰ ਵਿੱਚ 2,687, ਹੈਦਰਾਬਾਦ ਵਿੱਚ 2,516 ਅਤੇ ਕੋਚੀ ਵਿੱਚ 2,432 ਹਾਦਸੇ ਵਾਪਰੇ। ਇਹ 10 ਲੱਖ ਦੀ ਆਬਾਦੀ ਵਾਲੇ 50 ਸ਼ਹਿਰਾਂ ’ਚ ਵਾਪਰੇ ਕੁੱਲ ਸੜਕ ਹਾਦਸਿਆਂ ਦਾ 46.37 ਫੀਸਦ ਹਿੱਸਾ ਹੈ। ਇਨ੍ਹਾਂ 50 ਸ਼ਹਿਰਾਂ ਵਿੱਚ 2022 ’ਚ ਕੁੱਲ 76,752 ਸੜਕ ਹਾਦਸੇ ਵਾਪਰੇ, ਜਿਸ ਕਾਰਨ 17,089 ਵਿਅਕਤੀਆਂ ਦੀ ਜਾਨ ਗਈ ਅਤੇ 69,052 ਵਿਅਕਤੀ ਜ਼ਖ਼ਮੀ ਹੋਏ ਸਨ। ਰਿਪੋਰਟ ਵਿੱਚ ਕਿਹਾ ਗਿਆ ਹੈ ਕਿ 2021 ਦੇ ਮੁਕਾਬਲੇ 2022 ਵਿੱਚ ਚੇਨੱਈ, ਧਨਬਾਦ, ਲੁਧਿਆਣਾ, ਮੁੰਬਈ, ਪਟਨਾ ਅਤੇ ਵਿਸ਼ਾਖਾਪਟਨਮ ਨੂੰ ਛੱਡ ਕੇ ਸਾਰੇ 10 ਲੱਖ ਤੋਂ ਵੱਧ ਆਬਾਦੀ ਵਾਲੇ ਸ਼ਹਿਰਾਂ ਵਿੱਚ ਸੜਕ ਹਾਦਸਿਆਂ ਤੇ ਮੌਤਾਂ ਦੀ ਗਿਣਤੀ ਵਿੱਚ ਵਾਧਾ ਹੋਇਆ ਹੈ। -ਪੀਟੀਆਈ