ਮੱਛਰਦਾਨੀ
ਹਰਪ੍ਰੀਤ ਕੌਰ ਘੜੂੰਆਂ
ਦੋ ਦਿਨ ਲਗਾਤਾਰ ਮੀਂਹ ਪੈਣ ਮਗਰੋਂ ਸੰਝ ਵੇਲੇ ਆਸਮਾਨ ‘ਤੇ ਬੱਦਲ ਛਾਏ ਹੋਏ ਸਨ। ਮੌਸਮ ਬਹੁਤ ਹੀ ਸੁਹਾਵਣਾ ਸੀ। ਪੱਛੋਂ ਦੀ ਠੰਢੀ ਹਵਾ ਚੱਲ ਰਹੀ ਸੀ। ਮੇਰੀ ਨਿਗ੍ਹਾ ਰੰਗ-ਬਰੰਗੇ ਬੱਦਲਾਂ ‘ਤੇ ਪਈ ਜਿਹਨਾਂ ਨੂੰ ਦੇਖਣ ਲਈ ਮੈਂ ਕੋਠੇ ਉੱਤੇ ਗਈ। ਕੋਠਿਆਂ ਉੱਤੇ ਸੁੰਨਸਾਨ ਪਸਰੀ ਪਈ ਸੀ। ਇੱਕਾ-ਦੁੱਕਾ ਲੋਕ ਆਪਣੇ ਕੋਠਿਆਂ ਉੱਤੇ ਖੜ੍ਹੇ ਮੀਂਹ ਦਾ ਪਾਣੀ ਕੱਢ ਰਹੇ ਸਨ। ਉਹਨਾਂ ਨੂੰ ਦੇਖ ਬੀਤੇ ਸਮੇਂ ਦੀਆਂ ਯਾਦਾਂ ਆਲੇ-ਦੁਆਲੇ ਮੰਡਰਾਉਣ ਲੱਗੀਆਂ। ਜਦੋਂ ਕੋਠਿਆਂ ਉੱਤੇ ਵਾਣ ਨਾਲ ਬੁਣੇ ਮੰਜੇ ਹੀ ਮੰਜੇ ਪਏ ਹੁੰਦੇ ਸਨ। ਠੰਢ ਖਤਮ ਹੁੰਦਿਆਂ ਹੀ ਫੱਗਣ ਮਹੀਨੇ ਦੇ ਪੰਜ-ਸੱਤ ਦਿਨ ਰਹਿ ਜਾਣੇ ਤਾਂ ਸਾਰੇ ਲੋਕਾਂ ਨੇ ਮੰਜੇ ਵਿਹੜਿਆਂ ਵਿਚ ਕੱਢ ਲੈਣੇ। ਸਿਆਣੇ ਬਜ਼ੁਰਗਾਂ ਨੇ ਆਖਣਾ, “ਬਈ ਚੇਤ ਦਾ ਢਿੱਡ ਨਹੀਂ ਪਾੜੀਦਾ।”
ਸੰਧੂਰਕਾਂ ਵੇਲੇ ਲੋਕ ਆਪਣੇ ਕੋਠਿਆਂ ‘ਤੇ ਪਏ ਬਿਸਤਰਿਆਂ ਨੂੰ ਝਾੜ ਕੇ ਵਿਛਾ ਦਿੰਦੇ, ਬਿਸਤਰੇ ਸਾਰੇ ਦਿਨ ਦੇ ਤਪੇ ਹੁੰਦੇ ਸਨ। ਜਿਸ ਕੋਲ ਮੱਛਰਦਾਨੀ ਹੋਣੀ, ਉਸ ਨੇ ਆਪਣੀ ਮੱਛਰਦਾਨੀ ਵੀ ਲਾ ਦੇਣੀ। ਸਾਡੇ ਗੁਆਂਢ ਵਿਚ ਫੌਜੀ ਚਾਚਾ ਹਮੇਸ਼ਾ ਗਰਮੀਆਂ ਦੇ ਦਿਨਾਂ ਵਿਚ ਹੀ ਛੁੱਟੀ ਆਉਂਦਾ ਹੁੰਦਾ ਸੀ। ਚਾਚੇ ਨੇ ਸੂਰਜ ਛਿਪਦਿਆਂ ਸਾਰ ਆਪਣਾ ਬਿਸਤਰਾ ਵਿਛਾ ਕੇ ਮੱਛਰਦਾਨੀ ਲਾ ਦੇਣੀ। ਉਸ ਦੀ ਮੱਛਰਦਾਨੀ ਹੋਰਨਾਂ ਕੋਠਿਆਂ ‘ਤੇ ਲੱਗੀਆਂ ਮੱਛਰਦਾਨੀਆਂ ਨਾਲੋਂ ਵੱਖਰੀ ਹੁੰਦੀ ਸੀ। ਉਦੋਂ ਸਾਰਿਆਂ ਦੇ ਕੋਠੇ ਨਾਲ ਨਾਲ ਜੁੜੇ ਹੁੰਦੇ ਸਨ। ਅਸੀਂ ਵਾਰੀ ਵਾਰੀ ਫੌਜੀ ਚਾਚੇ ਦੀ ਮੱਛਰਦਾਨੀ ਨੂੰ ਹੱਥ ਲਾ ਕੇ ਦੇਖਣਾ, ਬੜੀ ਮੁਲਾਇਮ ਹੁੰਦੀ ਸੀ। ਚਾਚੇ ਨੂੰ ਕਹਿਣਾ, “ਚਾਚਾ, ਅਗਲੇ ਗੇੜੇ ਸਾਨੂੰ ਵੀ ਮੱਛਰਦਾਨੀਆਂ ਲੈ ਆਈਂ, ਇਹ ਤਾਂ ਬੜੇ ਕੰਮ ਦੀ ਆ”, ਤਾਂ ਚਾਚੇ ਨੇ ਬੜੇ ਠਰ੍ਹੰਮੇ ਨਾਲ ਕਹਿਣਾ, “ਚੰਗਾ ਮੱਲ ਲੇ ਆਉਂਗਾ, ਤੌਂਹ ਵੀ ਤਕੜੇ ਹੋ ਕੇ ਪੜ੍ਹੇ ਕਰੈਂ, ਫੌਜੀ ਬਣ ਜੇਂ ਗੇ।” ਅਸੀਂ ਕੁੜੀਆਂ ਨੇ ਕਹਿਣਾ, “ਚਾਚਾ ਵੀਰੇ ਤਾਂ ਫੌਜੀ ਬਣ ਜਾਣਗੇ, ਕੁੜੀਆਂ ਨੂੰ ਕੌਣ ਫੌਜੀ ਲਾਉਂਦਾ ਏ।” ਇਹ ਸੁਣ ਕੇ ਚਾਚੇ ਨੇ ਕਹਿਣਾ, “ਤੌਂਹ ਵੀ ਦਸ ਦਸ ਜਮਾਤਾਂ ਕਰ ਲੇ, ਫਿਰ ਸਕੂਲ ਮਾ ਮਾਹਟਰਨੀਆਂ ਬਣਜੇ ਗੀਆਂ, ਵਿਦਿਆ ਵਚਾਰੀ ਤਾਂ ਪਰਉਪਕਾਰੀ ਹੋਵੈ।”
ਫਿਰ ਚਾਚੇ ਨੇ ਛੁੱਟੀ ਕੱਟ ਕੇ ਚਲੇ ਜਾਣਾ। ਮੱਛਰਦਾਨੀਆਂ ਦੇ ਚਾਅ ਵਿਚ ਉਸ ਦੇ ਕਹੇ ਅਨੁਸਾਰ ਅਸੀਂ ਕੋਠੇ ਉੱਤੇ ਥੋੜ੍ਹਾ ਜਿਹਾ ਪਰਛਾਵਾਂ ਆਉਣ ‘ਤੇ ਹੀ ਆਪਣੇ ਬਸਤੇ ਚੁੱਕ ਕੇ ਚੜ੍ਹ ਜਾਣਾ। ਸਕੂਲ ਦਾ ਕੰਮ ਬਹੁਤ ਲਗਨ ਨਾਲ ਕਰਨਾ। ਜਿਉਂ ਹੀ ਆਥਣ ਵੇਲੇ ਸੂਰਜ ਨੇ ਆਪਣੀ ਸੰਧੂਰੀ ਰੰਗ ਦੀ ਲਾਲੀ ਘੋਲਣੀ ਤਾਂ ਆਸਮਾਨ ਵਿਚ ਕਾਵਾਂ ਦੀਆਂ ਡਾਰਾਂ ਸੂਰਜ ਛਿਪਦੇ ਵੱਲੋਂ ਚੜ੍ਹਦੇ ਪਾਸੇ ਨੂੰ ਆਉਂਦੀਆਂ, ਸਵੇਰੇ ਚੜ੍ਹਦੇ ਤੋਂ ਛਿਪਦੇ ਵੱਲ ਉਹਨਾਂ ਦੀ ਇਸ ਪ੍ਰਕਿਰਿਆ ਨੂੰ ਦੇਖ ਕੇ ਮੈਂ ਆਪਣੀ ਦਾਦੀ ਨੂੰ ਪੁੱਛਿਆ, “ਇਸ ਤਰ੍ਹਾਂ ਕਿਉਂ ਹੈ?” ਪਹਿਲਾਂ ਦਾਦੀ ਨੇ ਸਾਨੂੰ ਚਾਰੇ ਦਿਸ਼ਾਵਾਂ- ਪੂਰਬ, ਪੱਛਮ, ਉੱਤਰ, ਦੱਖਣ ਦੱਸੀਆਂ ਅਤੇ ਫਿਰ ਕਿਹਾ, “ਜਦ ਸਰਘੀ ਵੇਲੇ ਸੂਰਜ ਨਿਕਲੈ, ਤੌਂਹ ਉਸ ਕਾ ਤਪਸ਼ (ਪੈਰਾ-ਬੈਂਗਨੀ ਕਿਰਨਾਂ) ਬਹੁਤ ਤੇਜ ਹੋਵੈ, ਜੋ ਜਨੌਰਾਂ ਕੀ ਅੱਖਾਂ ਮਾ ਚੁਭੈ, ਤੌ ਏਹ ਪੱਛਮ ਵੱਲ ਜਾਮਂੈ, ਜਬ ਸੂਰਜ ਛਿਪੈ, ਤਪਸ਼ ਪੱਛਮ ਮਾ ਹੋਵੈ, ਤੌਂਹ ਜਨੌਰ ਪੂਰਬ ਵੱਲ ਆਮੈਂ।” ਮੇਰੀ ਦਾਦੀ ਗਿਆਨ ਦਾ ਭੰਡਾਰ ਸੀ, ਹਾਲੇ ਤੱਕ ਮੈਂ ਉਹ ਸਬਕ ਕਿਤਾਬਾਂ ਵਿਚ ਨਹੀਂ ਪੜ੍ਹੇ ਜੋ ਦਾਦੀ ਤੋਂ ਸਿੱਖੇ ਹਨ।
ਰਾਤ ਨੂੰ ਗਰਮੀ ਤੋਂ ਹੁੱਸੜੇ ਸਾਰੇ ਜਣੇ ਆਪਣੇ ਕੰਮ-ਧੰਦੇ ਤੋਂ ਵਿਹਲੇ ਹੋ ਕੇ ਕੋਠਿਆਂ ਉੱਤੇ ਚੜ੍ਹ ਜਾਂਦੇ। ਕਈ ਵਾਰ ਲੋਹੜਿਆਂ ਦੀ ਗਰਮੀ ਹੁੰਦੀ, ਫਿਰ ਵੀ ਖੰਜੂਰਾਂ ਆਲੇ ਹੱਥ-ਪੱਖੇ ਅਤੇ ਪੱਖੀਆਂ ਨਾਲ ਝੱਲ ਮਾਰੀ ਜਾਂਦੀ ਸੀ। ਹੋਰ ਤਾਂ ਹੋਰ ਸੰਝ ਵੇਲੇ ਦੀ ਰੋਟੀ ਵੀ ਕੋਠੇ ਉੱਤੇ ਹੀ ਖਾਂਦੇ ਸਨ। ਉਦੋਂ ਹਾਰੇ ਵਿਚ ਰਿੰਨ੍ਹੀ ਕੋਈ ਛੋਲਿਆਂ ਦੀ ਘੋਟੀ ਹੋਈ ਦਾਲ, ਕੱਚੀਆਂ ਅੰਬੀਆਂ ਦੀ ਗੁੜ ਪਾ ਕੇ ਕੁੱਟੀ ਚਟਨੀ, ਤਾਜ਼ੇ ਦੁੱਧ ਦੀ ਕੱਚੀ ਲੱਸੀ ਲੂਣ ਆਲੀ, ਨਾਲ ਮਿੱਸੀਆਂ ਰੋਟੀਆਂ ਹੁੰਦੀਆਂ ਸਨ। ਇਹੋ ਜਿਹਾ ਸਾਦਾ ਭੋਜਨ ਹਰ ਘਰ ਵਿਚ ਖਾਣ ਨੂੰ ਮਿਲਦਾ ਸੀ ਜਿਸ ਦਾ ਸੁਆਦ ਅੱਜ ਦੇ ਬਰਗਰ, ਪੀਜਿ਼ਆਂ ਨੂੰ ਮਾਤ ਪਾਉਂਦਾ ਸੀ। ਲੋਕਾਂ ਦੇ ਸੌਣ ਲਈ ਕੱਚੇ ਕੋਠੇ ਹਰਮਨ-ਪਿਆਰੀ ਥਾਂ ਹੁੰਦੀ ਸੀ। ਜਦੋਂ ਪਿੰਡ ਵਿਚ ਕਿਸੇ ਦੇ ਘਰ ਵਿਆਹ ਹੋਣਾ ਤਾਂ ਸਪੀਕਰ ‘ਤੇ ਪੰਜਾਬ ਦੀ ਕੋਇਲ ਸੁਰਿੰਦਰ ਕੌਰ ਦੇ ਗੀਤ ਵੱਜਣ ਲੱਗ ਜਾਣੇ:
ਮੱਛਰਦਾਨੀ ਲੈ ਦੇ ਵੇ,
ਮੱਛਰ ਨੇ ਖਾ ਲਈ ਤੋੜ ਕੇ।
ਉਦੋਂ ਉਸ ਸਮੇਂ ਦੇ ਮਾਹੌਲ ਨਾਲ ਸਬੰਧਿਤ ਗੀਤ ਹੁੰਦੇ ਸਨ ਜਿਸ ਨਾਲ ਕੋਠਿਆਂ ਦਾ ਨਜ਼ਾਰਾ ਹੋਰ ਵੀ ਰੰਗੀਨ ਹੋ ਜਾਂਦਾ ਸੀ।
ਹਾਲੇ ਇਹ ਸਾਰੀ ਤਸਵੀਰ ਮੇਰੇ ਅੱਖਾਂ ਮੂਹਰੇ ਘੁੰਮ ਹੀ ਰਹੀ ਸੀ ਕਿ ਆਸਮਾਨ ਵਿਚ ਭੱਜੇ ਜਾਂਦੇ ਬੱਦਲਾਂ ਵਿਚੋਂ ਸੂਰਜ ਨੇ ਝਾਤੀ ਮਾਰੀ ਤੇ ਕਿਹਾ, “ਹੁਣ ਬੀਤੇ ਵਕਤ ਨੇ ਤਾਂ ਮੁੜ ਨਹੀਂ ਆਉਣਾ, ਵਕਤ ਦੀ ਕੁਰਾਹੇ ਪਈ ਚਾਲ ਨੂੰ ਸੰਭਾਲੋ।” ਉਸ ਦੀ ਇਹ ਗੱਲ ਸੁਣ ਕੇ ਮੈਂ ਸੋਚਿਆ ਕਿ ਉਹਨਾਂ ਵੇਲਿਆਂ ਵਿਚ ਖੁੱਲ੍ਹੇ ਆਸਮਾਨ ਹੇਠਾਂ ਮੱਛਰਦਾਨੀ ਦੇ ਪਤਲੇ ਜਾਲੀਦਾਰ ਕੱਪੜੇ ਵਿਚ ਪਿਆ ਬੰਦਾ ਆਪਣੇ ਆਪ ਨੂੰ ਸੁਰੱਖਿਅਤ ਮੰਨਦਾ ਸੀ ਪਰ ਅੱਜ ਕੱਲ੍ਹ ਘਰਾਂ ਨੂੰ ਜਿੰਦੇ ਕੁੰਡੇ ਲਾ ਕੇ ਵੀ ਅਸੁਰੱਖਿਅਤ ਮਹਿਸੂਸ ਕਰਦਾ ਹੈ।
ਸੰਪਰਕ: 97807-14000