ਮਾਸਕੋ ਅਤੇ ਕੀਵ ਨੇ ਇੱਕ-ਦੂਜੇ ਦੇ ਜੰਗੀ ਕੈਦੀ ਛੱਡੇ
ਕੀਵ, 24 ਅਗਸਤ
ਰੂਸੀ ਹਮਲੇ ਮਗਰੋਂ ਯੂਕਰੇਨ ਅੱਜ ਜਦੋਂ ਆਪਣਾ ਆਜ਼ਾਦੀ ਦਿਹਾੜਾ ਮਨਾ ਰਿਹਾ ਸੀ ਤਾਂ ਦੋਵੇਂ ਮੁਲਕਾਂ ਨੇ ਇਕ-ਦੂਜੇ ਦੇ 115-115 ਜੰਗੀ ਕੈਦੀਆਂ ਨੂੰ ਰਿਹਾਅ ਕਰ ਦਿੱਤਾ। ਯੂਕਰੇਨ ਨੇ ਕਿਹਾ ਕਿ ਜਿਹੜੇ ਕੈਦੀ ਛੱਡੇ ਗਏ ਹਨ, ਉਹ ਰੂਸ ਵੱਲੋਂ ਜੰਗ ਦੇ ਪਹਿਲੇ ਮਹੀਨੇ ’ਚ ਹੀ ਬੰਦੀ ਬਣਾ ਲਏ ਗਏ ਸਨ। ਇਨ੍ਹਾਂ ’ਚੋਂ ਕਰੀਬ 50 ਜਵਾਨ ਰੂਸੀ ਫੌਜ ਨੇ ਮਾਰੀਓਪੋਲ ਦੇ ਅਜ਼ੋਵਸਤਾਲ ਸਟੀਲਵਰਕਸ ਤੋਂ ਫੜੇ ਸਨ। ਉਧਰ ਰੂਸੀ ਰੱਖਿਆ ਮੰਤਰਾਲੇ ਨੇ ਕਿਹਾ ਕਿ ਕੁਰਸਕ ਖ਼ਿੱਤੇ ’ਚ ਫੜੇ ਗਏ 115 ਰੂਸੀ ਜਵਾਨ ਇਸ ਸਮੇਂ ਬੇਲਾਰੂਸ ’ਚ ਹਨ ਪਰ ਉਨ੍ਹਾਂ ਨੂੰ ਇਲਾਜ ਅਤੇ ਮੁੜ ਵਸੇਬੇ ਲਈ ਛੇਤੀ ਰੂਸ ਲਿਆਂਦਾ ਜਾਵੇਗਾ।
ਯੂਕਰੇਨੀ ਰਾਸ਼ਟਰਪਤੀ ਵਲੋਦੀਮੀਰ ਜ਼ੇਲੈਂਸਕੀ ਨੇ ‘ਐਕਸ’ ’ਤੇ ਕਿਹਾ ਕਿ ਸੰਯੁਕਤ ਅਰਬ ਅਮੀਰਾਤ (ਯੂਏਈ) ਨੇ ਜੰਗੀ ਕੈਦੀਆਂ ਦੀ ਰਿਹਾਈ ਮੁੜ ਯਕੀਨੀ ਬਣਾਈ ਹੈ। ਜੰਗ ਦੇ ਫਰਵਰੀ 2022 ਤੋਂ ਸ਼ੁਰੂ ਹੋਣ ਮਗਰੋਂ ਇਹ 55ਵੀਂ ਵਾਰ ਹੈ ਜਦੋਂ ਜੰਗੀ ਕੈਦੀਆਂ ਦੀ ਅਦਲਾ-ਬਦਲੀ ਹੋਈ ਹੈ। ਉਂਜ ਯੂਕਰੇਨ ਅਤੇ ਰੂਸ ਨੇ ਅਜੇ ਤੱਕ ਇਹ ਖ਼ੁਲਾਸਾ ਨਹੀਂ ਕੀਤਾ ਹੈ ਕਿ ਦੋਵੇਂ ਮੁਲਕਾਂ ਕੋਲ ਕਿੰਨੇ-ਕਿੰਨੇ ਜੰਗੀ ਕੈਦੀ ਹਨ।
ਉਧਰ ਰੂਸ ਅਤੇ ਯੂਕਰੇਨ ਵੱਲੋਂ ਇਕ-ਦੂਜੇ ਦੇ ਇਲਾਕਿਆਂ ’ਚ ਹਮਲੇ ਲਗਾਤਾਰ ਜਾਰੀ ਹਨ। ਰੂਸੀ ਫੌਜ ਵੱਲੋਂ ਖੇਰਸਾਨ ’ਚ ਕੀਤੇ ਗਏ ਹਮਲੇ ’ਚ ਦੋ ਵਿਅਕਤੀ ਮਾਰੇ ਗਏ ਜਦਕਿ ਚਾਰ ਹੋਰ ਜ਼ਖ਼ਮੀ ਹੋ ਗਏ। ਯੂਕਰੇਨੀ ਹਵਾਈ ਸੈਨਾ ਨੇ ਕਿਹਾ ਕਿ ਉਨ੍ਹਾਂ ਸੱਤ ਡਰੋਨ ਤਬਾਹ ਕਰ ਦਿੱਤੇ ਜਦਕਿ ਰੂਸ ਨੇ ਜ਼ਮੀਨੇਈ ਟਾਪੂ ਦੇ ਇਲਾਕੇ ’ਚ ਚਾਰ ਕਰੂਜ਼ ਮਿਜ਼ਾਈਲਾਂ ਦਾਗ਼ੀਆਂ। ਰੂਸੀ ਰੱਖਿਆ ਮੰਤਰਾਲੇ ਨੇ ਕਿਹਾ ਕਿ ਉਨ੍ਹਾਂ ਬੀਤੀ ਰਾਤ ਸੱਤ ਡਰੋਨ ਡੇਗੇ ਹਨ। -ਏਪੀ
ਯੂਕਰੇਨ ਨੇ ਆਜ਼ਾਦੀ ਦਿਹਾੜਾ ਮਨਾਇਆ
ਕੀਵ: ਰੂਸ ਵੱਲੋਂ ਛੇੜੀ ਗਈ ਜੰਗ ਦੌਰਾਨ ਯੂਕਰੇਨ ਨੇ ਅੱਜ 33ਵਾਂ ਆਜ਼ਾਦੀ ਦਿਹਾੜਾ ਸੰਜੀਦਾ ਮਾਹੌਲ ’ਚ ਮਨਾਇਆ। ਕਿਤੇ ਵੀ ਆਤਿਸ਼ਬਾਜ਼ੀ, ਪਰੇਡ ਜਾਂ ਸੰਗੀਤ ਪ੍ਰੋਗਰਾਮ ਦਾ ਕੋਈ ਪ੍ਰਬੰਧ ਨਹੀਂ ਕੀਤਾ ਗਿਆ, ਸਗੋਂ ਲੋਕਾਂ ਨੇ ਜੰਗ ’ਚ ਸ਼ਹੀਦ ਹੋਏ ਆਪਣੇ ਨਾਗਰਿਕਾਂ ਅਤੇ ਜਵਾਨਾਂ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ। ਯੂਕਰੇਨੀਆਂ ਨੇ ਮੋਰਚਿਆਂ ’ਤੇ ਲੜ ਰਹੇ ਆਪਣੇ ਮੁਲਕ ਦੇ ਜਵਾਨਾਂ ਨੂੰ ਹਮਾਇਤ ਦਿੰਦਿਆਂ ਸੋਸ਼ਲ ਮੀਡੀਆ ’ਤੇ ਉਨ੍ਹਾਂ ਦਾ ਧੰਨਵਾਦ ਕੀਤਾ। ਰਾਸ਼ਟਰਪਤੀ ਵਲੋਦੀਮੀਰ ਜ਼ੇਲੈਂਸਕੀ ਨੇ ਦੇਸ਼ਵਾਸੀਆਂ ਨੂੰ ਕਿਹਾ, ‘‘ਆਜ਼ਾਦੀ ਉਹ ਖਾਮੋਸ਼ੀ ਹੈ ਜਿਸ ਨੂੰ ਅਸੀਂ ਆਪਣੇ ਲੋਕਾਂ ਨੂੰ ਗੁਆਉਣ ’ਤੇ ਮਹਿਸੂਸ ਕਰਦੇ ਹਾਂ। ਹਵਾਈ ਹਮਲੇ ਹੋਣ ’ਤੇ ਆਜ਼ਾਦੀ ਸੁਰੱਖਿਅਤ ਥਾਵਾਂ ’ਤੇ ਪਨਾਹ ਲੈਂਦੀ ਹੈ ਤਾਂ ਜੋ ਦੁਬਾਰਾ ਖੜ੍ਹੇ ਹੋ ਕੇ ਦੁਸ਼ਮਣ ਨੂੰ ਦੱਸ ਸਕੀਏ ਕਿ ਉਸ ਨੂੰ ਕੁਝ ਵੀ ਹਾਸਲ ਨਹੀਂ ਹੋਣ ਵਾਲਾ ਹੈ।’’ ਉਨ੍ਹਾਂ ਕਿਹਾ ਕਿ ਰੂਸ ਵੱਲੋਂ ਸ਼ੁਰੂ ਕੀਤੀ ਗਈ ਜੰਗ ਦਾ ਸੇਕ ਉਸ ਨੂੰ ਲਗਣਾ ਸ਼ੁਰੂ ਹੋ ਗਿਆ ਹੈ। ਰੂਸ ਦੇ ਕੁਰਸਕ ਖ਼ਿੱਤੇ ’ਚ ਯੂਕਰੇਨੀ ਹਮਲੇ ਦਾ ਜ਼ਿਕਰ ਕਰਦਿਆਂ ਜ਼ੇਲੈਂਸਕੀ ਨੇ ਕਿਹਾ ਕਿ ਜਿਹੜੇ ਸਾਡੀ ਧਰਤੀ ’ਤੇ ਬੁਰੀ ਅੱਖ ਰਖਦੇ ਸਨ, ਉਨ੍ਹਾਂ ਨੂੰ ਹੁਣ ਆਪਣੀ ਧਰਤੀ ’ਤੇ ਹੀ ਉਸ ਦਾ ਨਤੀਜਾ ਭੁਗਤਣਾ ਪੈ ਰਿਹਾ ਹੈ। ਯੂਕਰੇਨੀ ਰਾਸ਼ਟਰਪਤੀ ਨੇ ਰੂਸੀ ਸਰਹੱਦ ਨਾਲ ਲਗਦੇ ਕਸਬੇ ਸੂਮੀ ’ਚ ਆਪਣਾ ਭਾਸ਼ਣ ਰਿਕਾਰਡ ਕਰਵਾਇਆ ਜਿਥੇ ਯੂਕਰੇਨੀ ਫੌਜ ਨੇ 6 ਅਗਸਤ ਨੂੰ ਰੂਸ ’ਤੇ ਧਾਵਾ ਬੋਲਿਆ ਸੀ। -ਏਪੀ