For the best experience, open
https://m.punjabitribuneonline.com
on your mobile browser.
Advertisement

ਅਸਾਮ ’ਚ ਹੜ੍ਹਾਂ ਕਾਰਨ ਛੇ ਲੱਖ ਤੋਂ ਵੱਧ ਲੋਕ ਪ੍ਰਭਾਵਿਤ

07:54 AM Jun 03, 2024 IST
ਅਸਾਮ ’ਚ ਹੜ੍ਹਾਂ ਕਾਰਨ ਛੇ ਲੱਖ ਤੋਂ ਵੱਧ ਲੋਕ ਪ੍ਰਭਾਵਿਤ
ਨਗਾਓਂ ਵਿੱਚ ਖੜ੍ਹੇ ਮੀਂਹ ਦੇ ਪਾਣੀ ’ਚੋਂ ਲੰਘਦੇ ਹੋਏ ਰਾਹਗੀਰ। -ਫੋਟੋ: ਪੀਟੀਆਈ
Advertisement

ਗੁਹਾਟੀ, 2 ਜੂਨ
ਅਸਾਮ ’ਚ ਹੜ੍ਹਾਂ ਦੀ ਸਥਿਤੀ ’ਚ ਕੋਈ ਸੁਧਾਰ ਨਹੀਂ ਹੋਇਆ ਹੈ ਅਤੇ 10 ਜ਼ਿਲ੍ਹਿਆਂ ’ਚ ਛੇ ਲੱਖ ਤੋਂ ਵੱਧ ਲੋਕ ਹੁਣ ਵੀ ਪ੍ਰਭਾਵਿਤ ਹਨ। ਅਧਿਕਾਰੀਆਂ ਨੇ ਅੱਜ ਇਹ ਜਾਣਕਾਰੀ ਦਿੱਤੀ। ਅਧਿਕਾਰੀਆਂ ਨੇ ਦੱਸਿਆ ਕਿ ਸੂਬੇ ਦੇ ਵੱਖ ਵੱਖ ਖੇਤਰਾਂ ’ਚ ਭਾਰੀ ਮੀਂਹ ਕਾਰਨ ਨਦੀਆਂ ’ਚ ਪਾਣੀ ਦਾ ਪੱਧਰ ਵੱਧ ਗਿਆ ਜਿਸ ਨਾਲ ਕਈ ਖੇਤਰਾਂ ’ਚ ਪ੍ਰਭਾਵਿਤ ਹੋਏ ਲੋਕਾਂ ਨੂੰ ਸੁਰੱਖਿਅਤ ਥਾਵਾਂ ’ਤੇ ਲਿਜਾਇਆ ਗਿਆ। ਕੋਪਿਲੀ, ਬਰਾਕ ਤੇ ਕੁਸ਼ਿਆਰਾ ਨਦੀਆਂ ਖਤਰੇ ਦੇ ਨਿਸ਼ਾਨ ਤੋਂ ਉੱਪਰ ਵਹਿ ਰਹੀਆਂ ਹਨ। ਹੜ੍ਹਾਂ ਕਾਰਨ ਹੈਲਾਕਾਂਡੀ, ਹੋਜਾਈ, ਮੋਰੀਗਾਓਂ, ਕਰੀਮਗੰਜ, ਨਗਾਓਂ, ਕਛਾਰ, ਦਿਬਰੂਗੜ੍ਹ, ਗੋਲਾਘਾਟ, ਕਾਰਬੀ ਆਂਗਲੌਂਗ ਪੱਛਮੀ ਤੇ ਦੀਮਾ ਹਸਾਓ ਜ਼ਿਲ੍ਹਿਆਂ ’ਚ ਕੁੱਲ 6,01,642 ਲੋਕ ਪ੍ਰਭਾਵਿਤ ਹੋਏ ਹਨ। ਅਧਿਕਾਰੀਆਂ ਨੇ ਦੱਸਿਆ ਕਿ 28 ਮਈ ਤੋਂ ਹੁਣ ਤੱਕ ਹੜ੍ਹਾਂ ਤੇ ਤੂਫਾਨ ਕਾਰਨ ਮਰਨ ਵਾਲਿਆਂ ਦੀ ਗਿਣਤੀ ਵੱਧ ਕੇ 15 ਹੋ ਗਈ ਹੈ। ਨਗਾਓਂ ਸਭ ਤੋਂ ਪ੍ਰਭਾਵਿਤ ਜ਼ਿਲ੍ਹਾ ਹੈ ਜਿੱਥੇ 2.79 ਲੱਖ ਤੋਂ ਵੱਧ ਲੋਕ ਪ੍ਰਭਾਵਤ ਹੋਏ ਜਦਕਿ ਹੋਜਾਈ ’ਚ 1,26,813 ਤੇ ਕਛਾਰ ’ਚ 1,12,265 ਲੋਕ ਪ੍ਰਭਾਵਿਤ ਹੋਏ ਹਨ। ਸੂਬੇ ’ਚ 40 ਹਜ਼ਾਰ ਤੋਂ ਵੱਧ ਲੋਕਾਂ ਨੇ ਰਾਹਤ ਕੈਂਪਾਂ ’ਚ ਪਨਾਹ ਲਈ ਹੈ। ਕੌਮੀ ਆਫ਼ਤ ਪ੍ਰਬੰਧਨ ਬਲ (ਐੱਨਡੀਆਰਐੱਫ), ਸੂਬਾ ਆਫ਼ਤ ਪ੍ਰਬੰਧਨ ਬਲ (ਐੱਸਡੀਆਰਐੱਫ), ਸਥਾਨਕ ਪ੍ਰਸ਼ਾਸਨ ਤੇ ਆਮ ਲੋਕਾਂ ਵੱਲੋਂ ਬਚਾਅ ਤੇ ਰਾਹਤ ਮੁਹਿੰਮ ਚਲਾਈ ਜਾ ਰਹੀ ਹੈ। ਅਧਿਕਾਰੀਆਂ ਨੇ ਦੱਸਿਆ ਕਿ ਸੂਬੇ ਦੇ ਕਈ ਹਿੱਸਿਆਂ ’ਚ ਸੜਕ ਤੇ ਰੇਲ ਆਵਾਜਾਈ ਪ੍ਰਭਾਵਿਤ ਹੋ ਗਈ ਹੈ। ਪੂਰਬ-ਉੱਤਰ ਸਰਹੱਦੀ ਰੇਲਵੇ ਦੇ ਬੁਲਾਰੇ ਨੇ ਦੱਸਿਆ ਕਿ ਨਿਊ ਹਾਫਲੌਂਗ ਦੇ ਚੰਦਰਨਾਥਪੁਰ ਬਲਾਕ ’ਚ ਪੱਟੜੀ ਨੂੰ ਨੁਕਸਾਨ ਹੋਣ ਤੇ ਸਿਲਚਰ ਸਟੇਸ਼ਨ ’ਤੇ ਪਾਣੀ ਭਰਨ ਕਾਰਨ ਘੱਟ ਤੋਂ ਘੱਟ 10 ਰੇਲ ਗੱਡੀਆਂ ਰੱਦ ਕਰ ਦਿੱਤੀਆਂ ਗਈਆਂ। -ਪੀਟੀਆਈ

Advertisement

ਕੇਰਲ ’ਚ ਭਾਰੀ ਮੀਂਹ, ਮੌਸਮ ਵਿਭਾਗ ਵੱਲੋਂ ਅਲਰਟ ਜਾਰੀ

ਤਿਰੂਵਨੰਤਪੁਰਮ/ਚੇਨੱਈ: ਦੱਖਣੀ-ਪੱਛਮੀ ਮੌਨਸੂਨ ਕਾਰਨ ਕੇਰਲ ਦੇ ਵੱਖ ਵੱਖ ਹਿੱਸਿਆਂ ’ਚ ਪੈ ਰਹੇ ਮੀਂਹ ਵਿਚਾਲੇ ਮੌਸਮ ਵਿਗਿਆਨ ਵਿਭਾਗ ਨੇ ਅੱਜ ਸੂਬੇ ਦੇ ਐਰਨਾਕੁਲਮ ਜ਼ਿਲ੍ਹੇ ’ਚ ਔਰੇਂਜ ਅਲਰਟ ਜਾਰੀ ਕੀਤਾ ਹੈ ਜਿੱਥੇ ਪਿਛਲੇ ਕਈ ਦਿਨਾਂ ਤੋਂ ਲਗਾਤਾਰ ਮੀਂਹ ਪੈ ਰਿਹਾ ਹੈ। ਇਸੇ ਦੌਰਾਨ ਮੌਸਮ ਵਿਭਾਗ ਨੇ ਤਾਮਿਲ ਨਾਡੂ ਦੇ 14 ਜ਼ਿਲ੍ਹਿਆਂ ’ਚ ਵੀ ਭਾਰੀ ਮੀਂਹ ਪੈਣ ਦੀ ਚਿਤਾਵਨੀ ਜਾਰੀ ਕੀਤੀ ਹੈ। ਮੌਸਮ ਵਿਭਾਗ ਦੀ ਚਿਤਾਵਨੀ ਦੇ ਮੱਦੇਨਜ਼ਰ ਸੂਬਾ ਆਫ਼ਤ ਪ੍ਰਬੰਧਨ ਅਥਾਰਿਟੀ ਨੇ ਕੇਰਲਾ ਦੇ ਲੋਕਾਂ ਨੂੰ ਪਹਾੜੀ ਇਲਾਕਿਆਂ ’ਚ ਢਿੱਗਾਂ ਖਿਸਕਣ ਦੇ ਸੰਭਾਵੀ ਖਤਰਿਆਂ ਤੋਂ ਚੌਕਸ ਕੀਤਾ ਹੈ ਤੇ ਉਨ੍ਹਾਂ ਨੂੰ ਅਪੀਲ ਕੀਤੀ ਹੈ ਕਿ ਜੇਕਰ ਜ਼ਰੂਰੀ ਹੋਵੇ ਤਾਂ ਉਹ ਸੁਰੱਖਿਅਤ ਥਾਵਾਂ ਵੱਲ ਚਲੇ ਜਾਣ। ਅਧਿਕਾਰੀਆਂ ਨੇ ਹੇਠਲੇ ਇਲਾਕਿਆਂ ’ਚ ਰਹਿਣ ਵਾਲੇ ਲੋਕਾਂ ਨੂੰ ਵੀ ਰਾਹਤ ਕੈਂਪਾਂ ’ਚ ਚਲੇ ਜਾਣ ਦੀ ਸਲਾਹ ਦਿੱਤੀ ਹੈ। ਇਸੇ ਦੌਰਾਨ ਮੌਸਮ ਵਿਭਾਗ ਨੇ ਅਗਲੇ 24 ਘੰਟਿਆਂ ਦੌਰਾਨ ਤਾਮਿਲ ਨਾਡੂ ਦੇ 14 ਜ਼ਿਲ੍ਹਿਆਂ ’ਚ ਭਾਰੀ ਮੀਂਹ ਪੈਣ ਦੀ ਚਿਤਾਵਨੀ ਦਿੱਤੀ ਹੈ। -ਪੀਟੀਆਈ/ਆਈਏਐੱਨਐੱਸ

Advertisement
Author Image

sukhwinder singh

View all posts

Advertisement
Advertisement
×