ਇੱਕ ਲੱਖ ਤੋਂ ਵੱਧ ਨਸ਼ੀਲੀਆਂ ਗੋਲੀਆਂ ਬਰਾਮਦ
ਸਰਬਜੀਤ ਸਿੰਘ ਭੰਗੂ
ਪਟਿਆਲਾ, 8 ਫਰਵਰੀ
ਥਾਣਾ ਸਦਰ ਰਾਜਪੁਰਾ ਦੀ ਪੁਲੀਸ ਨੇ ਇੱਕ ਲੱਖ ਤੋਂ ਵੱਧ ਨਸ਼ੀਲੀਆਂ ਗੋਲੀਆਂ ਸਣੇ ਦੋ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਥਾਣਾ ਸਦਰ ਰਾਜਪੁਰਾ ਦੇ ਐੱਸਐੱਚਓ ਇੰਸਪੈਕਟਰ ਕਿਰਪਾਲ ਸਿੰਘ ਮੋਹੀ ਦੀ ਟੀਮ ਨੇ ਰਾਜਪੁਰਾ ਦੇ ਡੀਐੱਸਪੀ ਬਿਕਰਮਜੀਤ ਬਰਾੜ ਦੀ ਅਗਵਾਈ ਹੇਠ ਕਾਰਵਾਈ ਕਰਦਿਆਂ ਇੱਕ ਲੱਖ, ਪੰਜ ਹਜ਼ਾਰ (1.05 ਲੱਖ) ਨਸ਼ੀਲੀਆਂ ਗੋਲੀਆਂ ਦੀ ਖ਼ੇਪ ਬਰਾਮਦ ਕੀਤੀ ਹੈ।
ਇੱਥੇ ਪੁਲੀਸ ਲਾਈਨ ’ਚ ਐੱਸਐੱਸਪੀ ਵਰੁਣ ਸ਼ਰਮਾ ਤੇ ਐੱਸਪੀ (ਡੀ) ਯੋਗੇਸ਼ ਸ਼ਰਮਾ ਨੇ ਦੱਸਿਆ ਕਿ ਮੁਲਜ਼ਮਾਂ ਦੀ ਪਛਾਣ ਕੁਲਵਿੰਦਰ ਸਿੰਘ ਕਿੰਦੀ ਵਾਸੀ ਦੋਰਾਹਾ ਅਤੇ ਬਲਵਿੰਦਰ ਸਿੰਘ ਬਿੱਲਾ ਵਾਸੀ ਪਿੰਡ ਰਾਜਗੜ੍ਹ ਥਾਣਾ ਦੋਰਾਹਾ ਜ਼ਿਲ੍ਹਾ ਲੁਧਿਆਣਾ ਵਜੋਂ ਹੋਈ ਹੈ। ਉਨ੍ਹਾਂ ਮੁਤਾਬਕ ਥਾਣਾ ਸਦਰ ਰਾਜਪੁਰਾ ਦੀ ਪੁਲੀਸ ਨੇ ਕੁਲਵਿੰਦਰ ਸਿੰਘ ਕਿੰਦੀ ਅਤੇ ਬਲਵਿੰਦਰ ਸਿੰਘ ਬਿੱਲਾ ਨੂੰ ਕੌਮੀ ਮਾਰਗ ’ਤੇ ਲਾਏ ਨਾਕੇ ’ਤੇ ਕਾਬੂ ਕੀਤਾ, ਜਿੱਥੇ ਤਲਾਸ਼ੀ ਦੌਰਾਨ ਦੋਵਾਂ ਕੋਲੋਂ ਪਾਬੰਦੀਸ਼ੁਦਾ ਲੋਮੋਟਿਲ ਦੀਆਂ ਨਸ਼ੀਲੀਆਂ ਗੋਲੀਆਂ ਬਰਾਮਦ ਹੋਈਆਂ।
ਇੰਸਪੈਕਟਰ ਕਿਰਪਾਲ ਮੋਹੀ ਵੱਲੋਂ ਕੀਤੀ ਗਈ ਮੁੱਢਲੀ ਪੁੱਛ-ਪੜਤਾਲ ਦੇ ਹਵਾਲੇ ਨਾਲ ਐੱਸਐੱਸਪੀ ਨੇ ਦੱਸਿਆ ਕਿ ਪਿਛਲੇ ਸਮੇਂ ਤੋਂ ਨਸ਼ਾ ਤਸਕਰੀ ’ਚ ਲੱਗੇ ਦੋਵੇਂ ਮੁਲਜ਼ਮ ਮਾਲਵਾ ਖੇਤਰ ਵਿੱਚ ਵੱਡੇ ਪੱਧਰ ’ਤੇ ਨਸ਼ਿਆਂ ਦੀ ਸਪਲਾਈ ਕਰਦੇ ਸਨ। ਇਸ ਸਬੰਧੀ ਪਤਾ ਲੱਗਣ ’ਤੇ ਰਾਜਪੁਰਾ ਪੁਲੀਸ ਨੇ ਪੈੜ ਨੱਪਦਿਆਂ ਉਕਤ ਦੋਵਾਂ ਮੁਲਜ਼ਮਾਂ ਨੂੰ ਕਾਬੂ ਕਰ ਲਿਆ। ਰਾਜਪੁਰਾ ਦੇ ਡੀਐਸਪੀ ਬਿਕਰਮਜੀਤ ਬਰਾੜ ਦਾ ਕਹਿਣਾ ਸੀ ਕਿ ਮੁਲਜ਼ਮ ਇਹ ਨਸ਼ੀਲੇ ਪਦਾਰਥ ਸਹਾਰਨਪੁਰ (ਉੱਤਰ ਪ੍ਰਦੇਸ਼) ਤੋਂ ਲਿਆ ਕੇ ਪੰਜਾਬ ਵਿੱਚ ਸਪਲਾਈ ਕਰਦੇ ਸਨ। ਇੰਸਪੈਕਟਰ ਕਿਰਪਾਲ ਮੋਹੀ ਨੇ ਦੱਸਿਆ ਕਿ ਦੋਵਾਂ ਖ਼ਿਲਾਫ ਕੇਸ ਦਰਜ ਕਰ ਕੇ ਰਿਮਾਂਡ ਹਾਸਲ ਕਰ ਲਿਆ ਗਿਆ ਹੈ।