ਮੋਹੀ ਕਲਾਂ ਵਿੱਚ ਦਰਜਨ ਤੋਂ ਵੱਧ ਬੱਕਰੀਆਂ ਦੀ ਭੇਤ-ਭਰੀ ਹਾਲਤ ’ਚ ਮੌਤ
ਕਰਮਜੀਤ ਸਿੰਘ ਚਿੱਲਾ
ਬਨੂੜ, 4 ਨਵੰਬਰ
ਪਿੰਡ ਮੋਹੀ ਕਲਾਂ ਵਿੱਚ ਭੇਤਭਰੀ ਹਾਲਤ ਵਿੱਚ ਇੱਕ ਦਰਜਨ ਦੇ ਕਰੀਬ ਬੱਕਰੀਆਂ ਦੀ ਮੌਤ ਹੋ ਗਈ। ਪੀੜਤ ਜਗਮੋਹਣ ਸਿੰਘ ਲੀਲਾ ਨੇ ਦੱਸਿਆ ਕਿ ਉਸ ਕੋਲ ਪੰਜ ਦਰਜਨ ਦੇ ਕਰੀਬ ਬੱਕਰੀਆਂ ਹਨ, ਜਿਨ੍ਹਾਂ ਦਾ ਦੁੱਧ ਵੇਚ ਕੇ ਉਹ ਆਪਣੇ ਪਰਿਵਾਰ ਦਾ ਗੁਜ਼ਾਰਾ ਚਲਾਉਂਦਾ ਹੈ।
ਉਸ ਨੇ ਦੱਸਿਆ ਕਿ ਉਹ ਸ਼ਨਿਚਰਵਾਰ ਸ਼ਾਮ ਨੂੰ ਆਪਣੀਆਂ ਬੱਕਰੀਆਂ ਨੂੰ ਬਾਹਰ ਖੇਤਾਂ ਵਿੱਚ ਚੁਗਾ ਕੇ ਲਿਆਇਆ ਅਤੇ ਵਾੜੇ ਵਿੱਚ ਬੰਨ੍ਹ ਦਿੱਤਾ। ਉਸ ਨੇ ਦੱਸਿਆ ਕਿ ਉਸੇ ਦਿਨ ਰਾਤ ਨੂੰ 11 ਵਜੇ ਉਸ ਨੇ ਜਦੋਂ ਬਕਰੀਆਂ ਨੂੰ ਦੇਖਿਆ ਤਾਂ ਉਸ ਦੀਆਂ ਸਾਰੀਆਂ ਬੱਕਰੀਆਂ ਬਿਲਕੁਲ ਠੀਕ ਸਨ। ਸਵੇਰੇ 5 ਕੁ ਵਜੇ ਜਦੋਂ ਉਹ ਬੱਕਰੀਆਂ ਦੇ ਵਾੜੇ ਵਿੱਚ ਗਿਆ ਤਾਂ ਦਰਜਨ ਦੇ ਕਰੀਬ ਬੱਕਰੀਆਂ ਉੱਠ ਨਹੀਂ ਰਹੀਆਂ ਸਨ ਤੇ ਬਿਮਾਰ ਲੱਗ ਰਹੀਆਂ ਸਨ। ਜਗਮੋਹਣ ਨੇ ਦੱਸਿਆ ਕਿ ਇਸ ਮਗਰੋਂ ਉਸ ਨੇ ਕੈਮਿਸਟ ਤੋਂ ਦਵਾਈ ਲਿਆਂਦੀ ਅਤੇ ਇਨ੍ਹਾਂ ਬੱਕਰੀਆਂ ਦੇ ਟੀਕੇ ਲਗਾਏ ਪਰੰਤੂ ਇਸ ਦੇ ਬਾਵਜੂਦ ਉਸ ਦੀਆਂ ਇੱਕ ਦਰਜਨ ਦੇ ਕਰੀਬ ਦੁੱਧ ਦੇਣ ਵਾਲੀਆਂ ਬੱਕਰੀਆਂ ਅਤੇ ਇੱਕ ਵੱਡਾ ਬੱਕਰਾ ਮਰ ਗਏ। ਇਸ ਨਾਲ ਉਸ ਦਾ ਪੰਜ ਲੱਖ ਰੁਪਏ ਦਾ ਨੁਕਸਾਨ ਹੋ ਗਿਆ ਹੈ। ਉਸ ਨੇ ਦੱਸਿਆ ਕਿ ਇਸ ਘਟਨਾ ਤੋਂ ਬਾਅਦ ਉਸ ਨੇ ਨੇੜਲੇ ਪਿੰਡ ਖੇੜੀ ਗੁਰਨਾਂ ਵਿੱਚ ਸਥਿਤ ਪਸ਼ੂ ਹਸਪਤਾਲ ਦੇ ਡਾਕਟਰ ਨੂੰ ਸੂਚਿਤ ਕੀਤਾ ਜਿਨ੍ਹਾਂ ਬਾਕੀ ਬੱਕਰੀਆਂ ਦਾ ਇਲਾਜ ਕੀਤਾ ਅਤੇ ਉਨ੍ਹਾਂ ਦੀ ਹਾਲਤ ਹੁਣ ਖਤਰੇ ਤੋਂ ਬਾਹਰ ਹੈ।
ਪਿੰਡ ਦੀ ਸਰਪੰਚ ਰਣਬੀਰ ਕੌਰ, ਨੰਬਰਦਾਰ ਬਲਵੀਰ ਸਿੰਘ ਤੇ ਪਿੰਡ ਵਾਸੀਆਂ ਨੇ ਸੂਬਾ ਸਰਕਾਰ ਤੋਂ ਪੀੜਤ ਪਰਿਵਾਰ ਨੂੰ ਯੋਗ ਮੁਆਵਜ਼ਾ ਦੇਣ ਦੀ ਮੰਗ ਕੀਤੀ ਹੈ।
ਜ਼ਹਿਰੀਲੀ ਵਸਤੂ ਨਿਗਲਣ ਕਾਰਨ ਹੋਈ ਮੌਤ: ਵੈਟਰਨਰੀ ਡਾਕਟਰ
ਪਸ਼ੂ ਹਸਪਤਾਲ ਖੇੜੀ ਗੁਰਨਾਂ ਦੇ ਡਾਕਟਰ ਅੰਮ੍ਰਿਤਪਾਲ ਸਿੰਘ ਨੇ ਕਿਹਾ ਕਿ ਪੀੜਤ ਪਰਿਵਾਰ ਵੱਲੋਂ ਉਨ੍ਹਾਂ ਨੂੰ ਸੂਚਿਤ ਕੀਤੇ ਜਾਣ ’ਤੇ ਉਹ ਮੌਕੇ ’ਤੇ ਪੁੱਜੇ। ਉਨ੍ਹਾਂ ਵੱਲੋਂ ਮਰੀਆਂ ਹੋਈਆਂ ਬੱਕਰੀਆਂ ਵਿੱਚੋਂ ਇੱਕ ਬੱਕਰੀ ਦਾ ਪੋਸਟਮਾਰਟਮ ਕੀਤਾ ਗਿਆ। ਬੱਕਰੀ ਦੇ ਪੇਟ ਵਿੱਚੋਂ ਪਲਾਸਟਿਕ ਦੀ ਮੰਜੇ ਬੁਣਨ ਵਾਲੀ ਨਵਾਰ ਵੀ ਨਿਕਲੀ। ਉਨ੍ਹਾਂ ਕਿਹਾ ਕਿ ਪੀੜਤ ਵਿਅਕਤੀ ਆਪਣੀਆਂ ਬੱਕਰੀਆਂ ਨੂੰ ਬਾਹਰ ਖੇਤਾਂ ਵਿੱਚ ਚੁਗਾਉਣ ਲਈ ਲੈ ਕੇ ਜਾਂਦਾ ਹੈ, ਜਿੱਥੇ ਕੋਈ ਜ਼ਹਿਰੀਲੀ ਚੀਜ਼ ਖਾਣ ਕਾਰਨ ਇਨ੍ਹਾਂ ਬੱਕਰੀਆਂ ਦੀ ਮੌਤ ਹੋਈ ਲੱਗਦੀ ਹੈ। ਉਨ੍ਹਾਂ ਦੱਸਿਆ ਕਿ ਇਨ੍ਹਾਂ ਬਕਰੀਆਂ ਦੀ ਕਿਸੇ ਬਿਮਾਰੀ ਨਾਲ ਮੌਤ ਨਹੀਂ ਹੋਈ ਹੈ।