For the best experience, open
https://m.punjabitribuneonline.com
on your mobile browser.
Advertisement

ਪੰਜਾਬ ਵਿੱਚ 61 ਫ਼ੀਸਦ ਤੋਂ ਵੱਧ ਮਤਦਾਨ

08:06 AM Jun 02, 2024 IST
ਪੰਜਾਬ ਵਿੱਚ 61 ਫ਼ੀਸਦ ਤੋਂ ਵੱਧ ਮਤਦਾਨ
ਲੁਧਿਆਣਾ ਦੇ ਪੋਲਿੰਗ ਬੂਥ ’ਤੇ ਵੋਟ ਪਾਉਣ ਲਈ ਕਤਾਰ ਵਿੱਚ ਖੜ੍ਹੇ ਲੋਕ। -ਫੋਟੋ: ਹਿਮਾਂਸ਼ੂ ਮਹਾਜਨ
Advertisement

ਚਰਨਜੀਤ ਭੁੱਲਰ
ਚੰਡੀਗੜ੍ਹ, 1 ਜੂਨ
ਲੋਕ ਸਭਾ ਚੋਣਾਂ ਦੇ ਆਖਰੀ ਗੇੜ ’ਚ ਅੱਜ ਪੰਜਾਬ ਵਿਚ 13 ਲੋਕ ਸੀਟਾਂ ’ਤੇ 61.32 ਫ਼ੀਸਦੀ ਵੋਟਰਾਂ ਨੇ ਆਪਣੇ ਜਮਹੂਰੀ ਹੱਕ ਦੀ ਵਰਤੋਂ ਕੀਤੀ। ਪੰਜਾਬ ਦੇ ਚੋਣ ਪਿੜ ’ਚ ਉਤਰੇ ਕੁੱਲ 328 ਉਮੀਦਵਾਰਾਂ ਦੀ ਕਿਸਮਤ ਅੱਜ ਇਲੈਕਟ੍ਰੋਨਿਕ ਵੋਟਿੰਗ ਮਸ਼ੀਨਾਂ (ਈਵੀਐੱਮਜ਼) ਵਿਚ ਬੰਦ ਹੋ ਗਈ ਹੈ ਜਿਨ੍ਹਾਂ ਦੇ ਨਤੀਜੇ 4 ਜੂਨ ਨੂੰ ਐਲਾਨੇ ਜਾਣਗੇ। ਪੰਜਾਬ ਵਿਚ ਵੋਟਾਂ ਪਾਉਣ ਦਾ ਅਮਲ ਅੱਜ ਮਾਮੂਲੀ ਘਟਨਾਵਾਂ ਦਰਮਿਆਨ ਅਮਨ ਅਮਾਨ ਨਾਲ ਨੇਪਰੇ ਚੜ੍ਹ ਗਿਆ। ਵੋਟਰਾਂ ਦੀਆਂ ਸਵੇਰੇ ਸੱਤ ਵਜੇ ਹੀ ਪੋਲਿੰਗ ਸਟੇਸ਼ਨਾਂ ’ਤੇ ਲੰਮੀਆਂ ਕਤਾਰਾਂ ਲੱਗ ਗਈਆਂ ਸਨ। ਉਂਜ ਪੰਜਾਬ ’ਚ ਇਸ ਵਾਰ ਪਿਛਲੀਆਂ ਚੋਣਾਂ ਦੇ ਮੁਕਾਬਲੇ ਘੱਟ ਵੋਟਿੰਗ ਹੋਈ ਹੈ।
ਸੂਬੇ ਦੇ ਵੱਡੇ ਸਿਆਸੀ ਆਗੂਆਂ ਨੇ ਸਵੇਰ ਸਮੇਂ ਹੀ ਆਪੋ-ਆਪਣੀ ਵੋਟ ਭੁਗਤਾਈ। ਦੁਪਹਿਰ ਵੇਲੇ ਪੋਲਿੰਗ ਥੋੜੀ ਸੁਸਤ ਹੋ ਗਈ ਸੀ ਅਤੇ ਫਿਰ ਸ਼ਾਮ ਸਮੇਂ ਲੋਕ ਘਰਾਂ ’ਚੋਂ ਬਾਹਰ ਨਿਕਲੇ। ਚੋਣ ਕਮਿਸ਼ਨ ਦੇ ਪ੍ਰਬੰਧਾਂ ਦੇ ਬਾਵਜੂਦ ਗਰਮੀ ਦਾ ਅਸਰ ਮਤਦਾਨ ’ਤੇ ਦੇਖਣ ਨੂੰ ਮਿਲਿਆ। ਖ਼ਾਸ ਕਰਕੇ ਸ਼ਹਿਰੀ ਖੇਤਰਾਂ ’ਚ ਪੋਲਿੰਗ ਲਈ ਬਹੁਤਾ ਉਤਸ਼ਾਹ ਨਜ਼ਰ ਨਹੀਂ ਆਇਆ। ਮਾਲਵਾ ਖ਼ਿੱਤੇ ਵਿਚ ਦੁਪਹਿਰ ਮਗਰੋਂ ਤੇਜ਼ ਹਵਾਵਾਂ ਚੱਲਣ ਅਤੇ ਮੀਂਹ ਪੈਣ ਮਗਰੋਂ ਮੌਸਮ ਖ਼ੁਸ਼ਗਵਾਰ ਬਣ ਗਿਆ ਜਿਸ ਕਾਰਨ ਸ਼ਾਮ ਵੇਲੇ ਵੋਟਿੰਗ ਲਈ ਲੋਕ ਮਤਦਾਨ ਕੇਂਦਰਾਂ ’ਤੇ ਪੁੱਜੇ। ਮਤਦਾਨ ਦੇ ਪਹਿਲੇ ਦੋ ਘੰਟਿਆਂ ਦੌਰਾਨ 9 ਵਜੇ ਤੱਕ 9.64 ਫ਼ੀਸਦੀ ਪੋਲਿੰਗ ਹੋਈ ਸੀ ਜਦਕਿ 11 ਵਜੇ ਤੱਕ ਪੋਲਿੰਗ ਵਧ ਕੇ 23.91 ਫ਼ੀਸਦੀ ਹੋ ਗਈ। ਦੁਪਹਿਰ ਇੱਕ ਵਜੇ ਮਤਦਾਨ ਦਰ 37.80 ਫ਼ੀਸਦੀ ਹੋ ਗਈ ਸੀ ਅਤੇ ਤਿੰਨ ਵਜੇ ਤੱਕ 46.38 ਫ਼ੀਸਦੀ ਵੋਟਾਂ ਪਈਆਂ। ਸ਼ਾਮ ਪੰਜ ਵਜੇ ਤੱਕ 55.20 ਫ਼ੀਸਦੀ ਵੋਟਾਂ ਦਾ ਭੁਗਤਾਨ ਹੋਇਆ। ਮਾਲਵਾ ਖ਼ਿੱਤੇ ਦੇ ਚਾਰ ਜ਼ਿਲ੍ਹਿਆਂ ਬਠਿੰਡਾ, ਸੰਗਰੂਰ, ਫ਼ਿਰੋਜ਼ਪੁਰ ਅਤੇ ਪਟਿਆਲਾ ਤੋਂ ਇਲਾਵਾ ਮਾਝੇ ਦੇ ਗੁਰਦਾਸਪੁਰ ਹਲਕੇ ਵਿਚ ਵੋਟ ਫ਼ੀਸਦ ਕਾਫ਼ੀ ਉੱਚੀ ਰਹੀ। ਅੰਮ੍ਰਿਤਸਰ, ਹੁਸ਼ਿਆਰਪੁਰ ਅਤੇ ਲੁਧਿਆਣਾ ਵਿਚ ਵੋਟਿੰਗ ਦਰ ਘੱਟ ਰਹੀ। ਪੰਜ ਕੈਬਨਿਟ ਮੰਤਰੀਆਂ, ਸੱਤ ਵਿਧਾਇਕਾਂ, ਅੱਠ ਮੌਜੂਦਾ ਸੰਸਦ ਮੈਂਬਰਾਂ ਤੋਂ ਇਲਾਵਾ 21 ਸਾਬਕਾ ਵਿਧਾਇਕਾਂ/ਸਾਬਕਾ ਵਜ਼ੀਰਾਂ ਤੇ ਸਾਬਕਾ ਸੰਸਦ ਮੈਂਬਰਾਂ ਦੀ ਕਿਸਮਤ ਵੋਟਿੰਗ ਮਸ਼ੀਨਾਂ ਵਿਚ ਬੰਦ ਹੋ ਗਈ ਹੈ। ਸੂਬੇ ਦੇ 24,451 ਪੋਲਿੰਗ ਸਟੇਸ਼ਨਾਂ ’ਤੇ ਵੋਟਾਂ ਪੈਣ ਦਾ ਅਮਲ ਸਵੇਰੇ 7 ਵਜੇ ਸ਼ੁਰੂ ਹੋਇਆ ਸੀ ਜੋ ਸ਼ਾਮ 6 ਵਜੇ ਤੱਕ ਚੱਲਿਆ। ਚੋਣ ਅਮਲੇ ਦੇ 1.20 ਲੱਖ ਮੈਂਬਰਾਂ ਨੇ ਡਿਊਟੀ ਨਿਭਾਈ। ਚੋਣ ਜ਼ਾਬਤਾ ਲੱਗਣ ਮਗਰੋਂ ਵੋਟਰਾਂ ਦੀ ਖ਼ਰੀਦੋ-ਫ਼ਰੋਖ਼ਤ ਜਾਂ ਸ਼ਰਾਬ ਵਰਤਾਏ ਜਾਣ ਦੇ ਕੋਈ ਪ੍ਰਤੱਖ ਮਾਮਲੇ ਸਾਹਮਣੇ ਨਹੀਂ ਆਏ। ਉਂਜ ਬਠਿੰਡਾ ਹਲਕੇ ’ਚ ਇੱਕਾ-ਦੁੱਕਾ ਥਾਵਾਂ ’ਤੇ ਖ਼ਰੀਦੋ-ਫ਼ਰੋਖ਼ਤ ਦੇ ਚਰਚੇ ਜ਼ਰੂਰ ਸੁਣੇ ਗਏ। ਮਤਦਾਨ ਕੇਂਦਰਾਂ ਵਿਚ 85 ਸਾਲ ਤੋਂ ਉਪਰ ਦੇ ਬਜ਼ੁਰਗ ਵੋਟਰਾਂ ਨੇ ਵੀ ਵੋਟ ਦਾ ਭੁਗਤਾਨ ਕੀਤਾ। ਮੁਹਾਲੀ ਵਿਚ 103 ਸਾਲ ਦੀ ਬਜ਼ੁਰਗ ਜੋਗਿੰਦਰ ਕੌਰ ਨੇ ਵੋਟ ਪਾਈ।

Advertisement

ਫਿਰੋਜ਼ਪੁਰ ਵਿੱਚ ਫੌਜ ਦੇ ਜਵਾਨ ਲੋਕ ਸਭਾ ਚੋਣਾਂ ਲਈ ਵੋਟ ਪਾਉਣ ਵਾਸਤੇ ਕਤਾਰ ’ਚ ਖੜ੍ਹੇ ਹੋਏ। -ਫੋਟੋ: ਪੀਟੀਆਈ

ਇਸੇ ਤਰ੍ਹਾਂ ਫ਼ਿਰੋਜ਼ਪੁਰ ਹਲਕੇ ਦੇ ਪਿੰਡ ਅੱਕੂ ਮਸਤੇ ਵਿਚ 103 ਸਾਲ ਦੇ ਬਜ਼ੁਰਗ ਅਤੇ ਉਸ ਦੀ 100 ਸਾਲ ਦੀ ਪਤਨੀ ਨੇ ਵੋਟ ਪਾਈ। ਚੋਣ ਅਮਲੇ ਨੇ ਇਸ ਜੋੜੇ ਨੂੰ ਸਰਟੀਫਿਕੇਟ ਅਤੇ ਹਾਰ ਪਾ ਕੇ ਸਨਮਾਨਿਤ ਕੀਤਾ। ਚੋਣ ਕਮਿਸ਼ਨ ਵੱਲੋਂ 85 ਸਾਲ ਤੋਂ ਉਪਰ ਦੇ ਵੋਟਰਾਂ ਲਈ ਵਾਹਨਾਂ ਦਾ ਉਚੇਚੇ ਤੌਰ ’ਤੇ ਪ੍ਰਬੰਧ ਕੀਤਾ ਗਿਆ ਸੀ।ਵੇਰਵਿਆਂ ਅਨੁਸਾਰ ਹਲਕਾ ਬਠਿੰਡਾ ਦੇ ਪਿੰਡ ਖੁੱਡੀਆਂ ਗੁਲਾਬ ਸਿੰਘ ਵਿਚ ਈਵੀਐੱਮ ਮਸ਼ੀਨ ਵਿਚ ਥੋੜੇ ਸਮੇਂ ਲਈ ਤਕਨੀਕੀ ਦਿੱਕਤ ਆ ਗਈ ਸੀ ਜਦਕਿ ਫ਼ਰੀਦਕੋਟ ਦੇ ਬੂਥ ਨੰਬਰ 105 ’ਤੇ ਇੱਕ ਬੀਐੱਲਓ ਦੀ ਸਿਹਤ ਵਿਗੜ ਗਈ। ਦਸੂਹਾ ਵਿਚ ਪ੍ਰੀਜ਼ਾਈਡਿੰਗ ਅਫ਼ਸਰ ਗੁਰਚਰਨ ਸਿੰਘ ਦੀ ਗਰਮੀ ਕਾਰਨ ਸਿਹਤ ਵਿਗੜ ਗਈ ਅਤੇ ਉਸ ਦੀ ਥਾਂ ’ਤੇ ਨਵਾਂ ਪ੍ਰੀਜ਼ਾਈਡਿੰਗ ਅਫ਼ਸਰ ਲਗਾਉਣਾ ਪਿਆ। ਰਾਮਾਂ ਮੰਡੀ ਦੇ ਇੱਕ ਬੂਥ ’ਤੇ ਇੱਕ ਮਹਿਲਾ ਵੋਟਰ ਗਰਮੀ ਕਾਰਨ ਬੇਹੋਸ਼ ਹੋ ਕੇ ਡਿੱਗ ਪਈ। ਇਸ ਤੋਂ ਇਲਾਵਾ ਗੁਰਦਾਸਪੁਰ ਸ਼ਹਿਰ ਦੇ ਟੈਗੋਰ ਮੈਮੋਰੀਅਲ ਸਕੂਲ ਵਿਚ ਬਾਹਰਲੇ ਵਿਅਕਤੀਆਂ ਨੂੰ ਪੋਲਿੰਗ ਬੂਥ ’ਚੋਂ ਬਾਹਰ ਕੱਢੇ ਜਾਣ ਨੂੰ ਲੈ ਕੇ ‘ਆਪ’ ਅਤੇ ਕਾਂਗਰਸੀ ਵਰਕਰ ਆਹਮੋ-ਸਾਹਮਣੇ ਆ ਗਏ। ਇਸ ਮੌਕੇ ਕਾਂਗਰਸੀ ਵਿਧਾਇਕ ਵਰਿੰਦਰਮੀਤ ਸਿੰਘ ਪਾਹੜਾ ਅਤੇ ‘ਆਪ’ ਆਗੂ ਤੇ ਚੇਅਰਮੈਨ ਰਮਨ ਬਹਿਲ ਵਿਚ ਵੀ ਬਹਿਸ ਹੋਈ। ਸ਼੍ਰੋਮਣੀ ਅਕਾਲੀ ਦਲ ਅਤੇ ਭਾਜਪਾ ਵੱਖੋ-ਵੱਖਰੇ ਚੋਣਾਂ ਲੜ ਰਹੇ ਹਨ ਜਦੋਂ ਕਿ ‘ਇੰਡੀਆ ਗੱਠਜੋੜ’ ਦੇ ਪ੍ਰਮੁੱਖ ਭਾਈਵਾਲ ਕਾਂਗਰਸ ਅਤੇ ‘ਆਪ’ ਵੀ ਅਲੱਗ-ਅਲੱਗ ਚੋਣਾਂ ਵਿਚ ਉਤਰੇ ਹੋਏ ਹਨ। ਇਸ ਵਾਰ ਦਲਬਦਲੂ ਉਮੀਦਵਾਰਾਂ ਦੇ ਸਾਹ ਵੀ ਸੁੱਕਣੇ ਪਏ ਹੋਏ ਹਨ। ਬਠਿੰਡਾ ਹਲਕਾ ਵੱਕਾਰੀ ਹੈ ਜਿੱਥੇ ਹਰਸਿਮਰਤ ਕੌਰ ਬਾਦਲ ਚੌਥੀ ਵਾਰ ਕਿਸਮਤ ਆਜ਼ਮਾ ਰਹੀ ਹੈ ਜਦੋਂ ਕਿ ਉਨ੍ਹਾਂ ਨੂੰ ‘ਆਪ’ ਉਮੀਦਵਾਰ ਗੁਰਮੀਤ ਸਿੰਘ ਖੁੱਡੀਆਂ ਟੱਕਰ ਦੇ ਰਹੇ ਹਨ। ਸੰਗਰੂਰ ਹਲਕਾ ਮੁੱਖ ਮੰਤਰੀ ਲਈ ਇੱਜ਼ਤ ਦਾ ਸੁਆਲ ਹੈ। ਪ੍ਰਮੁੱਖ ਉਮੀਦਵਾਰਾਂ ਵਿਚ ਪੰਜ ਵਜ਼ੀਰ ਕੁਲਦੀਪ ਸਿੰਘ ਧਾਲੀਵਾਲ, ਲਾਲਜੀਤ ਸਿੰਘ ਭੁੱਲਰ, ਡਾ. ਬਲਬੀਰ ਸਿੰਘ, ਗੁਰਮੀਤ ਸਿੰਘ ਮੀਤ ਹੇਅਰ, ਗੁਰਮੀਤ ਸਿੰਘ ਖੁੱਡੀਆਂ ਤੋਂ ਇਲਾਵਾ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ, ਹਰਸਿਮਰਤ ਕੌਰ ਬਾਦਲ, ਬਸਪਾ ਪ੍ਰਧਾਨ ਜਸਵੀਰ ਸਿੰਘ ਗੜ੍ਹੀ, ਸਿਮਰਨਜੀਤ ਸਿੰਘ ਮਾਨ, ਅਮਰਿੰਦਰ ਸਿੰਘ ਰਾਜਾ ਵੜਿੰਗ, ਰਵਨੀਤ ਬਿੱਟੂ, ਸੁਖਪਾਲ ਸਿੰਘ ਖਹਿਰਾ, ਸੁਖਜਿੰਦਰ ਸਿੰਘ ਰੰਧਾਵਾ, ਪ੍ਰਨੀਤ ਕੌਰ ਆਦਿ ਸ਼ਾਮਲ ਹਨ। ਅਸਾਮ ਦੀ ਡਿਬਰੂਗੜ੍ਹ ਜੇਲ੍ਹ ਵਿਚ ਬੰਦ ਅੰਮ੍ਰਿਤਪਾਲ ਸਿੰਘ ਆਜ਼ਾਦ ਉਮੀਦਵਾਰ ਵਜੋਂ ਹਲਕਾ ਖਡੂਰ ਸਾਹਿਬ ਤੋਂ ਚੋਣ ਮੈਦਾਨ ਵਿਚ ਹਨ। ਇਸ ਦੇ ਨਾਲ ਫ਼ਰੀਦਕੋਟ ਹਲਕੇ ਤੋਂ ਆਜ਼ਾਦ ਉਮੀਦਵਾਰ ਸਰਬਜੀਤ ਸਿੰਘ ਖ਼ਾਲਸਾ ਦੀ ਕਿਸਮਤ ਵੀ ਈਵੀਐੱਮਜ਼ ਵਿਚ ਬੰਦ ਹੋ ਗਈ ਹੈ। ਪੋਲਿੰਗ ਦੇ ਮੁੱਢਲੇ ਪੜਾਅ ’ਤੇ ਹੀ ਸਿਆਸੀ ਦਿੱਗਜਾਂ ਨੇ ਵੋਟ ਦਾ ਭੁਗਤਾਨ ਕਰਕੇ ਸ਼ੁਰੂਆਤ ਕੀਤੀ। ਮੁੱਖ ਮੰਤਰੀ ਭਗਵੰਤ ਮਾਨ ਅਤੇ ਉਨ੍ਹਾਂ ਦੀ ਪਤਨੀ ਡਾ. ਗੁਰਪ੍ਰੀਤ ਕੌਰ ਨੇ ਪਿੰਡ ਮੰਗਵਾਲ ਵਿਖੇ ਵੋਟ ਪਾਈ ਜਦੋਂ ਕਿ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਤੇ ਹਰਸਿਮਰਤ ਕੌਰ ਬਾਦਲ ਨੇ ਪਰਿਵਾਰ ਸਮੇਤ ਪਿੰਡ ਬਾਦਲ ਵਿਖੇ ਵੋਟ ਪਾਈ। ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਤੇ ਉਨ੍ਹਾਂ ਦੀ ਪਤਨੀ ਅੰਮ੍ਰਿਤਾ ਵੜਿੰਗ ਨੇ ਮੁਕਤਸਰ ਅਤੇ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਨੇ ਵੀ ਆਪਣੇ ਜੱਦੀ ਪਿੰਡ ਤਲਾਣੀਆ ਵਿਖੇ ਵੋਟ ਪਾਈ। ਸੀਨੀਅਰ ਨੇਤਾ ਸੁਖਦੇਵ ਸਿੰਘ ਢੀਂਡਸਾ ਨੇ ਵੀ ਪਰਿਵਾਰ ਸਮੇਤ ਵੋਟ ਭੁਗਤਾਈ।

Advertisement

ਵੋਟਿੰਗ ’ਚ ਬਠਿੰਡਾ ਦੀ ਚੌਥੀ ਵਾਰ ਝੰਡੀ

ਬਠਿੰਡਾ ਵਿੱਚ ਕਤਾਰ ਵਿੱਚ ਖੜ੍ਹੇ ਲੋਕ ਵੋਟ ਪਰਚੀਆਂ ਦਿਖਾਉਂਦੇ ਹੋਏ। -ਫੋਟੋ: ਪਵਨ ਸ਼ਰਮਾ

ਬਠਿੰਡਾ ਸੰਸਦੀ ਹਲਕੇ ਨੇ ਪੰਜਾਬ ਭਰ ’ਚੋਂ ਵੋਟ ਫ਼ੀਸਦ ਵਿਚ ਲਗਾਤਾਰ ਚੌਥੀ ਵਾਰ ਝੰਡੀ ਲਈ ਹੈ। ਬਠਿੰਡਾ ਹਲਕੇ ਵਿਚ ਸਭ ਤੋਂ ਵਧ 67.97 ਫ਼ੀਸਦੀ ਵੋਟਿੰਗ ਹੋਈ ਹੈ। ਬਠਿੰਡਾ ਜਦੋਂ ਤੋਂ ਸਾਲ 2009 ਵਿਚ ਜਨਰਲ ਹੋਇਆ ਹੈ, ਉਸ ਸਮੇਂ ਤੋਂ ਇਹ ਪੋਲਿੰਗ ਵਿਚ ਨੰਬਰ ਇਕ ਬਣਨਾ ਸ਼ੁਰੂ ਹੋ ਗਿਆ ਹੈ। ਸਾਲ 2009 ਦੀ ਚੋਣ ਵਿਚ ਬਠਿੰਡਾ ਹਲਕੇ 78.4 ਫ਼ੀਸਦੀ ਪੋਲਿੰਗ ਨਾਲ ਪਹਿਲੇ ਨੰਬਰ ’ਤੇ ਰਿਹਾ ਸੀ। ਸਾਲ 2014 ਦੀਆਂ ਚੋਣਾਂ ਵਿਚ ਇਹ ਹਲਕਾ 77.2 ਫ਼ੀਸਦੀ ਵੋਟਾਂ ਨਾਲ ਸਿਖਰ ’ਤੇ ਰਿਹਾ ਸੀ। ਇਸੇ ਤਰ੍ਹਾਂ 2019 ਦੀਆਂ ਚੋਣਾਂ ਵਿਚ 76.4 ਫ਼ੀਸਦੀ ਵੋਟਾਂ ਪਈਆਂ ਸਨ। ਇਸ ਤੋਂ ਪਹਿਲਾਂ ਪੋਲਿੰਗ ’ਚ ਫ਼ਰੀਦਕੋਟ ਹਲਕਾ ਸੂਬੇ ਭਰ ’ਚੋਂ ਸਾਲ 2004, 1999, 1998 ਅਤੇ 1996 ਵਿਚ ਝੰਡੀ ਲਈ ਸੀ।

ਕਈ ਪਿੰਡਾਂ ਵੱਲੋਂ ਚੋਣਾਂ ਦਾ ਬਾਈਕਾਟ

ਪੰਜਾਬ ਦੇ ਕਈ ਪਿੰਡਾਂ ਨੇ ਚੋਣਾਂ ਦਾ ਬਾਈਕਾਟ ਕੀਤਾ। ਫ਼ਤਿਹਗੜ੍ਹ ਸਾਹਿਬ ਹਲਕੇ ਦੇ ਤਿੰਨ ਪਿੰਡਾਂ ਮੁਸ਼ਕਾਬਾਦ, ਟੱਪਰੀਆ ਅਤੇ ਖੀਰਨੀਆ ਦੇ ਲੋਕਾਂ ਨੇ ਇੱਕ ਬਾਇਓ ਗੈਸ ਪਲਾਂਟ ਦੇ ਪ੍ਰਦੂਸ਼ਣ ਨੂੰ ਲੈ ਕੇ ਵੋਟਾਂ ਦਾ ਬਾਈਕਾਟ ਕੀਤਾ। ਇਨ੍ਹਾਂ ਲੋਕਾਂ ਨੂੰ ਮਨਾਉਣ ਦੀ ਖੰਨਾ ਪੁਲੀਸ ਦੀ ਐੱਸਐੱਸਪੀ ਅਵਨੀਤ ਨੇ ਕੋਸ਼ਿਸ਼ ਕੀਤੀ। ਅਜਨਾਲਾ ਦੇ ਪਿੰਡ ਲੱਖੂਵਾਲ ਦੇ ਲੋਕਾਂ ਨੇ ਰੋਸ ਵਜੋਂ ਚੋਣਾਂ ਦਾ ਬਾਈਕਾਟ ਕਰ ਦਿੱਤਾ। ਪਿੰਡ ਦੇ ‘ਆਪ’ ਵਰਕਰ ਦੀ ਸ਼ੁੱਕਰਵਾਰ ਨੂੰ ਹੱਤਿਆ ਹੋ ਗਈ ਸੀ। ਪਿੰਡ ਦੇ ਸਾਬਕਾ ਸਰਪੰਚ ਜਗਤਾਰ ਸਿੰਘ ਨੇ ਦੱਸਿਆ ਕਿ ਇੱਕ ਵੀ ਵੋਟ ਨਹੀਂ ਪਾਈ ਜਾਵੇਗੀ। ਇਸੇ ਤਰ੍ਹਾਂ ਮਾਨਸਾ ਦੇ ਪਿੰਡ ਅਹਿਮਦਪੁਰ ਦੇ ਲੋਕਾਂ ਨੇ ਦੋਹਰੇ ਕਤਲ ਦੇ ਮਾਮਲੇ ’ਚ ਇਨਸਾਫ਼ ਨਾ ਮਿਲਣ ਕਰਕੇ ਵੋਟਾਂ ਦਾ ਬਾਈਕਾਟ ਕੀਤਾ ਅਤੇ ਇੱਥੇ ਸਿਰਫ਼ 82 ਵੋਟਾਂ ਦਾ ਹੀ ਭੁਗਤਾਨ ਹੋਇਆ।

ਕਈ ਉਮੀਦਵਾਰ ਆਪਣੇ ਆਪ ਨੂੰ ਵੋਟ ਨਾ ਪਾ ਸਕੇ

ਚੋਣਾਂ ਵਿੱਚ ਕੁੱਦੇ ਬਹੁਤੇ ਉਮੀਦਵਾਰ ਆਪਣੇ ਆਪ ਨੂੰ ਵੋਟ ਨਹੀਂ ਪਾ ਸਕੇ। ਫ਼ਰੀਦਕੋਟ ਹਲਕੇ ਤੋਂ ਹੰਸਰਾਜ ਹੰਸ ਅਤੇ ਕਰਮਜੀਤ ਅਨਮੋਲ ਦੀ ਵੋਟ ਕ੍ਰਮਵਾਰ ਜਲੰਧਰ ਤੇ ਆਨੰਦਪੁਰ ਸਾਹਿਬ ਹਲਕੇ ਵਿਚ ਹੈ। ਆਪਣੇ ਆਪ ਨੂੰ ਵੋਟ ਨਾ ਪਾ ਸਕਣ ਵਾਲਿਆਂ ਵਿਚ ਸਾਬਕਾ ਮੁੱਖ ਮੰਤਰੀ ਚਰਨਜੀਤ ਚੰਨੀ, ਅਮਰਿੰਦਰ ਸਿੰਘ ਰਾਜਾ ਵੜਿੰਗ, ਸਿਮਰਨਜੀਤ ਸਿੰਘ ਮਾਨ, ਸੁਖਪਾਲ ਸਿੰਘ ਖਹਿਰਾ ਅਤੇ ਵਿਜੈ ਇੰਦਰ ਸਿੰਗਲਾ ਆਦਿ ਦੇ ਨਾਮ ਸ਼ਾਮਲ ਹਨ। ਇਨ੍ਹਾਂ ਉਮੀਦਵਾਰਾਂ ਨੇ ਆਪੋ ਆਪਣੀ ਰਿਹਾਇਸ਼ ਵਾਲੇ ਪੋਲਿੰਗ ਸਟੇਸ਼ਨਾਂ ’ਤੇ ਵੋਟ ਪਾਈ।

Advertisement
Author Image

sukhwinder singh

View all posts

Advertisement