ਯਾਗੀ ਤੂਫ਼ਾਨ ਕਾਰਨ 500 ਤੋਂ ਵੱਧ ਮੌਤਾਂ
ਬੈਂਕਾਕ, 17 ਸਤੰਬਰ
ਮਿਆਂਮਾਰ ਵਿੱਚ ਪਿਛਲੇ ਹਫ਼ਤੇ ਆਏ ਤੂਫ਼ਾਨ ‘ਯਾਗੀ’ ਅਤੇ ਮੌਨਸੂਨੀ ਮੀਂਹ ਕਾਰਨ ਹੜ੍ਹ ਤੇ ਜ਼ਮੀਨ ਖਿਸਕਣ ਦੀਆਂ ਘਟਨਾਵਾਂ ਵਿੱਚ ਘੱਟੋ-ਘੱਟ 226 ਮੌਤਾਂ ਹੋ ਚੁੱਕੀਆਂ ਹਨ, ਜਦਕਿ 77 ਲੋਕ ਲਾਪਤਾ ਹਨ। ਇਸੇ ਦੌਰਾਨ ਭਾਰਤ ਨੇ ਿਮਆਂਮਾਰ ਨੂੰ 32 ਟਨ ਰਾਹਤ ਸਮੱਗਰੀ ਭੇਜੀ ਹੈ। ਨਵੇਂ ਅੰਕੜਿਆਂ ਮੁਤਾਬਕ ਦੱਖਣ-ਪੂਰਬ ਏਸ਼ੀਆ ਵਿੱਚ ਤੂਫਾਨ ਕਾਰਨ ਮਰਨ ਵਾਲਿਆਂ ਦੀ ਗਿਣਤੀ 500 ਤੋਂ ਵੱਧ ਗਈ ਹੈ। ਮੌਤਾਂ ਦੀ ਗਿਣਤ ਵਧ ਸਕਦੀ ਹੈ ਕਿਉਂਕਿ ਘਰੇਲੂ ਜੰਗ ਤੋਂ ਪੀੜਤ ਦੇਸ਼ ਵਿੱਚ ਸੰਚਾਰ ਦਿੱਕਤਾਂ ਦੇ ਮੱਦੇਨਜ਼ਰ ਮ੍ਰਿਤਕਾਂ ਦੀ ਗਿਣਤੀ ਪਤਾ ਲਾਉਣ ਦਾ ਕੰਮ ਸੁਸਤ ਰਫ਼ਤਾਰ ਨਾਲ ਚੱਲ ਰਿਹਾ ਹੈ। ਫੌਜ ਵੱਲੋਂ 2021 ਵਿੱਚ ਰਾਜਪਲਟਾ ਕਰ ਕੇ ਆਂਗ ਸਾਨ ਸੂ ਕੀ ਦੀ ਚੁਣੀ ਹੋਈ ਸਰਕਾਰ ਤੋਂ ਸੱਤਾ ਖੋਹ ਲਈ। ਮਿਆਂਮਾਰ ਉਦੋਂ ਤੋਂ ਘਰੇਲੂ ਜੰਗ ਨਾਲ ਜੂਝ ਰਿਹਾ ਹੈ। ਆਜ਼ਾਦ ਵਿਸ਼ਲੇਸ਼ਕਾਂ ਦਾ ਮੰਨਣਾ ਹੈ ਕਿ ਸੱਤਾਧਾਰੀ ਫੌਜ ਦਾ ਦੇਸ਼ ਦੇ ਅੱਧੇ ਤੋਂ ਵੀ ਘੱਟ ਹਿੱਸੇ ’ਤੇ ਕਬਜ਼ਾ ਹੈ। ਆਸਿਆਨ ਕੋਆਰਡੀਨੇਟਿੰਗ ਸੈਂਟਰ ਫਾਰ ਹਿਊਮਨਿਟੇਰੀਅਨ ਅਸਿਸਟੈਂਸ ਮੁਤਾਬਕ ਤੂਫ਼ਾਨ ‘ਯਾਗੀ’ ਨੇ ਸਭ ਤੋਂ ਪਹਿਲਾਂ ਵੀਅਤਨਾਮ, ਉੱਤਰੀ ਥਾਈਲੈਂਡ ਅਤੇ ਲਾਓਸ ਨੂੰ ਪ੍ਰਭਾਵਿਤ ਕੀਤਾ ਸੀ। ਵੀਅਤਨਾਮ ਵਿੱਚ ਲਗਪਗ 300, ਥਾਈਲੈਂਡ ਵਿੱਚ 42 ਅਤੇ ਲਾਓਸ ਵਿੱਚ ਚਾਰ ਮੌਤਾਂ ਹੋਈਆਂ ਹਨ। ਸੈਂਟਰ ਨੇ ਕਿਹਾ ਕਿ ਫਿਲਪੀਨਜ਼ ਵਿੱਚ 21 ਲੋਕ ਮਾਰੇ ਗਏ, ਜਦੋਂਕਿ 26 ਲਾਪਤਾ ਹਨ। -ਏਪੀ