ਉਮਰ ਪੁਗਾ ਚੁੱਕੇ ਚਾਰ ਸੌ ਤੋਂ ਵੱਧ ਵਾਹਨ ਜ਼ਬਤ
ਪੱਤਰ ਪ੍ਰੇਰਕ
ਨਵੀਂ ਦਿੱਲੀ, 14 ਅਕਤੂਬਰ
ਦਿੱਲੀ ਦੇ ਟਰਾਂਸਪੋਰਟ ਵਿਭਾਗ ਨੇ ਸਰਦੀਆਂ ਤੋਂ ਪਹਿਲਾਂ ਪ੍ਰਦੂਸ਼ਣ ਨੂੰ ਰੋਕਣ ਲਈ 400 ਤੋਂ ਵੱਧ ਉਨ੍ਹਾਂ ਗੱਡੀਆਂ ਨੂੰ ਜ਼ਬਤ ਕੀਤਾ ਹੈ ਜੋ ਉਮਰ ਪੁਗਾ ਚੁੱਕੀਆਂ ਹਨ। ਇਹ ਕਦਮ ਉਦੋਂ ਪੁੱਟਿਆ ਗਿਆ ਹੈ ਜਦੋਂ ਹਰਿਆਣਾ, ਪੰਜਾਬ ਅਤੇ ਯੂਪੀ ਦੇ ਕੁਝ ਹਿੱਸਿਆਂ ਵਿੱਚ ਪਰਾਲੀ ਸਾੜਨ ਨਾਲ ਰਾਜਧਾਨੀ ਦੇ ਵਾਸੀਆਂ ਨੂੰ ਸਾਹ ਲੈਣਾ ਔਖਾ ਹੋ ਗਿਆ। ਦਿੱਲੀ ਦੀਆਂ ਸੜਕਾਂ ਤੋਂ ਪੁਰਾਣੀਆਂ ਗੱਡੀਆਂ ਨੂੰ ਹਟਾਉਣ ਲਈ, ਟਰਾਂਸਪੋਰਟ ਵਿਭਾਗ ਨੇ ਟਰੈਫਿਕ ਪੁਲੀਸ ਤੋਂ ਵਾਧੂ ਸਹਾਇਤਾ ਦੀ ਮੰਗ ਕੀਤੀ ਹੈ। ਇੱਕ ਅਧਿਕਾਰੀ ਨੇ ਕਿਹਾ ਕਿ ਵਿਭਾਗ ਨੇ ਵੇਲਾ ਵਹਾ ਚੁੱਕੀਆਂ ਗੱਡੀਆਂ ਨੂੰ ਜ਼ਬਤ ਕਰਨ ਅਤੇ ਉਨ੍ਹਾਂ ਨੂੰ ਕਬਾੜ ਬਣਾਉਣ ਦੇ ਉਦੇਸ਼ ਲਈ ਐੱਮਸੀਡੀ ਜ਼ੋਨਾਂ ਦੇ ਅਨੁਸਾਰ 12 ਰਜਿਸਟਰਡ ਵਹੀਕਲ ਸਕ੍ਰੈਪਿੰਗ ਫੈਸਿਲਿਟੀਜ਼ (ਆਰਵੀਐੱਸਐੱਫ) ਨਾਲ ਸਾਂਝੇਦਾਰੀ ਕੀਤੀ ਹੈ। ਕਰਮਚਾਰੀਆਂ ਦੀ ਘਾਟ ਕਾਰਨ ਵਿਭਾਗ ਨੇ ਟਰੈਫਿਕ ਪੁਲੀਸ ਨੂੰ ਟਰਾਂਸਪੋਰਟ ਵਿਭਾਗ ਦੇ ਇਨਫੋਰਸਮੈਂਟ ਡਿਵੀਜ਼ਨ ਦੇ ਨਾਲ ਕੰਮ ਕਰਨ ਲਈ ਪ੍ਰਤੀ ਐੱਮਸੀਡੀ ਜ਼ੋਨ ਲਈ ਚਾਰ ਟੀਮਾਂ ਅਲਾਟ ਕਰਨ ਅਤੇ ਅਗਲੇਰੀ ਕਾਰਵਾਈ ਲਈ ਮਨੋਨੀਤ ਅਮਲੇ ਨੂੰ ਵਾਹਨਾਂ ਨੂੰ ਜ਼ਬਤ ਕਰਨ ਦੀ ਸਹੂਲਤ ਦੇਣ ਲਈ ਵੀ ਕਿਹਾ ਹੈ। ਟਰਾਂਸਪੋਰਟ ਵਿਭਾਗ ਦੀਆਂ 26 ਟੀਮਾਂ ਸੜਕਾਂ ’ਤੇ ਹਨ ਤੇ ਹਰ ਇੱਕ ਵਿੱਚ ਚਾਰ ਅਧਿਕਾਰੀ ਸ਼ਾਮਲ ਹਨ। ਇਹ ਟੀਮਾਂ ਸ਼ਹਿਰ ਵਿੱਚ ਲਗਪਗ 1,20,000 ਓਵਰਏਜ ਗੱਡੀਆਂ ਨੂੰ ਨਿਸ਼ਾਨਾ ਬਣਾ ਰਹੀਆਂ ਹਨ।
ਟੀਮਾਂ ਦੀ ਨਜ਼ਰ ਗੈਰ-ਰਜਿਸਟਰਡ ਈ-ਰਿਕਸ਼ਾ ਦੇ ਨਾਲ-ਨਾਲ ਵੈਧ ਫਿਟਨੈਸ ਸਰਟੀਫਿਕੇਟਾਂ ਦੀ ਘਾਟ ਵਾਲੇ ਵਾਹਨ ਚਾਲਕਾਂ, ਮਾਲਕਾਂ ਉੱਪਰ ਹੈ। ਕਾਰਵਾਈ ਸ਼ੁਰੂ ਕਰਨ ਦੇ ਦੋ ਦਿਨਾਂ ਦੇ ਅੰਦਰ ਵਿਭਾਗ ਨੇ ਕਾਰਾਂ, ਆਟੋ-ਰਿਕਸ਼ਾ ਅਤੇ ਦੋਪਹੀਆ ਵਾਹਨਾਂ ਸਣੇ 400 ਤੋਂ ਵੱਧ ਵਾਹਨ ਜ਼ਬਤ ਕੀਤੇ ਹਨ। ਪਿਛਲੇ ਸਾਲ ਮਾਰਚ ਤੋਂ ਦਿੱਲੀ ਨਗਰ ਨਿਗਮ (ਐੱਮਸੀਡੀ) ਅਜਿਹੇ ਵਾਹਨਾਂ ਨੂੰ ਜ਼ਬਤ ਕਰ ਰਹੀ ਹੈ।