ਥਾਨੇਸਰ ਹਲਕੇ ’ਚ ਜਲਦੀ ਸ਼ੁਰੂ ਹੋਣਗੇ 27 ਤੋਂ ਵੱਧ ਵੱਡੇ ਪ੍ਰਾਜੈਕਟ: ਸੁਭਾਸ਼ ਸੁਧਾ
ਸਤਨਾਮ ਸਿੰਘ
ਸ਼ਾਹਬਾਦ ਮਾਰਕੰਡਾ, 9 ਜਨਵਰੀ
ਮੁੱਖ ਮੰਤਰੀ ਨਾਇਬ ਸਿੰਘ ਸੈਣੀ ਥਾਨੇਸਰ ਵਿਧਾਨ ਸਭਾ ਹਲਕੇ ਦੇ ਲੋਕਾਂ ਨੂੰ 27 ਵੱਡੀਆਂ ਯੋਜਨਾਵਾਂ ਦਾ ਤੋਹਫਾ ਦੇਣਗੇ। ਇਨ੍ਹਾਂ ’ਤੇ ਸੌ ਕਰੋੜ ਰੁਪਏ ਦਾ ਬਜਟ ਖਰਚ ਕੀਤਾ ਜਾਵੇਗਾ। ਇਨਾਂ ਪ੍ਰਾਜੈਕਟਾਂ ਰਾਹੀਂ ਲੋਕਾਂ ਨੂੰ ਸਿੱਖਿਆ, ਖੇਡਾਂ, ਸਿਹਤ, ਜਿਮ ਦੀਆਂ ਮੁਢਲੀਆ ਸਹੂਲਤਾਂ, ਪਾਰਕਾਂ ਮਿਲਣਗੀਆਂ। ਇਹ ਜਾਣਕਾਰੀ ਸਾਬਕਾ ਰਾਜ ਮੰਤਰੀ ਸੁਭਾਸ਼ ਸੁਧਾ ਨੇ ਵਰਕਰਾਂ ਨਾਲ ਗੱਲਬਾਤ ਕਰਦਿਆਂ ਦਿੱਤੀ। ਉਨ੍ਹਾਂ ਕਿਹਾ ਕਿ ਉਹ ਇਨ੍ਹਾਂ ਪ੍ਰਾਜੈਕਟਾਂ ਨੂੰ ਸ਼ੁਰੂ ਕਰਨ ਲਈ ਮੁੱਖ ਮੰਤਰੀ ਨੂੰ ਮਿਲ ਚੁੱਕੇ ਹਨ। ਉਨ੍ਹਾਂ ਕਿਹਾ ਕਿ ਕੁਰੂਕਸ਼ੇਤਰ ਵਿਚ 33 ਕਰੋੜ 15 ਲੱਖ ਦੀ ਲਾਗਤ ਨਾਲ ਬਣ ਰਹੇ ਨਰਸਿੰਗ ਕਾਲਜ ਦਾ ਕੰਮ 84 ਫ਼ੀਸਦੀ ਮੁਕੰਮਲ ਹੋ ਚੁੱਕਿਆ ਹੈ ਤੇ ਬਾਕੀ ਉਸਾਰੀ ਕਾਰਜ ਜਲਦੀ ਪੂਰਾ ਹੋ ਜਾਵੇਗਾ। ਉਨ੍ਹਾਂ ਦੱਸਿਆ ਕਿ ਪਿੰਡ ਅਮੀਨ ਵਿੱਚ 8 ਏਕੜ ਵਿਚ ਬਣ ਰਹੇ ਪਾਰਕ ਦਾ ਕੰਮ 90 ਫ਼ੀਸਦੀ ਪੂਰਾ ਹੋ ਚੁੱਕਿਆ ਹੈ। ਪਿੰਡ ਸੁਨੇੜੀ ਖਾਲਸਾ ਵਿੱਚ 35 ਲੱਖ ਦੀ ਲਾਗਤ ਨਾਲ ਬਣ ਰਹੇ ਉਪ ਸਿਹਤ ਕੇਂਦਰ ਦੀ ਉਸਾਰੀ ਦਾ ਕੰਮ ਜਲਦ ਸ਼ੁਰੂ ਹੋਵੇਗਾ। ਇਸ ਤਰ੍ਹਾਂ ਉਨ੍ਹਾਂ ਪਿੰਡ ਜੋਗਨਾ ਖੇੜਾ ਵਿੱਚ 45.40 ਲੱਖ ਰੁਪਏ ਦੀ ਲਾਗਤ ਨਾਲ ਪਾਰਕ ਤੇ ਜਿਮਨੇਜੀਅਮ, ਮਿਰਜਾਪੁਰ ਵਿੱਚ 33 ਲੱਖ ਰੁਪਏ ਦੀ ਲਾਗਤ ਨਾਲ ਹਰਿਆਣਾ ਕਲਾ ਪ੍ਰੀਸ਼ਦ ਦੇ ਅਹਾਤੇ, 10 ਕਰੋੜ 50 ਲੱਖ ਦੀ ਲਾਗਤ ਨਾਲ ਆਰਾਮ ਘਰ, 7 ਕਰੋੜ 41 ਲੱਖ ਦੀ ਲਾਗਤ ਨਾਲ ਝੀਲ ਦੇ ਸੁੰਦਰੀਕਰਨ ਤੇ ਪਸ਼ੂ ਪਾਲਣ ,ਵਿਗਿਆਨ ਕਾਲਜ ਦੇ ਨਿਰਮਾਣ ਕਾਰਜ ਨੂੰ ਜਲਦੀ ਪੂਰਾ ਕਰਨ ਦਾ ਭਰੋਸਾ ਦਿੱਤਾ। ਉਨਾਂ ਕਿਹਾ ਕਿ ਸਿੱਖ ਅਜਾਇਬ ਘਰ ਦਾ ਪ੍ਰਾਜੈਕਟ ਵੀ ਛੇਤੀ ਸ਼ੁਰੂ ਕੀਤਾ ਜਾਵੇਗਾ।