ਦਿੱਲੀ ਵਿੱਚ 1300 ਕਿੱਲੋ ਤੋਂ ਵੱਧ ਗੈਰਕਾਨੂੰਨੀ ਪਟਾਕੇ ਜ਼ਬਤ; 3 ਗ੍ਰਿਫ਼ਤਾਰ
ਨਵੀਂ ਦਿੱਲੀ, 13 ਅਕਤੂਬਰ
ਦਿੱਲੀ ਪੁਲੀਸ ਨੇ ਰਾਜਧਾਨੀ ਦੇ ਕਈ ਖੇਤਰਾਂ ਤੋਂ 1,300 ਕਿਲੋ ਤੋਂ ਵੱਧ ਗੈਰ-ਕਾਨੂੰਨੀ ਪਟਾਕੇ ਰੱਖਣ ਦੇ ਦੋਸ਼ ਹੇਠ ਤਿੰਨ ਜਣਿਆਂ ਨੂੰ ਗ੍ਰਿਫਤਾਰ ਕੀਤਾ ਹੈ। ਮੁਲਜ਼ਮਾਂ ਦੀ ਪਛਾਣ ਮਨੋਜ ਕੁਮਾਰ, ਸੰਜੈ ਅਤਰੀ ਅਤੇ ਵਿਪਨ ਕੁਮਾਰ ਵਜੋਂ ਹੋਈ ਹੈ। ਅਧਿਕਾਰੀਆਂ ਨੇ ਕਿਹਾ ਕਿ ਮਨੋਜ ਕੁਮਾਰ ਪਹਿਲਾਂ ਵੀ ਗੈਰਕਾਨੂੰਨੀ ਢੰਗ ਨਾਲ ਪਟਾਕੇ ਰੱਖਦਾ ਆ ਰਿਹਾ ਸੀ। ਪੁਲੀਸ ਦੇ ਡਿਪਟੀ ਕਮਿਸ਼ਨਰ ਸਤੀਸ਼ ਕੁਮਾਰ ਨੇ ਦੱਸਿਆ ਕਿ ਪੁਲੀਸ ਨੇ ਦੋ ਗੋਦਾਮਾਂ ਤੋਂ ਕੁੱਲ 1,323 ਕਿਲੋ ਪਾਬੰਦੀਸ਼ੁਦਾ ਪਟਾਕੇ ਜ਼ਬਤ ਕੀਤੇ ਗਏ ਹਨ। ਦੋਵਾਂ ਗੋਦਾਮਾਂ ਦੇ ਮਾਲਕ ਅਤੇ ਪਟਾਕੇ ਸਪਲਾਈ ਕਰਨ ਵਾਲੇ ਡਰਾਈਵਰ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਗੁਪਤ ਸੂਚਨਾ ’ਤੇ ਕਾਰਵਾਈ ਕਰਦਿਆਂ ਪੁਲੀਸ ਨੇ ਬੀਤੇ ਦਿਨੀਂ ਬਾਹਰੀ ਦਿੱਲੀ ਦੇ ਬਾਪਰੋਲਾ ਪਿੰਡ ’ਚ ਛਾਪਾ ਮਾਰ ਕੇ ਗੈਰ-ਕਾਨੂੰਨੀ ਪਟਾਕਿਆਂ ਨੂੰ ਜ਼ਬਤ ਕੀਤਾ ਸੀ। ਪੁਲੀਸ ਅਨੁਸਾਰ ਮਨੋਜ ਕੁਮਾਰ ਅਤੇ ਡਰਾਈਵਰ ਸੰਜੈ ਅਤਰੀ ਨੂੰ ਪਹਿਲਾਂ ਕਾਬੂ ਕੀਤਾ ਗਿਆ। ਦੋਵਾਂ ਨੇ ਪੁੱਛਗਿੱਛ ਦੌਰਾਨ ਖੁਲਾਸਾ ਕੀਤਾ ਕਿ ਉਹ ਪ੍ਰੇਮ ਨਗਰ ਅਤੇ ਕਿਰਾੜੀ ਖੇਤਰਾਂ ਵਿੱਚ ਪਟਾਕੇ ਸਪਲਾਈ ਕਰਦੇ ਸਨ।