ਹਾਕੀ ਇੰਡੀਆ ਲੀਗ ਨਿਲਾਮੀ ’ਚ 1000 ਤੋਂ ਵੱਧ ਖਿਡਾਰੀਆਂ ’ਤੇ ਲੱਗੇਗੀ ਬੋਲੀ
ਨਵੀਂ ਦਿੱਲੀ, 10 ਅਕਤੂਬਰ
ਹਾਕੀ ਇੰਡੀਆ ਲੀਗ ਲਈ 13 ਤੋਂ 15 ਅਕਤੂਬਰ ਨੂੰ ਇੱਥੇ ਹੋਣ ਵਾਲੀ ਖਿਡਾਰੀਆਂ ਦੀ ਨਿਲਾਮੀ ਵਿੱਚ 1000 ਤੋਂ ਵੱਧ ਭਾਰਤੀ ਅਤੇ ਵਿਦੇਸ਼ੀ ਖਿਡਾਰੀਆਂ ’ਤੇ ਬੋਲੀ ਲੱਗੇਗੀ। ਇਹ ਲੀਗ ਸੱਤ ਸਾਲ ਬਾਅਦ ਵਾਪਸੀ ਕਰ ਰਹੀ ਹੈ, ਜਿਸ ਵਿੱਚ ਪਹਿਲੀ ਵਾਰ ਪੁਰਸ਼ਾਂ ਦੇ ਨਾਲ ਮਹਿਲਾਵਾਂ ਦੀ ਲੀਗ ਵੀ ਖੇਡੀ ਜਾਵੇਗੀ। ਹਾਕੀ ਇੰਡੀਆ ਨੇ ਇੱਥੇ ਜਾਰੀ ਬਿਆਨ ਵਿੱਚ ਕਿਹਾ ਕਿ ਪੁਰਸ਼ ਵਰਗ ਵਿੱਚ ਅੱਠ ਟੀਮਾਂ ਦੇ ਮੁਕਾਬਲੇ ਲਈ ਨਿਲਾਮੀ 13 ਅਤੇ 14 ਅਕਤੂਬਰ ਨੂੰ ਹੋਵੇਗੀ, ਜਦਕਿ ਮਹਿਲਾ ਲੀਗ ਲਈ 15 ਅਕਤੂਰ ਨੂੰ ਨਿਲਾਮੀ ਹੋਵੇਗੀ। ਬਿਆਨ ਅਨੁਸਾਰ, ‘ਇਸ ਨਿਲਾਮੀ ਜ਼ਰੀਏ ਵਿਸ਼ਵ ਦੇ ਸਭ ਤੋਂ ਰੁਮਾਂਚਿਕ ਹਾਕੀ ਮੁਕਾਬਲਿਆਂ ਵਿੱਚੋਂ ਇੱਕ ਹਾਕੀ ਇੰਡੀਆ ਲੀਗ ਹੀ ਬਹਾਲ ਨਹੀਂ ਹੋ ਰਹੀ, ਬਲਕਿ ਭਾਰਤ ਵਿੱਚ ਮਹਿਲਾ ਹਾਕੀ ਨੂੰ ਹੁਲਾਰਾ ਦੇਣ ਦੀ ਦਿਸ਼ਾ ’ਚ ਵੀ ਇਹ ਵੱਡਾ ਕਦਮ ਹੈ।’ ਦੋਵੇਂ ਨਿਲਾਮੀਆਂ ਲਈ 1000 ਤੋਂ ਵੱਧ ਖਿਡਾਰੀਆਂ ਨੇ ਰਜਿਸਟ੍ਰੇਸ਼ਨ ਕਰਵਾਈ ਹੈ। ਪੁਰਸ਼ ਵਰਗ ਵਿੱਚ 400 ਤੋਂ ਵੱਧ ਰਜਿਸਟਰਡ ਖਿਡਾਰੀ ਭਾਰਤੀ ਹਨ, ਜਦਕਿ 150 ਤੋਂ ਵੱਧ ਕੌਮਾਂਤਰੀ ਖਿਡਾਰੀ ਹਨ। ਮਹਿਲਾ ਵਰਗ ਵਿੱਚ 250 ਭਾਰਤੀ ਅਤੇ 70 ਵਿਦੇਸ਼ੀ ਖਿਡਾਰਨਾਂ ਹਨ। ਖਿਡਾਰੀਆਂ ਨੂੰ ਤਿੰਨ ਬੇਸਪ੍ਰਾਈਜ਼ ਵਰਗ ਦੋ ਲੱਖ, ਪੰਜ ਲੱਖ ਅਤੇ ਦਸ ਲੱਖ ਰੁਪਏ ’ਚ ਰੱਖਿਆ ਗਿਆ ਹੈ। ਪੁਰਸ਼ ਵਰਗ ਵਿੱਚ ਭਾਰਤ ਦੀ ਓਲੰਪਿਕ ਕਾਂਸੀ ਦਾ ਤਗ਼ਮਾ ਜੇਤੂ ਟੀਮ ਦੇ ਮੈਂਬਰ ਕਪਤਾਨ ਹਰਮਨਪ੍ਰੀਤ ਸਿੰਘ, ਉਪ ਕਪਤਾਨ ਹਾਰਦਿਕ ਸਿੰਘ, ਮਨਪ੍ਰੀਤ ਸਿੰਘ ਅਤੇ ਮਨਦੀਪ ਸਿੰਘ ਤੋਂ ਇਲਾਵਾ ਰੁਪਿੰਦਰ ਪਾਲ ਸਿੰਘ, ਬਰਿੰਦਰ ਲਾਕੜਾ, ਧਰਮਵੀਰ ਸਿੰਘ ਨੇ ਵੀ ਆਪਣੇ ਨਾਮ ਦਿੱਤੇ ਹਨ। ਮਹਿਲਾ ਵਰਗ ਵਿੱਚ ਗੋਲਕੀਪਰ ਸਵਿਤਾ, ਕਪਤਾਨ ਸਲੀਮਾ ਟੇਟੇ, ਦੀਪਿਕਾ, ਵੰਦਨਾ ਕਟਾਰੀਆ, ਲਾਲਰੇਮਿਸਯਾਮੀ ਤੋਂ ਇਲਾਵਾ ਸਾਬਕਾ ਖਿਡਾਰਨ ਯੋਗਿਤਾ ਬਾਲੀ, ਲਿਲਿਮਾ ਮਿੰਜ, ਨਮਿਤਾ ਟੋਪੋ ਨੇ ਨਾਮ ਦਰਜ ਕਰਵਾਇਆ ਹੈ। ਕੌਮਾਂਤਰੀ ਖਿਡਾਰਨਾਂ ਵਿੱਚ ਡੇਲਫਿਨਾ, ਚਾਰਲੋਟ, ਮਾਰੀਆ, ਰਸ਼ੇਲ ਲਿੰਚ ਸ਼ਾਮਲ ਹਨ।
ਹਰ ਟੀਮ ਵਿੱਚ ਹੋਣਗੇ 24 ਖਿਡਾਰੀ
ਹਰ ਟੀਮ ਵਿੱਚ 24 ਖਿਡਾਰੀ ਹੋਣਗੇ, ਜਿਨ੍ਹਾਂ ਵਿੱਚੋਂ 16 ਭਾਰਤੀ (ਘੱਟੋ-ਘੱਟ ਚਾਰ ਜੂਨੀਅਰ ਲਾਜ਼ਮੀ) ਅਤੇ ਅੱਠ ਵਿਦੇਸ਼ੀ ਹੋਣਗੇ। ਲੀਗ 28 ਦਸੰਬਰ ਨੂੰ ਉੜੀਸਾ ਦੇ ਰਾਊਰਕੇਲਾ ਵਿੱਚ ਸ਼ੁਰੂ ਹੋਵੇਗੀ। ਮਹਿਲਾ ਲੀਗ ਦਾ ਫਾਈਨਲ 26 ਜਨਵਰੀ ਨੂੰ ਰਾਂਚੀ ’ਚ ਅਤੇ ਪੁਰਸ਼ ਫਾਈਨਲ ਇੱਕ ਫਰਵਰੀ ਨੂੰ ਰਾਊਰਕੇਲਾ ਵਿੱਚ ਹੋਵੇਗਾ। -ਪੀਟੀਆਈ