ਨੌਸ਼ਿਹਰਾ ਪੱਤਣ ਦੇ 100 ਤੋਂ ਵੱਧ ਵੋਟਰ ਵੋਟ ਦੇ ਹੱਕ ਤੋਂ ਵਾਂਝੇ
ਜਗਜੀਤ ਸਿੰਘ
ਮੁਕੇਰੀਆਂ, 15 ਅਕਤੂਬਰ
ਅੱਜ ਪੰਚਾਇਤੀ ਚੋਣਾ ਦੌਰਾਨ ਪਿੰਡ ਨੌਸ਼ਿਹਰਾ ਪੱਤਣ ਦੇ ਬੂਥ ਨੰਬਰ 52 ਅਤੇ 53 ਤੋਂ 100 ਤੋਂ ਵੱਧ ਵੋਟਰਾਂ ਦੀਆਂ ਵੋਟਾਂ ਪਾਉਣ ਤੋ ਰੋਕ ਦੇਣ ਦੇ ਖਿਲਾਫ਼ ਵੋਟਰਾਂ ਨੇ ਚੋਣ ਕਮਿਸ਼ਨ ਸਮੇਤ ਅਦਾਲਤੀ ਦਰਵਾਜ਼ਾ ਖੜਕਾਉਣ ਦੀ ਚਿਤਾਵਨੀ ਦਿੱਤੀ ਹੈ। ਇਸ ਮਾਮਲੇ ਵਿੱਚ ਪੀੜਤਾਂ ਨੇ ਸੱਤਾਧਾਰੀ ਪਾਰਟੀ ਦੇ ਇੱਕ ਵਿਧਾਇਕ ਖਿਲਾਫ਼ ਦੋਸ਼ ਲਾਏ। ਦੱਸਣਯੋਗ ਹੈ ਕਿ ਇੱਕ ਸਿਆਸੀ ਆਗੂ ਨੇ ਪਿੰਡ ਦੇ ਇਕੱਠ ਵਿੱਚ ਚੋਣਾਂ ਦੌਰਾਨ ਵਾਅਦਾ ਕੀਤਾ ਸੀ ਕਿ ਪਿੰਡ ਦੀ ਸੀਟ ਜਨਰਲ ਬਣਾਈ ਰੱਖਣ ਲਈ ਉਨ੍ਹਾਂ ਨੇ ਜ਼ਿਲ੍ਹੇ ਦੇ ਪ੍ਰਸ਼ਾਸਨਿਕ ਅਧਿਕਾਰੀ ਅਤੇ ਸੱਤਾਧਾਰੀ ਪਾਰਟੀ ਦੇ ਨੇੜਲੇ ਹਲਕੇ ਦੇ ਵਿਧਾਇਕ ਦੀ ਮਦਦ ਲਈ ਹੈ।
ਅੱਜ ਜਦੋਂ ਵੋਟਾਂ ਪੈਣ ਲੱਗੀਆਂ ਤਾਂ ਚੋਣ ਅਮਲੇ ਵਲੋਂ ਵੋਟਰਾਂ ਕੋਲ ਅਧਿਕਾਰਤ ਵੋਟਰ ਕਾਰਡ ਅਤੇ ਆਨਲਾਈਨ ਕੀਤੀ ਵੋਟਰ ਲਿਸਟ ਵਿੱਚ ਨਾਮ ਹੋਣ ਦੇ ਬਾਵਜੂਦ ਵੋਟਾਂ ਪਾਉਣ ਤੋਂ ਰੋਕ ਦਿੱਤਾ ਗਿਆ ਜਿਸ ਦਾ ਲੋਕਾਂ ਵਲੋਂ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ ਗਿਆ ਕਿਉਂਕਿ ਅਜਿਹਾ ਪਹਿਲੀ ਵਾਰ ਹੋਇਆ ਹੈ ਕਿ ਆਖਰੀ ਸੁਧਾਈ ਵਾਲੀ 1-4-2024 ਵਾਲੀ ਲਿਸਟ ਵਿੱਚ ਵੋਟਰਾਂ ਦਾ ਨਾਮ ਹੋਣ ਦੇ ਬਾਵਜੂਦ ਉਨ੍ਹਾਂ ਨੂੰ ਵੋਟਾਂ ਪਾਉਣ ਤੋਂ ਰੋਕ ਦਿੱਤਾ ਗਿਆ।
ਪਿੰਡ ਨੌਸ਼ਿਹਰਾ ਪੱਤਣ ਦੇ ਵਸਨੀਕ ਰਣਜੀਤ ਸਿੰਘ, ਕੁਲਵਿੰਦਰ ਕੌਰ, ਦਵਿੰਦਰ ਸਿੰਘ, ਰਤਨ ਸਿੰਘ, ਕਸ਼ਮੀਰ ਕੌਰ, ਗੁਰਪਿੰਦਰ ਸਿੰਘ, ਅੰਮ੍ਰਿਤਾ ਕੌਰ, ਰਾਜਵੀਰ ਸਿੰਘ, ਗੁਰਦੀਪ ਸਿੰਘ, ਜਸਵਿੰਦਰ ਸਿੰਘ, ਪ੍ਰੀਤੀ, ਮੋਹਿਨੀ, ਬੀਨਾ ਦੇਵੀ, ਕਰਨਵੀਰ ਸਿੰਘ, ਕੁਲਦੀਪ ਕੌਰ, ਜਗਤਾਰ ਸਿੰਘ ਧਾਮੀ ਅਤੇ ਮਨਜੋਤ ਸਿੰਘ ਨੇ ਦੱਸਿਆ ਕਿ ਉਹ ਪੰਚਾਇਤੀ ਚੋਣਾਂ ਵਿੱਚ ਵੋਟ ਪਾਉਣ ਆਏ ਸਨ, ਪਰ ਉਨ੍ਹਾਂ ਕੋਵਲ ਵੋਟਰ ਕਾਰਡ ਅਤੇ ਲਿਸਟ ਵਿੱਚ ਦਰਜ ਕ੍ਰਮ ਨੰਬਰ ਹੋਣ ਦੇ ਬਾਵਜੂਦ ਉਨ੍ਹਾਂ ਨੂੰ ਵੋਟ ਨਹੀਂ ਪਾਉਣ ਦਿੱਤੀ ਗਈ। ਅਮਲੇ ਦਾ ਤਰਕ ਸੀ ਕਿ ਉਨ੍ਹਾਂ ਕੋਲ ਮੌਜੂਦ ਲਿਸਟ ਵਿੱਚ ਸਬੰਧਿਤ ਵੋਟਰਾਂ ਦਾ ਨਾਮ ਦਰਜ ਨਹੀਂ ਹੈ ਜਦੋਂ ਕਿ ਚੋਣ ਕਮਿਸ਼ਨ ਵਲੋਂ ਆਖਰੀ 1-4-2024 ਵਾਲੀ ਸੁਧਾਈ ਉਪਰੰਤ ਆਨਲਾਈਨ ਜਾਰੀ ਕੀਤੀ ਲਿਸਟ ਵਿੱਚ ਉਨ੍ਹਾਂ ਦੀਆਂ ਵੋਟਾਂ ਦਰਜ ਸਨ।
ਜਦੋਂ ਇਸ ਸਬੰਧੀ ਤਹਿਸੀਲ ਦਫ਼ਤਰ ਨਾਲ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਸਪੱਸ਼ਟ ਕੀਤਾ ਕਿ ਲਿਸਟ ਵਿੱਚ ਦਰਜ ਵੋਟਾਂ ਪਾਉਣ ਤੋਂ ਰੋਕੀਆਂ ਨਹੀਂ ਜਾ ਸਕਦੀਆਂ, ਪਰ ਆਖਰੀ ਚਾਰ ਵਜੇ ਤੱਕ ਇਹ ਮਾਮਲਾ ਨਿਪਟਾਉਣ ਲਈ ਕੋਈ ਨਹੀਂ ਬਹੁੜਿਆ।
ਕੀ ਕਹਿਣਾ ਹੈ ਡੀਸੀ ਦਾ਼
ਡੀਸੀ ਹੁਸ਼ਿਆਰਪੁਰ ਕੋਮਲ ਮਿੱਤਲ ਨੇ ਮੰਨਿਆ ਕਿ ਆਖਰੀ ਸੁਧਾਈ ਵਾਲੀ ਲਿਸਟ ਅਨੁਸਾਰ ਹੀ ਵੋਟਾਂ ਪੁਆਈਆਂ ਜਾਣੀਆਂ ਹਨ ਅਤੇ ਸੁਧਾਈ ਵਾਲੀ ਲਿਸਟ ਹੀ ਚੋਣ ਅਮਲੇ ਨੂੰ ਦਿੱਤੀ ਗਈ ਹੈ। ਹੇਠਲੇ ਅਧਿਕਾਰੀਆਂ ਨੂੰ ਹਦਾਇਤ ਕਰਕੇ ਰੋਕੀਆਂ ਵੋਟਾਂ ਪਾਉਣ ਲਈ ਆਖਣਗੇ ਪਰ ਅਖੀਰ ਤੱਕ ਇਹ ਵੋਟਾਂ ਨਹੀਂ ਪੁਆਈਆਂ ਗਈਆਂ। ਤਹਿਸੀਲਦਾਰ ਅਸ਼ਵਨੀ ਔਲ ਨੇ ਮਾਮਲੇ ਦੇ ਹੱਲ ਲਈ ਰਿਟਰਨਿੰਗ ਅਫਸਰ ਨੂੰ ਭੇਜਣ ਦਾ ਦਾਅਵਾ ਕੀਤਾ, ਪਰ ਪਿੰਡ ਕੋਈ ਨਾ ਬਹੁੜਿਆ।