For the best experience, open
https://m.punjabitribuneonline.com
on your mobile browser.
Advertisement

ਗਾਜ਼ਾ ਵਿੱਚ ਵੱਧ ਤੋਂ ਵੱਧ ਰਾਹਤ ਸਮੱਗਰੀ ਭੇਜੇ ਜਾਣ ਦੀ ਲੋੜ: ਗੁਟੇਰੇਜ਼

06:57 AM Mar 25, 2024 IST
ਗਾਜ਼ਾ ਵਿੱਚ ਵੱਧ ਤੋਂ ਵੱਧ ਰਾਹਤ ਸਮੱਗਰੀ ਭੇਜੇ ਜਾਣ ਦੀ ਲੋੜ  ਗੁਟੇਰੇਜ਼
ਅੰਤੋਨੀਓ ਗੁਟੇਰੇਜ਼ ਅਲ ਅਰਿਸ਼ ਹਵਾਈ ਅੱਡੇ ’ਤੇ ਲੋਕਾਂ ਨਾਲ ਗੱਲਬਾਤ ਕਰਦੇ ਹੋਏ। -ਫੋਟੋ: ਰਾਇਟਰਜ਼
Advertisement

ਰਾਫ਼ਾਹ ਕ੍ਰਾਸਿੰਗ, 24 ਮਾਰਚ
ਸੰਯੁਕਤ ਰਾਸ਼ਟਰ ਦੇ ਸਕੱਤਰ ਜਨਰਲ ਅੰਤੋਨੀਓ ਗੁਟੇਰੇਜ਼ ਨੇ ਗਾਜ਼ਾ ਜਾਣ ਦੀ ਉਡੀਕ ਕਰ ਰਹੇ ਟਰੱਕਾਂ ਦੀ ਲੰਮੀ ਕਤਾਰ ਨੇੜੇ ਖੜ੍ਹੇ ਹੋ ਕੇ ਕਿਹਾ ਕਿ ਇਹ ਗਾਜ਼ਾ ਨੂੰ ਵੱਧ ਤੋਂ ਵੱਧ ਜੀਵਨ ਰੱਖਿਅਕ ਸਹਾਇਤਾ ਦੇਣ ਦਾ ਸਮਾਂ ਹੈ। ਉਨ੍ਹਾਂ ਇਜ਼ਰਾਈਲ ਅਤੇ ਹਮਾਸ ਵਿਚਕਾਰ ਫੌਰੀ ਜੰਗਬੰਦੀ ਦੀ ਅਪੀਲ ਕੀਤੀ। ਗੁਟੇਰੇਜ਼ ਨੇ ਗਾਜ਼ਾ ਦੇ ਰਾਫ਼ਾਹ ਸ਼ਹਿਰ ਨੇੜੇ ਮਿਸਰ ਦੀ ਸਰਹੱਦ ’ਚ ਇਹ ਗੱਲ ਆਖੀ। ਇਜ਼ਰਾਈਲ, ਰਾਫ਼ਾਹ ’ਚ ਜ਼ਮੀਨੀ ਹਮਲਾ ਕਰਨ ਦੀ ਯੋਜਨਾ ਬਣਾ ਰਿਹਾ ਹੈ ਜਿਥੇ ਗਾਜ਼ਾ ਦੀ ਅੱਧੀ ਤੋਂ ਜ਼ਿਆਦਾ ਆਬਾਦੀ ਨੇ ਪਨਾਹ ਲੈ ਰੱਖੀ ਹੈ। ਗੁਟੇਰੇਜ਼ ਨੇ ਕਿਹਾ ਕਿ ਹਮਲਾ ਹਾਲਾਤ ਨੂੰ ਹੋਰ ਬਦਤਰ ਬਣਾ ਸਕਦਾ ਹੈ। ਉਨ੍ਹਾਂ ਸੰਯੁਕਤ ਰਾਸ਼ਟਰ ਸਲਾਮਤੀ ਕੌਂਸਲ ’ਚ ਫੌਰੀ ਗੋਲੀਬੰਦੀ ਲਈ ਅਮਰੀਕਾ ਵੱਲੋਂ ਲਿਆਂਦੇ ਮਤੇ ’ਤੇ ਸਹਿਮਤੀ ਨਾ ਬਣਨ ਦੇ ਇਕ ਦਿਨ ਬਾਅਦ ਇਹ ਬਿਆਨ ਦਿੱਤਾ ਹੈ। ਉਨ੍ਹਾਂ ਕਿਹਾ,‘‘ਅਸੀਂ ਬੇਬੱਸ ਹਾਂ। ਸਰਹੱਦ ਦੇ ਇਕ ਪਾਸੇ ਰੁਕੇ ਹੋਏ ਟਰੱਕਾਂ ਦੀ ਲੰਮੀ ਕਤਾਰ ਹੈ ਅਤੇ ਦੂਜੇ ਪਾਸੇ ਭੁੱਖਮਰੀ ਦਾ ਪਰਛਾਵਾਂ ਹੈ।’’ ਮਿਸਰ ਦੇ ਉੱਤਰੀ ਸਿਨਾਈ ਪ੍ਰਾਂਤ ਦੇ ਗਵਰਨਰ ਅਬਦੇਲ ਫਾਦਿਲ ਸ਼ੌਸ਼ਾ ਨੇ ਇਕ ਬਿਆਨ ’ਚ ਕਿਹਾ ਕਿ ਕਰੀਬ ਸੱਤ ਹਜ਼ਾਰ ਟਰੱਕ ਮਿਸਰ ਤੋਂ ਗਾਜ਼ਾ ’ਚ ਦਾਖ਼ਲ ਹੋਣ ਦੀ ਉਡੀਕ ਕਰ ਰਹੇ ਹਨ। ਗੁਟੇਰੇਜ਼ ਨੇ ਕਿਹਾ ਕਿ ਰਮਜ਼ਾਨ ਨੂੰ ਦੇਖਦਿਆਂ ਸਾਰੇ ਬੰਦੀਆਂ ਨੂੰ ਫੌਰੀ ਛੱਡਿਆ ਜਾਣਾ ਚਾਹੀਦਾ ਹੈ। ਗੁਟੇਰੇਜ਼ ਦੀਆਂ ਟਿੱਪਣੀਆਂ ਬਾਰੇ ਪੁੱਛੇ ਜਾਣ ’ਤੇ ਇਜ਼ਰਾਇਲੀ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਦੇ ਦਫ਼ਤਰ ਨੇ ਵਿਦੇਸ਼ ਮੰਤਰੀ ਇਜ਼ਰਾਈਲ ਕਾਟਜ਼ ਦੀ ਸੋਸ਼ਲ ਮੀਡੀਆ ਪੋਸਟ ਦਾ ਹਵਾਲਾ ਦਿੱਤਾ ਜਿਸ ’ਚ ਸੰਯੁਕਤ ਰਾਸ਼ਟਰ ਮੁਖੀ ’ਤੇ ਆਲਮੀ ਜਥੇਬੰਦੀ ਨੂੰ ਯਹੂਦੀ ਅਤੇ ਇਜ਼ਰਾਈਲ ਵਿਰੋਧੀ ਬਣਾਉਣ ’ਚ ਅਹਿਮ ਭੂਮਿਕਾ ਨਿਭਾਉਣ ਦਾ ਦੋਸ਼ ਲਾਇਆ ਗਿਆ। -ਏਪੀ

Advertisement

Advertisement
Author Image

sukhwinder singh

View all posts

Advertisement
Advertisement
×