ਸਟੱਡੀ ਸਰਕਲ ਵੱਲੋਂ ਵਿਦਿਆਰਥੀਆਂ ਦਾ ਨੈਤਿਕ ਸਿੱਖਿਆ ਇਮਤਿਹਾਨ
ਨਿੱਜੀ ਪੱਤਰ ਪ੍ਰੇਰਕ
ਸੰਗਰੂਰ, 25 ਅਕਤੂਬਰ
ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਵੱਲੋਂ ਨੈਤਿਕ ਕਦਰਾਂ ਕੀਮਤਾਂ ਨੂੰ ਪ੍ਰਫੁੱਲਿਤ ਕਰਨ ਦੇ ਉਦੇਸ਼ ਹਿਤ ਕਾਲਜ ਵਿਦਿਆਰਥੀਆਂ ਦਾ ਨੈਤਿਕ ਸਿੱਖਿਆ ਇਮਤਿਹਾਨ ਕਰਵਾਇਆ ਗਿਆ। ਸੁਰਿੰਦਰ ਪਾਲ ਸਿੰਘ ਸਿਦਕੀ ਜ਼ੋਨਲ ਕੋਆਰਡੀਨੇਟਰ ਅਤੇ ਕੁਲਵੰਤ ਸਿੰਘ ਨਾਗਰੀ ਜ਼ੋਨਲ ਸਕੱਤਰ ਨੇ ਦੱਸਿਆ ਕਿ ਸੰਗਰੂਰ-ਬਰਨਾਲਾ, ਮਾਲੇਰਕੋਟਲਾ ਜ਼ੋਨ ਦੇ ਅਧੀਨ ਪਹਿਲੇਪੜਾਅ ਵਿੱਚ ਸੰਗਰੂਰ ਦੇ ਅਕਾਲ ਕਾਲਜ ਫਾਰ ਵਿਮੈਨ, ਹੋਰ ਵੱਖ ਵੱਖ ਕਾਲਜਾਂ ਤੋਂ ਬਿਨਾਂ ਜ਼ਿਲ੍ਹਾ ਉਦਯੋਗਿਕ ਸਿੱਖਿਆ ਸੰਸਥਾਨ ਅਤੇ ਲਾਈਫ ਗਾਰਡ ਇੰਸਟੀਚਿਊਟ ਕਲੌਦੀ ਵਿੱਚ ਪ੍ਰੀਖਿਆ ਕੇਂਦਰ ਬਣਾਏ ਗਏ।
ਡਿਪਟੀ ਚੀਫ ਆਰਗੇਨਾਈਜ਼ਰ ਲਾਭ ਸਿੰਘ, ਡਿਪਟੀ ਡਾਇਰੈਕਟਰ ਅਜਮੇਰ ਸਿੰਘ, ਵਿੱਤ ਸਕੱਤਰ ਗੁਰਮੇਲ ਸਿੰਘ, ਗੁਰਮੀਤ ਸਿੰਘ, ਅਵਤਾਰ ਸਿੰਘ ਲੀਲਾ ਬਰਨਾਲਾ, ਪ੍ਰੋ. ਹਰਵਿੰਦਰ ਕੌਰ, ਐਡੀਸ਼ਨਲ ਜ਼ੋਨਲ ਸਕੱਤਰ ਇਸਤਰੀ ਕੌਂਸਲ ਅਮਨਦੀਪ ਕੌਰ ਦੀ ਨਿਗਰਾਨੀ ਵਿੱਚ ਇਮਤਿਹਾਨ ਹੋਏ। ਜ਼ੋਨਲ ਕੋਆਰਡੀਨੇਟਰ ਨੇ ਦੱਸਿਆ ਕਿ ਇਸ ਇਮਤਿਹਾਨ ਵਿੱਚੋਂ ਜ਼ੋਨ ਦੇ ਪਹਿਲੇ ਪੰਜ ਸਥਾਨਾਂ ਦੇ ਜੇਤੂ ਵਿਦਿਆਰਥੀਆਂ ਨੂੰ ਨਗਦ ਇਨਾਮ ਦਿੱਤੇ ਜਾਣਗੇ।